ਤਾਜਾ ਖਬਰਾਂ
ਇੱਕ ਇਤਿਹਾਸਕ ਪੁਲਾੜ ਮਿਸ਼ਨ ਦੀ ਸਫਲ ਵਾਪਸੀ ਤੋਂ ਬਾਅਦ, ਭਾਰਤੀ ਪੁਲਾੜ ਯਾਤਰੀ ਅਤੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅੱਜ ਨਵੀਂ ਦਿੱਲੀ ਪਹੁੰਚੇ। ਉਨ੍ਹਾਂ ਦੇ ਸ਼ਾਨਦਾਰ ਸਵਾਗਤ ਲਈ ਆਯੋਜਿਤ ਸਮਾਗਮ ਵਿੱਚ ISRO ਦੇ ਮੁਖੀ ਡਾ. ਵੀ. ਨਾਰਾਇਣਨ ਵੀ ਮੌਜੂਦ ਰਹੇ।
ਸ਼ੁਕਲਾ ਨੇ ਆਪਣੇ ਪੁਲਾੜ ਅਨੁਭਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਯਾਤਰਾ ਸਿਰਫ਼ ਉਨ੍ਹਾਂ ਦੀ ਨਿੱਜੀ ਉਪਲਬਧੀ ਨਹੀਂ ਸੀ, ਬਲਕਿ ਪੂਰੇ ਭਾਰਤ ਦੀ ਸਾਂਝੀ ਜਿੱਤ ਸੀ। ਉਨ੍ਹਾਂ ਨੇ ਦੱਸਿਆ ਕਿ “ਧਰਤੀ ਤੋਂ ਵੱਖ ਹੋਣ ਦਾ ਅਨੁਭਵ” ਬੇਮਿਸਾਲ ਸੀ ਅਤੇ ਇਹ ਮੌਕਾ ਮਿਲਣ ’ਤੇ ਉਨ੍ਹਾਂ ਨੂੰ 140 ਕਰੋੜ ਭਾਰਤੀਆਂ ਦੀ ਨੁਮਾਇੰਦਗੀ ਕਰਨ ਦਾ ਮਾਣ ਹੈ।
ਇਸ ਮੌਕੇ ’ਤੇ ਡਾ. ਨਾਰਾਇਣਨ ਨੇ ISRO ਦੀ ਪਿਛਲੇ ਇੱਕ ਦਹਾਕੇ ਦੀ ਤਰੱਕੀ ਉੱਤੇ ਚਾਨਣ ਪਾਉਂਦੇ ਕਿਹਾ ਕਿ 2015 ਤੋਂ 2025 ਦੇ ਵਿਚਕਾਰ ਜਿੰਨੇ ਪੁਲਾੜ ਮਿਸ਼ਨ ਸਫਲਤਾਪੂਰਵਕ ਪੂਰੇ ਕੀਤੇ ਗਏ ਹਨ, ਉਹ 2005–2015 ਦੇ ਮੁਕਾਬਲੇ ਲਗਭਗ ਦੁੱਗਣੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਪੂਰੇ ਹੋਏ ਤਿੰਨ ਮਹੱਤਵਪੂਰਨ ਮਿਸ਼ਨਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਐਕਸੀਓਮ-4 (Axiom-4) ਭਾਰਤ ਲਈ ਖ਼ਾਸ ਮੰਨਿਆ ਗਿਆ।
ਸਮਾਗਮ ਦਾ ਸਭ ਤੋਂ ਭਾਵੁਕ ਪਲ ਉਸ ਵੇਲੇ ਆਇਆ ਜਦੋਂ ਸਾਥੀ ਪੁਲਾੜ ਯਾਤਰੀ ਪ੍ਰਸ਼ਾਂਤ ਨਾਇਰ ਨੇ ਸ਼ੁਕਲਾ ਨਾਲ ਆਪਣੇ ਨਜ਼ਦੀਕੀ ਰਿਸ਼ਤੇ ਨੂੰ ਦਰਸਾਉਂਦੇ ਕਿਹਾ – “ਸ਼ੁਭਾਂਸ਼ੂ ਮੇਰੇ ਲਈ ਰਾਮ ਹੈ ਅਤੇ ਮੈਂ ਉਸਦਾ ਲਛਮਣ ਹਾਂ।” ਇਹ ਪੰਗਤੀ ਪੂਰੇ ਹਾਲ ਨੂੰ ਭਾਵੁਕਤਾ ਨਾਲ ਭਰ ਗਈ ਅਤੇ ਇਸ ਨੇ ਦਰਸਾਇਆ ਕਿ ਭਾਰਤ ਦੇ ਪੁਲਾੜ ਮਿਸ਼ਨ ਸਿਰਫ਼ ਤਕਨਾਲੋਜੀ ਤੱਕ ਸੀਮਿਤ ਨਹੀਂ, ਬਲਕਿ ਟੀਮ ਵਰਕ ਅਤੇ ਮਨੁੱਖੀ ਭਾਵਨਾਵਾਂ ਦੀ ਮਜ਼ਬੂਤ ਨੀਂਹ ’ਤੇ ਵੀ ਖੜੇ ਹਨ।
Get all latest content delivered to your email a few times a month.