ਤਾਜਾ ਖਬਰਾਂ
ਲੁਧਿਆਣਾਃ 11 ਦਸੰਬਰ: ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪਰਵਾਸੀ ਪੰਜਾਬੀ ਨਾਵਲਕਾਰ ਡਾਃ ਗੁਰਪ੍ਰੀਤ ਸਿੰਘ ਧੁੱਗਾ ਦਾ ਸਨਮਾਨ ਕਰਦਿਆਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਗੁਰਪ੍ਰੀਤ ਸਿੰਘ ਧੁੱਗਾ ਨੇ ਆਪਣੇ ਪਲੇਠੇ ਨਾਵਲ “ਚਾਲ਼ੀ ਦਿਨ”ਨਾਲ ਨਵੀਂ ਗਲਪ ਵਿਧੀ ਨੂੰ ਵਿਕਸਤ ਕੀਤਾ ਹੈ। ਇਸ ਕਾਵਿਕ ਬਿਰਤਾਤ ਵਿੱਚ ਦਰਸ਼ਨ ਵੀ ਹੈ ਤੇ ਜੀਵਨ ਜੁਗਤਿ ਦੀ ਕਥਾ ਵਾਰਤਾ ਵੀ। ਇਹ ਟੈਕਸਟ ਤਾਣੇ ਪੇਟੇ ਦੀ ਗੁਲਾਮ ਨਹੀਂ ਸਗੋਂ ਜੀਵਨ ਧਾਰਾ ਵਾਂਗ ਸਾਡੇ ਨਾਲ ਨਾਲ ਖਹਿ ਕੇ ਲੰਘਦੀ ਹੈ। ਉਨ੍ਹਾ ਕਿਹਾ ਕਿ ਭਾਵੇਂ ਗੁਰਪ੍ਰੀਤ ਮੇਰੀ ਕਰਮ ਭੂਮੀ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਕਾਲਿਜ ਵਿੱਚ ਇੱਕੋ ਛੇਮਾਹੀ ਪੜ੍ਹਿਆ ਪਰ ਉਸ ਦੀ ਸ਼ਖਸੀਅਤ ਉੱਪਰ ਇਥੋਂ ਦੀ ਯੰਗ ਰਾਈਟਰਜ਼ ਅਸੋਸੀਏਸ਼ਨ ਰਾਹੀਂ ਸਾਹਿਤੱਕ ਰੰਗ ਜ਼ਰੂਰ ਚੜ੍ਹਿਆ। ਗੌਰਮਿੰਟ ਰਾਜਿੰਦਰਾ ਕਾਲਿਜ ਪਟਿਆਲਾ ਤੋਂ ਐੱਮ ਬੀ ਬੀ ਐੱਸ ਕਰਕੇ ਉਹ ਅਮਰੀਕਾ ਚ ਉਚੇਰੀ ਪੜ੍ਹਾਈ ਲਈ ਜਾ ਕੇ ਵੀ ਉਹ ਸਾਹਿੱਤ ਸਿਰਜਣਾ ਤੋਂ ਮੁਕਤ ਨਾ ਹੋ ਸਕਿਆ। ਕੈਲੀਫੋਰਨੀਆ ਦੇ ਬਹੁਤ ਰੁੱਝੇ ਹੋਏ ਡਾਕਟਰ ਹੋਣ ਦੇ ਬਾਵਜੂਦ ਨਾਵਲ ਰਚਨਾ ਕਰਕੇ ਉਸ ਨੇ ਆਪਣੀ ਮਹੱਤਵਪੂਰਨ ਹਾਜ਼ਰੀ ਲੁਆਈ ਹੈ।
ਯੂ ਕੇ ਤੋਂ ਆਏ ਪੰਜਾਬੀ ਕਵੀ ਡਾਃ ਤਾਰਾ ਸਿੰਘ ਆਲਮ ਨੇ ਚਾਲ਼ੀ ਨਾਵਲ ਦੇ ਹਵਾਲੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਾਲ਼ੀ ਅੰਕੜੇ ਦਾ ਪੰਜਾਬੀ ਜਨ ਜੀਵਨ ਵਿੱਚ ਹੀ ਨਹੀਂ ਸਗੋਂ ਭਾਰਤੀ ਦਰਸ਼ਨ ਵਿੱਚ ਵੀ ਬਹੁਤ ਵਡੇਰਾ ਮਹਾਤਮ ਹੈ। ਉਨ੍ਹਾਂ ਡਾਃ ਗੁਰਪ੍ਰੀਤ ਸਿੰਘ ਧੁੱਗਾ ਨੂੰ ਅਗਲੀ ਭਾਰਤ ਫੇਰੀ ਤੋਂ ਪਹਿਲਾਂ ਯੂ ਕੇ ਆਉਣ ਦੀ ਵੀ ਦਾਅਵਤ ਦਿੱਤੀ।
ਤ੍ਰੈਮਾਸਿਕ ਮੈਗਜ਼ੀਨ ਦੇ ਮੁੱਖ ਸੰਪਾਦਕ ਵਿਸ਼ਾਲ ਨੇ ਕਿਹਾ ਕਿ ਬਦੇਸ਼ਾਂ ਵਿੱਚ ਵੱਸਦੇ ਪੰਜਾਬੀ ਲੇਖਕ ਸਾਥੋਂ ਖ਼ੈਰਾਇਤ ਨਹੀਂ, ਆਪਣਾ ਸਹੀ ਮੁੱਲਾਂਕਣ ਮੰਗਦੇ ਹਨ। ਡਾਃ ਧੁੱਗਾ ਦੀ ਇਸ ਵਾਰ ਭਾਰਤ ਫੇਰੀ ਦੌਰਾਨ ਧਰਮਸਾਲਾ(ਹਿਮਾਚਲ ਪ੍ਰਦੇਸ਼) ਖਾਲਸਾ ਕਾਲਿਜ ਗੜ੍ਹਦੀਵਾਲਾ,ਖਾਲਸਾ ਕਾਲਿਜ ਅੰਮ੍ਰਿਤਸਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਇਲਾਵਾ ਕੱਲ੍ਹ ਪਟਿਆਲਾ ਵਿੱਚ ਭਾਸ਼ਾ ਵਿਭਾਗ ਸਮੇਤ ਵੱਖ ਵੱਖ ਥਾਈਂ ਡਾਃ ਸੁਰਜੀਤ ਪਾਤਰ, ਡਾਃ ਆਤਮ ਰੰਧਾਵਾ, ਡਾਃ ਮਹਿਲ ਸਿੰਘ, ਡਾਃ ਮਨਜਿੰਦਰ ਸਿੰਘ,ਡਾਃ ਮਨਮੋਹਨ,ਡਾਃ ਨਰੇਸ਼, ਡਾਃ ਸੁਰਜੀਤ ਸਿੰਘ ਭੱਟੀ, ਸੁਖਵਿੰਦਰ ਅੰਮ੍ਰਿਤ ਸਮੇਤ ਵੱਖ ਵੱਖ ਵਿਦਵਾਨਾਂ ਨੇ ਮੁੱਲਵਾਨ ਟਿਪਣੀਆਂ ਕੀਤੀਆਂ ਹਨ।
ਡਾਃ ਗੁਰਪ੍ਰੀਤ ਸਿੰਘ ਧੁੱਗਾ ਨੇ ਬੋਲਦਿਆਂ ਕਿਹਾ ਕਿ ਨਾਵਲ ਚਾਲ਼ੀ ਦਿਨ ਮੇਰੀ ਪਹਿਲੀ ਸਾਹਿੱਤਕ ਕਿਰਤ ਹੈ ਜਿਸ ਨੂੰ ਮਿਲਿਆ ਭਰਵਾਂ ਹੁੰਗਾਰਾ ਮੈਨੂੰ ਭਵਿੱਖ ਲਈ ਚੰਗੀ ਊਰਜਾ ਦੇਵੇਗਾ। ਉਨ੍ਹਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਦਾ ਆਦਰ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਵਿਸ਼ਾਲ ਨੂੰ ਵੀ ਪ੍ਰੋਃ ਗੁਰਭਜਨ ਸਿੰਘ ਗਿੱਲ, ਡਾਃ ਤਾਰਾ ਸਿੰਘ ਆਲਮ, ਸਰਦਾਰਨੀ ਜਸਵਿੰਦਰ ਕੌਰ ਗਿੱਲ ਤੇ ਪਿੰਡ ਦਾਦ ਦੇ ਸਾਹਿੱਤ ਪ੍ਰੇਮੀ ਸਰਪੰਚ ਜਗਦੀਸ਼ਪਾਲ ਸਿੰਘ ਗਰੇਵਾਲ ਨੇ ਸਨਮਾਨਿਤ ਕੀਤਾ।
Get all latest content delivered to your email a few times a month.