ਤਾਜਾ ਖਬਰਾਂ
.
ਲੁਧਿਆਣਾਃ 28 ਜਨਵਰੀ: ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਕਮੇਟੀ ਰੂਮ ,ਪੰਜਾਬੀ ਭਵਨ ਲੁਧਿਆਣਾ ਵਿਖੇ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਕੀਤੀ। ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ.ਗੁਰਇਕਬਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਸੁਰਜੀਤ ਸਿੰਘ ਲਾਂਬੜਾ ਦੀ ਕਾਵਿ ਪੁਸਤਕ “ਦਿਲ ਤਰੰਗ “ਲੋਕ ਅਰਪਣ ਕੀਤੀ !
ਪੁਸਤਕ ਦੀਆਂ ਰਚਨਾਵਾਂ ਬਾਰੇ ਵਿਚਾਰ ਪ੍ਰਗਟ ਕਰਦਿਆਂ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੁਰਜੀਤ ਸਿੰਘ ਲਾਂਬੜਾ ਸਰੋਦੀ ਕਵੀ ਹੈ। ਗੀਤ ਉਸਦੀ ਰੂਹ ਦੀ ਖੁਰਾਕ ਹਨ। ਧਾਰਮਿਕ ਰਹਿਤਲ ਤੋਂ ਲੈ ਕੇ ਸਮਾਜਿਕ, ਸੱਭਿਆਚਾਰਕ ਤੇ ਕੁਦਰਤ ਉਸਦੀਆਂ ਰਚਨਾਵਾਂ ਵਿਚ ਮਿਲਦੇ ਹਨ।ਇਸ ਦੀ ਰਚਨਾ ਨਿੱਜ ਤੋਂ ਸੰਸਾਰ ਦੀ ਯਾਤਰਾ ਕਰਵਾਉਂਦੀ ਹੈ।
ਡਾ. ਗੁਰਇਕਬਾਲ ਸਿੰਘ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਕਿਤਾਬ ਦੀ ਖੂਬਸੂਰਤੀ ਇਹ ਹੈ ਕਿ ਕਵੀ ਨੇ ਕ੍ਰਿਤ ਤੇ ਮਨੁੱਖਤਾ ਦੇ ਧਰਮ ਦੇ ਸਿਧਾਂਤ ਨੂੰ, ਖਿੱਤੇ ਦੀ ਰਹਿਤਲ, ਸੱਭਿਆਚਾਰ ਅਤੇ ਸਮੇਂ ਦੀਆਂ ਘਟਨਾਵਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਪਰੋਇਆ ਹੈ। ਡਾ. ਸੁਰਜੀਤ ਸਿੰਘ ਦੌਧਰ ਨੇ ਕਿਹਾ ਕਿ ਲੇਖਕ ਨੇ ਕਿਤਾਬ ਲਿਖਦਿਆਂ ਚੰਗੇ ਅਧਿਆਪਕ ਦੀ ਸੋਚ ਨੂੰ ਅੱਗੇ ਰੱਖਦਿਆਂ ਆਪਣੀ ਕਲਮ ਨੂੰ ਹਲ਼ ਵਾਂਗ ਵਰਤ ਕੇ ਸੁੱਚੀ ਤੇ ਉੱਚੀ ਕ੍ਰਿਤ ਦਾ ਸੁਨੇਹਾ ਦਿੰਦਿਆਂ ਵਿਲੱਖਣ ਰੰਗ ਪੇਸ਼ ਕੀਤੇ ਹਨ।ਡਾ. ਪਰਮਜੀਤ ਸਿੰਘ ਸੋਹਲ ਨੇ ਕਿਹਾ ਕਿ ਲਾਂਬੜਾ ਨੇ ਗੁਰੁ ਨਾਨਕ ਦੇਵ ਜੀ ਬਾਰੇ ਰਚਨਾ ਤੋਂ ਸ਼ੁਰੂ ਕਰਕੇ ਸਮਾਜਿਕ ਅਤੇ ਸੱਭਿਆਚਾਰਕ ਵਿਿਸ਼ਆਂ ਤੇ ਖੂਬਸੂਰਤੀ ਨਾਲ਼ ਆਪਣੀ ਸੰਵੇਦਨਾ ਨੂੰ ਬਾਖੂਬੀ ਪ੍ਰਗਟ ਕੀਤਾ ਹੈ। ਇਸ ਸਾਲ ਦੇ ਕੌਮੀ ਅਧਿਆਪਕ ਪੁਰਸਕਾਰ ਵਿਜੇਤਾ ਅੰਮ੍ਰਿਤਪਾਲ ਸਿੰਘ ਪਾਲੀ ਖਾਦਿਮ ਨੇ ਕਿਹਾ ਕਿ ਇਹ ਪੁਸਤਕ ਲੋਕ ਭਾਸ਼ਾ ਵਿੱਚ ਲਿਖੀ ਗੀਤਾਂ ਤੇ ਗਜ਼ਲਾਂ ਦਾ ਖੂਬਸੂਰਤ ਗੁਲਦਸਤਾ ਹੈ।
ਸੁਰਜੀਤ ਸਿੰਘ ਲਾਂਬੜਾ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਕਾਲਜ ਪੜਦਿਆਂ ਉਹਨਾਂ ਨੂੰ ਲਿਖਣ ਦੀ ਚੇਟਕ ਲੱਗੀ ।ਇਸ ਪੁਸਤਕ ਵਿੱਚ ਉਹਨਾਂ ਨੇ ਸਮਾਜ ਵਿੱਚ ਵਾਪਰਦਾ ਜੋ ਕੁਝ ਮਹਿਸੂਸ ਕੀਤਾ ਉਸ ਨੂੰ ਸ਼ਬਦਾਂ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਹੈ।ਉਹਨਾਂ ਆਪਣੇ ਗੀਤ ਗਾ ਕੇ ਸਾਂਝੇ ਕੀਤੇ ਜਿਨ੍ਹਾਂ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ।ਮੰਚ ਸੰਚਾਲਨ ਕਰਦਿਆਂ ਕੌਮੀ ਅਧਿਆਪਕ ਪੁਰਸਕਾਰ ਵਿਜੇਤਾ ਸ.ਕਰਮਜੀਤ ਸਿੰਘ ਗਰੇਵਾਲ ਲਲਤੋਂ ਨੇ ਲਾਂਬੜਾ ਦੀਆਂ ਵਿਲੱਖਣ ਲਿਖਤਾਂ ਦੀ ਭਰਪੂਰ ਪ੍ਰਸੰਸਾ ਕੀਤੀ।
ਇਸ ਮੌਕੇ ਹੋਏ ਕਵੀ ਦਰਬਾਰ ਦੌਰਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ.ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਰਾਜਦੀਪ ਸਿੰਘ ਤੂਰ, ਦੀਪ ਜਗਦੀਪ ਸਿੰਘ ,ਅਮਰਜੀਤ ਸ਼ੇਰਪੁਰੀ, ਹਰਭਿੰਦਰ ਸਿੰਘ, ਪਾਲੀ ਖਾਦਿਮ, ਰਣਜੀਤ ਸਿੰਘ ਹਠੂਰ, ਮਲਕੀਤ ਮਾਲੜਾ,ਹਰਜਿੰਦਰ ਜਵੱਦੀ, ਹਰਵਿੰਦਰ ਸਿੰਘ ਐਸ ਡੀ ਓ, ਕਰਮਜੀਤ ਸਿੰਘ ਗਰੇਵਾਲ, ਸੁਖਬੀਰ ਸਿੰਘ ਸੰਧੇ, ਨੇ ਰਚਨਾਵਾਂ ਸੁਣਾ ਕੇ ਚੰਗਾ ਰੰਗ ਬੰਨਿਆ।
ਇਸ ਮੌਕੇ ਸ.ਹਰਪਾਲ ਸਿੰਘ ਰਿਟਾਇਰਡ ਡਿਪਟੀ ਚੀਫ ਇਲੈਕਟ੍ਰੀਕਲ ਇੰਜੀਨੀਅਰ, ਭਾਰਤੀ ਰੇਲਵੇਜ਼,ਗੁਰਚਰਨ ਕੌਰ ਲਾਂਬੜਾ, ਹਰਮਨਜੋਤ ਸਿੰਘ, ਮਨਦੀਪ ਕੌਰ, ਅਰਮੀਤ ਕੌਰ, ਪ੍ਰਿੰਸੀਪਲ ਸਨੇਹ ਸੈਣੀ, ਕੁਸਮ ਲਤਾ ਨਰੂਲਾ,ਨੈਸ਼ਨਲ ਅਵਾਰਡੀ, ਕੰਵਲ ਨਰੂਲਾ, ਡਾ.ਮਨਜੀਤ ਸਿੰਘ, ਜਸਵੰਤ ਸਿੰਘ ਛਾਪਾ, ਰਘਬੀਰ ਸਿੰਘ ਸੰਧੂ, ਦਰਸ਼ਨ ਕੌਰ, ਗੁਰਚਰਨ ਕੌਰ, ਕੁਲਦੀਪ ਕੌਰ, ਸੁਖਵਿੰਦਰਪਾਲ ਸਿੰਘ, ਹਰਪਾਲ ਸਿੰਘ ਗੁਰੁ, ਭੁਪਿੰਦਰ ਸਿੰਘ ਸੈਣੀ ਆਦਿ ਵੀ ਹਾਜ਼ਰ ਸਨ।
Get all latest content delivered to your email a few times a month.