IMG-LOGO
ਹੋਮ ਪੰਜਾਬ: ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ...

ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾ ਕੇ ਆਪਣੀ ਸਰਕਾਰ ਦਾ ਵਾਅਦਾ ਨਿਭਾਇਆ

Admin User - Dec 31, 2020 07:12 PM
IMG

ਚੰਡੀਗੜ੍ਹ, 31 ਦਸੰਬਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ 'ਪੰਜਾਬ ਸਮਾਰਟ ਕੁਨੈਕਟ ਸਕੀਮ' ਦੇ ਪਹਿਲੇ ਪੜਾਅ ਦਾ ਅੰਤ ਕਰਦੇ ਹੋਏ 44,015 ਸਮਾਰਟ ਫੋਨ ਵੰਡ ਕੇ ਆਪਣੀ ਸਰਕਾਰ ਦੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਇਸ ਸਾਲ ਦੇ ਅੰਤ ਤੱਕ 1,74,015 ਸਮਾਰਟ ਫੋਨ ਵੰਡੇ ਜਾਣ ਦੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ।

ਇਸ ਮੌਕੇ ਹੋਏ ਵਰਚੁਅਲ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਨਿਵੇਕਲੀ ਪਹਿਲ ਸਰਕਾਰੀ ਸਕੂਲਾਂ ਵਿੱਚ ਖਾਸ ਕਰਕੇ ਕੋਵਿਡ-19 ਮਹਾਂਮਾਰੀ ਦੌਰਾਨ ਨਿਰਵਿਘਨ ਈ-ਸਿੱਖਿਆ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ 12 ਜਮਾਤ ਦੇ ਵਿਦਿਆਰਥੀਆਂ ਨੂੰ 1,30,000 ਸਮਾਰਟ ਫੋਨ ਵੰਡੇ ਗਏ ਸਨ।

ਮੁੱਖ ਮੰਤਰੀਨੇ ਇਸ ਸਕੀਮ ਦੇ ਐਲਾਨ ਤੋਂ ਬਾਅਦ ਦਾਖਲਾ ਲੈਣ ਵਾਲੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ 1428 ਸਮਾਰਟ ਫੋਨ ਛੇਤੀ ਦੇਣ ਦਾ ਵਾਅਦਾ ਕੀਤਾ ਜਿਸ ਨਾਲ 87.84 ਕਰੋੜ ਰੁਪਏ ਦੀ ਲਾਗਤ ਵਾਲੀ ਸਕੀਮ ਤਹਿਤ ਫੋਨ ਪ੍ਰਾਪਤ ਕਰਨ ਵਾਲੇ 1946 ਸੀਨੀਅਰ ਸੈਕੰਡਰੀ ਸਕੂਲਾਂ ਦੇ 1,75,442 ਵਿਦਿਆਰਥੀ (88059 ਲੜਕੇ ਅਤੇ 87284 ਲੜਕੀਆਂ) ਹੋ ਜਾਣਗੇ।

ਇਸ ਮੌਕੇ ਅੱਜ ਸੂਬੇ ਦੇ 1101 ਸਕੂਲਾਂ ਵਿੱਚ ਵੀ ਨਾਲੋ-ਨਾਲ ਹੋਏ ਸਮਾਰਟ ਫੋਨ ਵੰਡ ਸਮਾਰੋਹਾਂ ਵਿੱਚ ਵੱਖ-ਵੱਖ ਮੰਤਰੀਆਂ, ਵਿਧਾਇਕਾਂ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।

ਸਾਲ 2020 ਨੂੰ ਮਨੁੱਖਤਾ ਲਈ ਅਣਕਿਆਸਿਆ ਅਤੇ ਔਕੜਾਂ ਭਰਿਆ ਵਰ੍ਹਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਪੰਜਾਬ ਅਤੇ ਪੰਜਾਬੀਅਤ ਜੇਤੂ ਹੋ ਕੇ ਉਭਰਨਗੇ। ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪੂਰੀ ਤਨਦੇਹੀ ਨਾਲ ਮਿਹਨਤ ਕਰਨ ਦਾ ਸੱਦਾ ਦਿੱਤਾ ਤਾਂ ਕਿ ਮੁਲਕ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਦੇ ਬਿਹਤਰ ਨਤੀਜੇ ਯਕੀਨੀ ਬਣਾਏ ਜਾ ਸਕਣ।

ਸਮੂਹ ਨਾਗਰਿਕਾਂ ਖਾਸ ਕਰਕੇ ਵਿਦਿਆਰਥੀਆਂ ਨੂੰ ਨਵੇਂ ਵਰ੍ਹੇ ਦੀ ਪੂਰਵ ਸੰਧਿਆ 'ਤੇ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਇਸ ਸਾਲ ਦੇ ਅੰਤ ਤੱਕ ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਪੂਰਾ ਕਰ ਸਕਣ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਅਤੇ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਦੇ ਯੋਗ ਬਣਾਉਣ ਲਈ ਬਿਹਤਰੀਨ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਆਧੁਨਿਕ ਢਾਂਚੇ ਨਾਲ 7842 ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਨੇ ਸੂਬਾ ਭਰ ਵਿੱਚ 16589 ਕਲਾਸਰੂਮ, ਸਮਾਰਟ ਕਲਾਸਰੂਮ ਵਿੱਚ ਤਬਦੀਲ ਕੀਤੇ ਗਏ ਹਨ ਅਤੇ ਚਾਰ ਕਰੋੜ ਰੁਪਏ ਦੀ ਲਾਗਤ 394 ਸਕੂਲਾਂ ਵਿੱਚ 3502 ਟੈਬਲਟ ਵੀ ਮੁਹੱਈਆ ਕਰਵਾਏ ਗਏ ਹਨ।

ਸਾਲ 2017 ਤੋਂ ਪ੍ਰੀ-ਪ੍ਰਾਇਮਰੀ ਸਕੂਲ ਸਿੱਖਿਆ ਨੂੰ ਲਾਗੂ ਕਰਨ ਵਾਲਾ ਪੰਜਾਬ, ਮੁਲਕ ਦਾ ਪਹਿਲਾ ਸੂਬਾ ਹੋਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਇਸ ਦੇ ਅਧੀਨ ਲਿਆਂਦਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਲਗਪਗ 3.71 ਲੱਖ ਵਿਦਿਆਰਥੀਆਂ ਨੇ ਅੰਗਰੇਜ਼ੀ ਨੂੰ ਪ੍ਰੀਖਿਆ ਦੇ ਮਾਧਿਅਮ ਵਜੋਂ ਚੁਣਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਸਰਕਾਰੀ ਸਕੂਲਾਂ ਵਿੱਚ ਲਾਗੂ ਕੀਤੇ ਸੁਧਾਰਾਂ ਨਾਲ ਸਿੱਖਿਆ ਦਾ ਮਿਆਰ ਵਧਿਆ ਅਤੇ ਪ੍ਰਾਈਵੇਟ ਸਕੂਲਾਂ ਤੋਂ ਸ਼ਿਫਟ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ 14.9 ਫੀਸਦੀ ਦਾ ਅਣਕਿਆਸਿਆ ਇਜ਼ਾਫਾ ਹੋਇਆ ਹੈ।

ਇਸ ਮੌਕੇ ਮੁਹਾਲੀ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਧੋਂ ਸੰਗਤੀਆਂ ਦੇ ਵਿਦਿਆਰਥੀ ਅਮਰੀਕ ਸਿੰਘ, ਅਨੁਜਦੀਪ ਸਿੰਘ, ਦਵਿੰਦਰ ਸਿੰਘ, ਗੁਰਤੇਜ ਸਿੰਘ, ਪਰਵੀਰ ਸਿੰਘ ਅਤੇ ਸਹਿਜਪ੍ਰੀਤ ਸਿੰਘ ਤੋਂ ਇਲਾਵਾ ਝੰਜੇੜੀ ਦੇ ਨਰਿੰਦਰ ਕੌਰ, ਖੁਸ਼ੀ ਰੁਕਸਾਨਾ ਅਤੇ ਸ਼ਿਵਾਨੀ ਦੇਵੀ ਨੇ ਮੁੱਖ ਮੰਤਰੀ ਪਾਸੋਂ ਸਮਾਰਟ ਫੋਨ ਪ੍ਰਾਪਤ ਕੀਤੇ।

ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ 'ਪੰਜਾਬ ਸਮਾਰਟ ਕੁਨੈਕਟ ਸਕੀਮ' ਰਾਹੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਅਤੇ ਸਕੂਲ ਸਿੱਖਿਆ ਮੰਤਰੀ ਨੂੰ ਵਧਾਈ ਦਿੱਤੀ।

ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿਦਿਆਰਥੀਆਂ ਖਾਸ ਕਰਕੇ ਕਮਜ਼ੋਰ ਤਬਕਿਆਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੇ ਵਿਆਪਕ ਕਾਰਜ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਿਆ ਹੈ ਤਾਂ ਕਿ ਕੋਵਿਡ ਦੇ ਸਮੇਂ ਦੌਰਾਨ ਆਨਲਾਈਨ ਸਿੱਖਿਆ ਨਿਰਵਿਘਨ ਢੰਗ ਨਾਲ ਮੁਹੱਈਆ ਕਰਵਾਉਣ ਯਕੀਨੀ ਬਣਾਈ ਜਾ ਸਕੇ।

ਇਸ ਦੌਰਾਨ ਖੇਡ ਤੇ ਯੁਵਕ ਸੇਵਾਵਾਂ ਭਲਾਈ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਕੂਲ ਸਿੱਖਿਆ ਮੰਤਰੀ ਨੂੰ ਖੇਡ ਗਤੀਵਿਧੀਆਂ ਲਈ ਘੱਟੋ-ਘੱਟ ਇਕ ਪੀਰੀਅਡ ਲਾਜ਼ਮੀ ਬਣਾਉਣ ਲਈ ਆਖਿਆ ਤਾਂ ਕਿ ਵਿਦਿਆਰਥੀਆਂ ਨੂੰ ਖੇਡਾਂ ਲਈ ਵੱਡੇ ਪੱਧਰ 'ਤੇ ਉਤਸ਼ਾਹਤ ਕੀਤਾ ਜਾ ਸਕੇ।

ਆਪਣੇ ਸੰਬੋਧਨ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਜਿਸ ਨਾਲ ਸੂਬੇ ਨੂੰ ਨਵੀਆਂ ਪ੍ਰਾਪਤੀਆਂ ਹਾਸਲ ਹੋਈਆਂ ਹਨ।

ਇਸ ਮੌਕੇ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਹਾਜ਼ਰ ਸਨ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.