ਤਾਜਾ ਖਬਰਾਂ
ਮੋਗਾ ਜ਼ਿਲ੍ਹੇ ‘ਚ ਨਸ਼ੇ ਦੇ ਖ਼ਿਲਾਫ਼ ਪੁਲਿਸ ਨੇ ਵੱਡਾ ਕਦਮ ਚੁੱਕਿਆ ਹੈ। ਐਨ.ਡੀ.ਪੀ.ਐਸ. ਐਕਟ ਦੀ ਧਾਰਾ 68 (ਐਫ) ਤਹਿਤ ਮੋਗਾ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਦੀ ਕੁੱਲ 1 ਕਰੋੜ 3 ਲੱਖ 20 ਹਜ਼ਾਰ ਰੁਪਏ ਮੁੱਲ ਦੀ ਸੰਪਤੀ ਅਟੈਚ ਕੀਤੀ ਹੈ। ਜਿਨ੍ਹਾਂ ਵਿੱਚ ਪਤੀ-ਪਤਨੀ ਅਤੇ ਦੋ ਸੱਗੇ ਭਰਾ ਸ਼ਾਮਲ ਹਨ।
ਪੁਲਿਸ ਅਧਿਕਾਰੀਆਂ ਅਨੁਸਾਰ, ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਨ੍ਹਾਂ ਤਸਕਰਾਂ ਨੇ ਨਸ਼ੇ ਦੀ ਕਮਾਈ ਨਾਲ ਪਲਾਟ, ਘਰ ਅਤੇ ਹੋਰ ਸੰਪਤੀ ਖਰੀਦੀ ਸੀ। ਲੰਬੀ ਜਾਂਚ ਤੋਂ ਬਾਅਦ ਮਾਮਲਾ ਕੇਂਦਰੀ ਵਿੱਤ ਵਿਭਾਗ ਅਤੇ ਸੰਬੰਧਤ ਅਧਿਕਾਰੀਆਂ ਨੂੰ ਭੇਜਿਆ ਗਿਆ, ਜਿਨ੍ਹਾਂ ਵੱਲੋਂ ਮਨਜ਼ੂਰੀ ਮਿਲਣ ਉਪਰੰਤ ਸੰਪਤੀ ਜਬਤ ਕੀਤੀ ਗਈ।
ਡੀਐਸਪੀ ਧਰਮਕੋਟ ਰਜੇਸ਼ ਠਾਕੁਰ ਨੇ ਦੱਸਿਆ ਕਿ ਇਹ ਕਦਮ ਐਂਟੀ ਨਾਰਕੋਟਿਕਸ ਸੈੱਲ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ, ਜਿਸ ਦਾ ਮਕਸਦ ਨਸ਼ੇ ਦੀ ਕਮਾਈ ਨਾਲ ਬਣੇ ਆਰਥਿਕ ਜਾਲ ਨੂੰ ਤੋੜਨਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਨਾਲ ਜੁੜੇ ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ, ਅਤੇ ਜੋ ਵੀ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਜਾਇਦਾਦ ਮਿਲੇਗੀ, ਉਸਨੂੰ ਸਰਕਾਰ ਦੇ ਹੱਕ ਵਿੱਚ ਜਬਤ ਕਰ ਲਿਆ ਜਾਵੇਗਾ।
ਪੁਲਿਸ ਦੇ ਮੁਤਾਬਕ, ਹੋਰ ਮਾਮਲਿਆਂ ਦੀ ਜਾਂਚ ਵੀ ਜਾਰੀ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਤਸਕਰਾਂ ਦੀ ਸੰਪਤੀ ਵੀ ਜਬਤ ਹੋ ਸਕਦੀ ਹੈ।
Get all latest content delivered to your email a few times a month.