IMG-LOGO
ਹੋਮ ਪੰਜਾਬ: ਪੰਜਾਬ ਦੀ ਮੁੱਖ ਸਕੱਤਰ ਵੱਲੋਂ ਕੋਵਿਡ-19 ਪ੍ਰਬੰਧਾਂ ਸਬੰਧੀ ਉੱਚ ਪੱਧਰੀ...

ਪੰਜਾਬ ਦੀ ਮੁੱਖ ਸਕੱਤਰ ਵੱਲੋਂ ਕੋਵਿਡ-19 ਪ੍ਰਬੰਧਾਂ ਸਬੰਧੀ ਉੱਚ ਪੱਧਰੀ ਸਮੀਖਿਆ ਮੀਟਿੰਗ

Admin User - Nov 30, 2020 08:03 PM
IMG

ਪੰਜਾਬ ‘ਚ ਸਭ ਪ੍ਰਬੰਧ, ਕਰੋਨਾ ਦੀ ਦੂਜੀ ਲਹਿਰ ਤੋਂ ਪੰਜਾਬ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ- ਵਿਨੀ ਮਹਾਜਨ

ਚੰਡੀਗੜ, 30 ਨਵੰਬਰ:
ਕਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਪੰਜਾਬ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਕੋਲ ਇਸ ਨਾਲ ਨਜਿੱਠਣ ਲਈ ਸਭ ਤਰਾਂ ਦੇ ਪ੍ਰਬੰਧ ਕੀਤੇ ਹੋਏ ਹਨ। ਉਨਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਭ ਦੇ ਬਾਵਜੂਦ ਕਰੋਨਾ ਨੂੰ ਹਲਕੇ ਵਿਚ ਨਾ ਲਿਆ ਜਾਵੇ ਅਤੇ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਪਹਿਲਾਂ ਵਾਂਗ ਹੀ ਕੀਤੀ ਜਾਵੇ ਕਿਉਂ ਕਿ ਕਰੋਨਾ ਦਾ ਇਲਾਜ ਹਾਲੇ ਵੀ ਮਾਸਕ ਪਾ ਕੇ ਰੱਖਣਾ ਅਤੇ ਹੱਥ ਸੈਨੇਟਾਈਜ਼ ਕਰਦੇ ਰਹਿਣਾ ਹੀ ਹੈ।
ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ-19 ਦੇ ਪ੍ਰਬੰਧਾਂ ਸਬੰਧੀ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਉਨਾਂ ਆਕਸੀਜਨ ਅਤੇ ਆਈਸੀਯੂ ਬੈੱਡਾਂ ਦੀ ਗਿਣਤੀ ਵਿਚ ਹੋਰ ਵਾਧਾ ਕਰਨ ਦੇ ਨਿਰਦੇਸ਼ ਦਿੱਤੇ। ਹਾਲਾਂਕਿ ਪੰਜਾਬ ਦੇ 3 ਮੈਡੀਕਲ ਕਾਲਜਾਂ ਵਿਚ ਬੈੱਡਾਂ ਦੀ ਕਾਫੀ ਗਿਣਤੀ ਹੈ ਪਰ ਫਿਰ ਵੀ ਅਹਿਤਿਆਤ ਵੱਜੋਂ ਮੁੱਖ ਸਕੱਤਰ ਨੇ ਗਿਣਤੀ ਵਧਾਉਣ ਲਈ ਕਿਹਾ ਤਾਂ ਜੋ ਐਮਰਜੈਂਸੀ ਦੀ ਹਾਲਤ ਵਿਚ ਲੋਕਾਂ ਦਾ ਬੇਹਤਰ ਇਲਾਜ ਕੀਤਾ ਜਾ ਸਕੇ।
ਇਸ ਸਮੇਂ ਸਰਕਾਰੀ ਕਾਲਜ ਅੰਮਿ੍ਰਤਸਰ ਵਿਖੇ ਕੁੱਲ 1236, ਪਟਿਆਲਾ ਵਿਖੇ 1450 ਅਤੇ ਫਰੀਦਕੋਟ ਵਿਖੇ 1025 ਬੈੱਡ ਹਨ। ਆਕਸੀਜਨ ਵਾਲੇ ਬੈੱਡਾਂ ਦੀ ਗਿਣਤੀ ਅੰਮਿ੍ਰ੍ਰਤਸਰ ਵਿਚ 450, ਪਟਿਆਲਾ ਵਿਚ 600 ਅਤੇ ਫਰੀਦਕੋਟ ਵਿਚ 301 ਹੈ ਜਦਕਿ ਆਈਸੀਯੂ ਬੈੱਡਾਂ ਦੀ ਗਿਣਤੀ ਅੰਮਿ੍ਰਤਸਰ ਅਤੇ ਫਰੀਦਕੋਟ ਵਿਚ 92-92 ਅਤੇ ਪਟਿਆਲਾ ਵਿਚ 88 ਹੈ। ਇਸੇ ਤਰਾਂ ਕੋਵਿਡ ਵੈਂਟੀਲੇਟਰ ਬੈੱਡ ਅੰਮਿ੍ਰਤਸਰ ‘ਚ 87, ਪਟਿਆਲਾ ‘ਚ 67 ਅਤੇ ਫਰੀਦਕੋਟ ‘ਚ 71 ਹਨ।
ਮੈਡੀਕਲ ਸਿੱਖਿਆ ਅਤੇ ਖੋਜ ਦੇ ਪ੍ਰਮੁੱਖ ਸਕੱਤਰ ਡੀ.ਕੇ.ਤਿਵਾੜੀ ਅਤੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜਾਂ ਅਤੇ ਸਰਕਾਰੀ ਹਸਪਤਾਲਾਂ ‘ਚ ਆਕਸੀਜਨ ਸਿਲੰਡਰਾਂ ਦੀ ਕੋਈ ਘਾਟ ਨਹੀਂ ਅਤੇ ਇਸ ਵਿਚ ਹੋਰ ਸੁਧਾਰ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਿਹਤ ਸੇਵਾਵਾਂ ਨਾਲ ਜੁੜੇ ਸਟਾਫ ਦੀ ਭਰਤੀ ਬਾਬਤ ਪ੍ਰਕਿਰਿਆ ਵੀ ਤੇਜ਼ੀ ਨਾਲ ਚੱਲ ਰਹੀ ਹੈ। ਮੁੱਖ ਸਕੱਤਰ ਨੇ ਲੋੜ ਅਤੇ ਮੰਗ ਅਨੁਸਾਰ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭਰਤੀ ਕਰਨ ਲਈ ਹਰੀ ਝੰਡੀ ਦਿੰਦਿਆਂ ਕਿਹਾ ਕਿ ਹੇਠਲੇ ਪੱਧਰ ਤੱਕ ਕਰੋਨਾ ਦੀ ਰੋਕਥਾਮ ਲਈ ਸਾਰਥਕ ਕਦਮ ਚੁੱਕੇ ਜਾਣ।
ਇਸ ਮੌਕੇ ਮੁੱਖ ਸਕੱਤਰ ਵੱਲੋਂ ਸੈਂਪਲਿੰਗ ਵਧਾਉਣ ਦੇ ਦਿੱਤੇ ਨਿਰਦੇਸ਼ਾਂ ਬਾਬਤ ਉਨਾਂ ਨੂੰ ਦੱਸਿਆ ਗਿਆ ਕਿ ਜਲਦ ਹੀ ਪ੍ਰਤੀ ਦਿਨ 30 ਹਜ਼ਾਰ ਸੈਂਪਲਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਕਰੋਨਾ ਲੱਛਣ ਵਾਲੇ ਮਰੀਜ਼ਾਂ ਦੀ ਪਛਾਣ ਜਲਦ ਤੋਂ ਜਲਦ ਕੀਤੀ ਜਾ ਸਕੇ। ਮੁੱਖ ਸਕੱਤਰ ਨੇ ਉਨਾਂ ਇਲਾਕਿਆਂ ‘ਚ ਸੈਂਪਲਿੰਗ ਵਧਾਉਣ ਦੇ ਨਿਰਦੇਸ਼ ਦਿੱਤੇ ਜਿੱਥੇ ਮਾਮਲੇ ਜ਼ਿਆਦਾ ਆ ਰਹੇ ਹਨ। ਇਸ ਮੌਕੇ ਮੁੱਖ ਸਕੱਤਰ ਨੇ ਜ਼ਿਲਾ ਅਧਿਕਾਰੀਆਂ ਨੂੰ ਹੋਰ ਜ਼ਿਆਦਾ ਚੌਕਸੀ ਅਤੇ ਤਨਦੇਹੀ ਨਾਲ ਕੰਮ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨਾਂ ਕਰੋਨਾ ਦੀ ਮੌਤ ਦਰ ਘਟਾਉਣ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਮੁੱਖ ਸਕੱਤਰ ਨੇ ਕਿਹਾ ਕਿ ਕਿਸੇ ਵੀ ਪੱਧਰ ‘ਤੇ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਮੁੱਖ ਸਕੱਤਰ ਨੇ ਕਰੋਨਾ ਮਾਮਲਿਆਂ ਨੂੰ ਹੋਰ ਵਧੀਆ ਤਰੀਕੇ ਨਾਲ ਨਜਿੱਠਣ ਲਈ ਨਿੱਜੀ ਹਸਪਤਾਲਾਂ ਨੂੰ ਵੀ ਸਰਕਾਰ ਦਾ ਸਾਥ ਦੇਣ, ਮੰਗੀਆਂ ਗਈਆਂ ਸੂਚਨਾਵਾਂ ਸਮਾਂਬੱਧ ਦੇਣ ਅਤੇ ਸਮਾਜਕ ਪ੍ਰਤੀਬੱਧਤਾ ਤਹਿਤ ਲੋਕਾਂ ਦਾ ਵਧੀਆ ਅਤੇ ਵਾਜਬ ਫੀਸ ‘ਤੇ ਇਲਾਜ ਕਰਨ ਲਈ ਕਿਹਾ।
ਉਨਾਂ ਅਪੀਲ ਕੀਤੀ ਕਿ ਲੋਕ ਕਰੋਨਾ ਪ੍ਰਤੀ ਲਾਹਪ੍ਰਵਾਹੀ ਨਾ ਵਰਤਣ ਅਤੇ ਚੌਕਸ ਰਹਿਣ ਕਿਉਂ ਕਿ ਕਰੋਨਾ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਉਨਾਂ ਮਾਸਕ ਪਾ ਕੇ ਰੱਖਣ, ਹੱਥ ਸੈਨੇਟਾਈਜ਼ ਕਰਦੇ ਰਹਿਣ ਅਤੇ ਸਰਕਾਰ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।
ਮੀਟਿੰਗ ਵਿਚ ਵਧੀਕ ਮੁੱਖ ਸਕੱਤਰ (ਵਿਕਾਸ) ਅਨਿਰੁੱਧ ਤਿਵਾੜੀ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਵਿੱਤ ਕਮਿਸ਼ਨਰ ਸੀਮਾ ਜੈਨ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਾ, ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸਿਵਾ ਪ੍ਰਸਾਦ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਪੰਜਾਬ ਸਰਕਾਰ ਦੇ ਸਿਹਤ ਸਲਾਹਕਾਰ ਡਾ. ਕੇ.ਕੇ. ਤਲਵਾੜ, ਡਾ. ਰਾਜੇਸ਼ ਕੁਮਾਰ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਰਵੀ ਭਗਤ ਵੀ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.