ਤਾਜਾ ਖਬਰਾਂ
ਨਵੀਂ ਦਿੱਲੀ: ਭਾਰਤ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਦਫਤਰ ਵਿੱਚ ਪੇਸ਼ ਹੋਏ। ਉਨ੍ਹਾਂ ਨੂੰ ਇੱਕ ਵਿਵਾਦਤ ਔਨਲਾਈਨ ਸੱਟੇਬਾਜ਼ੀ ਪਲੇਟਫਾਰਮ '1xBet' ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਸਵੇਰੇ 11 ਵਜੇ ਦੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਪਹੁੰਚੇ ਯੁਵਰਾਜ ਤੋਂ ਈ.ਡੀ. ਅਧਿਕਾਰੀਆਂ ਨੇ ਇਸ ਐਪ ਨਾਲ ਉਨ੍ਹਾਂ ਦੇ ਸੰਭਾਵਿਤ ਸਬੰਧਾਂ ਬਾਰੇ ਸਵਾਲ-ਜਵਾਬ ਕੀਤੇ।
ਕਿਉਂ ਹੋ ਰਹੀ ਹੈ ਜਾਂਚ?
ਈ.ਡੀ. ਦੀ ਜਾਂਚ ਦਾ ਮੁੱਖ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਕੀ ਯੁਵਰਾਜ ਸਿੰਘ ਨੇ ਇਸ ਗੈਰ-ਕਾਨੂੰਨੀ ਐਪ ਦਾ ਪ੍ਰਚਾਰ ਕੀਤਾ ਸੀ ਅਤੇ ਕੀ ਇਸਦੇ ਲਈ ਉਨ੍ਹਾਂ ਨੂੰ ਕੋਈ ਵਿੱਤੀ ਲਾਭ ਹੋਇਆ ਸੀ। ਜਾਂਚ ਏਜੰਸੀ ਇਹ ਵੀ ਜਾਣਨਾ ਚਾਹੁੰਦੀ ਹੈ ਕਿ ਕੰਪਨੀ ਨੇ ਉਨ੍ਹਾਂ ਨਾਲ ਸੰਪਰਕ ਕਿਵੇਂ ਕੀਤਾ ਅਤੇ ਕੀ ਉਹ ਇਸ ਐਪ ਦੇ ਗੈਰ-ਕਾਨੂੰਨੀ ਹੋਣ ਬਾਰੇ ਜਾਣਦੇ ਸਨ। ਈ.ਡੀ. ਨੇ ਉਨ੍ਹਾਂ ਨੂੰ ਇਸ ਸੰਬੰਧ ਵਿੱਚ ਦਸਤਾਵੇਜ਼ ਜਮ੍ਹਾ ਕਰਾਉਣ ਲਈ ਵੀ ਕਿਹਾ ਹੈ।
ਹੋਰ ਕ੍ਰਿਕਟਰ ਵੀ ਜਾਂਚ ਦੇ ਘੇਰੇ ਵਿੱਚ
ਇਸ ਮਾਮਲੇ ਵਿੱਚ ਯੁਵਰਾਜ ਸਿੰਘ ਤੋਂ ਪਹਿਲਾਂ ਵੀ ਕਈ ਨਾਮੀ ਕ੍ਰਿਕਟਰਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਸੁਰੇਸ਼ ਰੈਨਾ, ਸ਼ਿਖਰ ਧਵਨ ਅਤੇ ਰੌਬਿਨ ਉਥੱਪਾ ਸ਼ਾਮਲ ਹਨ। ਈ.ਡੀ. ਅਜਿਹੀਆਂ ਐਪਸ ਖਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ, ਜਿਨ੍ਹਾਂ 'ਤੇ ਵੱਡੇ ਪੱਧਰ 'ਤੇ ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਦੋਸ਼ ਹਨ। ਅਥਾਰਿਟੀਜ਼ ਫਿਲਮੀ ਸਿਤਾਰਿਆਂ ਅਤੇ ਖਿਡਾਰੀਆਂ ਦੁਆਰਾ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ।
1xBet ਕੀ ਹੈ?
'1xBet' ਇੱਕ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ ਹੈ, ਜਿਸ 'ਤੇ ਵੱਡੇ ਪੱਧਰ 'ਤੇ ਪੈਸੇ ਦੀ ਹੇਰਾ-ਫੇਰੀ ਅਤੇ ਟੈਕਸ ਚੋਰੀ ਦੇ ਦੋਸ਼ ਲੱਗੇ ਹਨ। ਈ.ਡੀ. ਦਾ ਮੰਨਣਾ ਹੈ ਕਿ ਅਜਿਹੇ ਪਲੇਟਫਾਰਮ ਨਾ ਸਿਰਫ਼ ਗੈਰ-ਕਾਨੂੰਨੀ ਹਨ, ਬਲਕਿ ਇਹ ਮਨੀ ਲਾਂਡਰਿੰਗ ਲਈ ਵੀ ਵਰਤੇ ਜਾਂਦੇ ਹਨ।
Get all latest content delivered to your email a few times a month.