ਤਾਜਾ ਖਬਰਾਂ
ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਨਾਹਰਪੁਰ ਅਤੇ ਨਾਰੋਵਾਲੀ ਵਿੱਚ 1.11 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਦੋ ਨਵੀਆਂ ਜਲ ਸਪਲਾਈ ਸਕੀਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਪੌਧੇ ਲਗਾ ਕੇ ਵਾਤਾਵਰਣ ਪ੍ਰਤੀ ਆਪਣੀ ਵਚਨਬੱਧਤਾ ਵੀ ਦਰਸਾਈ।
ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਘਰ ਤੱਕ ਸਾਫ਼ ਪਾਣੀ ਪਹੁੰਚਾ ਰਹੀ ਹੈ। ਨਾਹਰਪੁਰ ਵਿੱਚ 62.36 ਲੱਖ ਰੁਪਏ ਨਾਲ 153 ਘਰਾਂ ਨੂੰ ਪੀਣਯੋਗ ਪਾਣੀ ਦੀ ਸਹੂਲਤ ਦਿੱਤੀ ਗਈ ਹੈ, ਜਿਸ ਵਿੱਚ ਡੂੰਘਾ ਬੋਰ, 25 ਹਜ਼ਾਰ ਲੀਟਰ ਟੈਂਕੀ, ਸੋਲਰ ਪੈਨਲ ਤੇ ਪਾਈਪ ਲਾਈਨ ਸ਼ਾਮਲ ਹਨ। ਇਸਦੇ ਨਾਲ ਹੀ 7.20 ਲੱਖ ਰੁਪਏ ਦੀ ਲਾਗਤ ਨਾਲ 48 ਟਾਇਲਟ ਵੀ ਬਣਾਏ ਗਏ ਹਨ।
ਨਾਰੋਵਾਲੀ ਪਿੰਡ ਵਿੱਚ 48.68 ਲੱਖ ਰੁਪਏ ਦੀ ਲਾਗਤ ਨਾਲ 58 ਘਰਾਂ ਨੂੰ ਜਲ ਸਪਲਾਈ ਮਿਲੀ ਹੈ, ਜਦਕਿ 27 ਟਾਇਲਟ 4.05 ਲੱਖ ਰੁਪਏ ਨਾਲ ਬਣਾਏ ਗਏ ਹਨ।
ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਮੁਫ਼ਤ ਬਿਜਲੀ, ਨੌਕਰੀਆਂ, ਸਿੱਖਿਆ ਤੇ ਸਿਹਤ ਖੇਤਰ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ। ਅਕਤੂਬਰ 2025 ਤੋਂ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਹਲਕੇ ਵਿੱਚ ਹੁਣ ਤੱਕ 13 ਜਲ ਸਪਲਾਈ ਸਕੀਮਾਂ, ਕਮਿਊਨਿਟੀ ਸੈਨੇਟਰੀ ਕੰਪਲੈਕਸ ਤੇ ਹਜ਼ਾਰਾਂ ਟਾਇਲਟ ਬਣੇ ਹਨ। ਉਨ੍ਹਾਂ ਭਰੋਸਾ ਦਵਾਇਆ ਕਿ ਵਿਕਾਸ ਦੇ ਕੰਮ ਅਗੇ ਵੀ ਜਾਰੀ ਰਹਿਣਗੇ।
ਇਸ ਮੌਕੇ ਵਿਭਾਗੀ ਅਧਿਕਾਰੀਆਂ, ਪਿੰਡਾਂ ਦੇ ਸਰਪੰਚਾਂ ਅਤੇ ਇਲਾਕੇ ਦੇ ਮੁਹਤਬਰ ਲੋਕ ਵੀ ਹਾਜ਼ਰ ਸਨ।
Get all latest content delivered to your email a few times a month.