ਤਾਜਾ ਖਬਰਾਂ
ਪੰਜਾਬੀ ਲੋਕ ਗਾਇਕ ਡਾ. ਸਤਿੰਦਰ ਸਰਤਾਜ ਨੇ ਆਪਣੀ ਇੱਕ ਮੁਲਾਕਾਤ ਵਿੱਚ ਡਾ. ਮਹਿੰਦਰ ਸਿੰਘ ਰੰਧਾਵਾ ਜੀ ਦੀ ਸਵੈਜੀਵਨੀ “ਆਪ ਬੀਤੀ” ਦਾ ਹਵਾਲਾ ਦੇ ਕੇ ਨਵੇਂ ਯੁੱਗ ਦਾ ਪਹਿਲਾ ਵਰਕਾ ਲਿਖ ਦਿੱਤਾ ਹੈ। ਉਸ ਵੱਲੋਂ ਇਸ ਪੁਸਤਕ ਦਾ ਹਵਾਲਾ ਦੇਣ ਉਪਰੰਤ ਪਾਠਕ ਵਰਗ ਨੇ ਇਸ ਕਿਤਾਬ ਨੂੰ ਖ਼ਰੀਦਣ ਲਈ ਕਤਾਰਾਂ ਬੰਨ੍ਹ ਲਈਆਂ ਹਨ। ਬਰਨਾਲਾ ਦੇ ਪ੍ਹਸਿੱਧ ਪੰਜਾਬੀ ਗਲਪਕਾਰ ਪਵਨ ਪਰਿੰਦਾ ਦੀ ਪੁਸਤਕ ਵਿਕਰੀ ਸ਼ਾਪ ਨਵਚੇਤਨ ਬੁੱਕ ਡਿਪੋ ਵੀ ਹੈ। ਉਸ ਦੇ ਕਹਿਣ ਮੁਤਾਬਕ ਆਪਣੇ ਵਿਕਰੀ ਕੇਂਦਰ ਤੋਂ ਹੀ ਪਿਛਲੇ ਦਸ ਦਿਨਾਂ ਵਿੱਚ ਲਗਪਗ ਪੰਜ ਜੌ ਇਹ ਕਿਤਾਬ ਵੇਚ ਚੁੱਕਾ ਹੈ। ਲਗਪਗ ਤਿੰਨ ਸੌ ਕਿਤਾਬਾਂ ਦਾ ਅਗਾਊਂ ਆਰਡਰ ਹੈ। ਇੱਥੋਂ ਇਹ ਗੱਲ ਤਸਦੀਕ ਹੁੰਦੀ ਹੈ ਕਿ ਸਾਨੂੰ ਲਿਖਾਰੀਆਂ ਨੂੰ ਇਸ ਭਰਮ ਤੋਂ ਮੁਕਤ ਹੋਣ ਦੀ ਲੋੜ ਹੈ ਕਿ ਲੋਕ ਸਾਡੀ ਗੱਲ ਸੁਣਦੇ ਨੇ। ਸਾਡੇ ਵਿਦਵਾਨਾਂ ਦੇ ਰੀਵੀਊ ਤੇ ਪੜਚੋਲ ਲੇਖ ਪੜ੍ਹ ਕੇ ਦੱਸ ਪਾਠਕ ਵੀ ਨਹੀਂ ਹਿੱਲਦੇ, ਪਰ ਇੱਥੇ ਇੱਕੋ ਗਾਇਕ ਦੇ ਜ਼ਿਕਰ ਨਾਲ ਹਨ੍ਹੇਰੀ ਉੱਠੀ ਪਈ ਹੈ।
ਕੁਝ ਸਮਾਂ ਪਹਿਲਾਂ ਇੱਕ ਨਵੇਂ ਨਵੇਲੇ ਗਾਇਕ ਅਰਜਨ ਢਿੱਲੋਂ ਨੇ ਸੁਖਵਿੰਦਰ ਅੰਮ੍ਹਿਤ ਦੀ ਇੱਕ ਰਚਨਾ ਗਾ ਕੇ ਉਸ ਦੀਆਂ ਕਿਤਾਬਾਂ ਦੀ ਮੰਗ ਤੇਜ਼ ਕੀਤੀ ਸੀ। ਇਹ ਤੱਥ ਮੈਨੂੰ ਚੇਤਨਾ ਪ੍ਹਕਾਸ਼ਨ ਵਾਲੇ ਪੁੱਤਰ ਸੁਮਿਤ ਗੁਲਾਟੀ ਨੇ ਦੱਸਿਆ ਸੀ। ਕਦੇ ਰਾਣਾ ਰਣਬੀਰ, ਬੱਬੂ ਮਾਨ ਤੇ ਦੇਬੀ ਮਖਸੂਸਪੁਰੀ ਦੇ ਜ਼ਿਕਰ ਕਰਨ ਨਾਲ ਰਸੂਲ ਹਮਜ਼ਾਤੋਵ ਦੀ ਜਗਤ ਪ੍ਹਸਿੱਧ ਪੁਸਤਕ “ਮੇਰਾ ਦਾਗਿਸਤਾਨ” ਦੀ ਪਾਠਕ ਗਿਣਤੀ ਬੇ ਇੰਤਹਾ ਵਧੀ ਸੀ। ਪੰਜ ਪ੍ਰਕਾਸ਼ਕਾਂ ਨੇ ਇਸ ਕਿਤਾਬ ਨੂੰ ਆਪੋ ਆਪਣੇ ਅਦਾਰਿਆਂਵੱਲੋਂ ਪ੍ਰਕਾਸ਼ਿਤ ਕਰਕੇ ਮੰਗ ਪੂਰੀ ਕੀਤੀ ਸੀ। ਇਸ ਦੇ ਪਹਿਲੇ ਭਾਗ ਦਾ ਅਨੁਵਾਦ ਡਾ. ਗੁਰਬਖ਼ਸ਼ ਸਿੰਘ ਫਰੈਂਕ ਜੀ ਨੇ ਮਾਸਕੋ ਰਹਿੰਦਿਆਂ ਕੀਤਾ ਸੀ। ਬੇਹੱਦ ਸੁਜਿੰਦ ਅਨੁਵਾਦ। ਇਸ ਦਾ ਪ੍ਹਥਮ ਪ੍ਹਕਾਸ਼ਨ 1975 ਵਿੱਚ ਹੋਇਆ ਜਦ ਮੈਂ ਗੌਰਮਿੰਟ ਕਾਲਿਜ ਲੁਧਿਆਣਾ ਵਿੱਚ ਐੱਮ ਏ ਪੰਜਾਬੀ ਕਰਦਾ ਸੀ। ਘੁਮਾਰ ਮੰਡੀ ਵਿਚਲੇ ਪੰਜਾਬ ਬੁੱਕ ਸੈਂਟਰ ਦੇ ਇੰਚਾਰਜ ਸੁਰਜੀਤ ਖੁਰਸ਼ੀਦੀ ਜੀ ਨੇ ਆਵਾਜ਼ ਮਾਰ ਕੇ ਮੈਨੂੰ ਇਹ ਕਿਤਾਬ ਪੜ੍ਹਨ ਲਈ ਕਿਹਾ ਸੀ। ਪੰਜ ਰੁਪਏ ਕੀਮਤ ਵਾਲੀ ਇਸ ਕਿਤਾਬ ਨੇ ਸਾਡੀ ਜੇਬ ਦੀ ਗਰੀਬੀ ਬਹੁਤ ਕੱਜੀ। ਨਾਲ ਪੜ੍ਹਦੀਆਂ ਕੁੜੀਆਂ ਮੁੰਡਿਆਂ ਦੇ ਵਿਆਹਾਂ ਤੇ ਇਹੀ ਕਿਤਾਬ ਗੁੱਡੀ ਕਾਗ਼ਜ਼ ਵਿੱਚ ਲਪੇਟ ਕੇ ਭੇਂਟ ਕਰ ਦੇਈਦੀ ਸੀ। ਉਦੋਂ ਵਿਆਹ ਦਾ ਸ਼ਗਨ - ਰੇਟ ਘੱਟੋ ਘੱਟ ਦਸ ਰੁਪਏ ਸੀ। ਮੇਰੀ ਉਦੋਂ ਵਿਆਹੀ ਇੱਕ ਜਮਾਤਣ ਨੇ ਵੀਹ ਕੁ ਸਾਲ ਪਹਿਲਾਂ ਫੋਨ ਤੇ ਦੱਸਿਆ ਸੀ ਕਿ ਮੇਰੇ ਵਿਆਹ ਵਾਲੇ ਸ਼ਗਨਾਂ ਵਿੱਚੋਂ ਤੇਰੀ ਦਿੱਤੀ ਮੇਰਾ ਦਾਗਿਸਤਾਨ ਹੀ ਬੱਚੀ ਹੈ। ਸਮਾਨ ਟੁੱਟ ਭੱਜ ਗਿਆ, ਕੁਝ ਪੁਰਾਣਾ ਹੋ ਗਿਆ। ਪੈਸੇ ਖ਼ਰਚੇ ਗਏ। ਬੱਸ ਕਿਤਾਬ ਵਾਲੀ ਪੂੰਜੀ ਸਲਾਮਤ ਹੈ। ਸਾਡੇ ਗਾਇਕ ਵੀਰ ਜੇ ਇਸ ਨੂੰ ਮੁਹਿੰਮ ਵਾਂਗ ਹੱਥ ਵਿੱਚ ਲੈਣ ਤਾਂ ਪੰਜਾਬ ਵਿੱਚ ਡਾ. ਮਹਿੰਦਰ ਸਿੰਘ ਰੰਧਾਵਾ ਦੇ ਸੁਪਨਿਆਂ ਮੁਤਾਬਕ ਪੁਸਤਕ ਸੱਭਿਆਚਾਰ ਉਸਾਰਿਆ ਜਾ ਸਕਦਾ ਹੈ।
Get all latest content delivered to your email a few times a month.