ਤਾਜਾ ਖਬਰਾਂ
ਹਰਿਆਣਾ ਵਿੱਚ ਰਾਜ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਅੰਦਰ ਸਿਆਸੀ ਤਣਾਅ ਵੱਧ ਗਿਆ ਹੈ। ਚੋਣਾਂ ਦੌਰਾਨ ਹੋਈ ਕਰਾਸ ਵੋਟਿੰਗ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਾਰਟੀ ਨੇ ਆਪਣੇ ਪੰਜ ਵਿਧਾਇਕਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੋਮਵਾਰ ਰਾਤ ਦੇਰ ਨਾਲ ਹੋਏ ਨਤੀਜਿਆਂ ਵਿੱਚ ਭਾਜਪਾ ਦੇ ਸੰਜੇ ਭਾਟੀਆ ਅਤੇ ਕਾਂਗਰਸ ਦੇ ਕਰਮਵੀਰ ਸਿੰਘ ਬੋਧ ਨੂੰ ਜੇਤੂ ਘੋਸ਼ਿਤ ਕੀਤਾ ਗਿਆ।
ਇਸ ਸਿਆਸੀ ਹੰਗਾਮੇ ਵਿਚਕਾਰ ਹਰਿਆਣਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਮ ਕਿਸ਼ਨ ਗੁਰਜਰ ਨੇ ਮੰਗਲਵਾਰ ਨੂੰ ਪਾਰਟੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨਾਲ ਜੁੜੀ ਹੋਰ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦੀ ਪਤਨੀ ਸ਼ੈਲੀ ਚੌਧਰੀ ਵੀ ਕਾਂਗਰਸ ਦੀ ਵਿਧਾਇਕ ਹਨ ਅਤੇ ਉਹਨਾਂ ‘ਤੇ ਵੀ ਕਰਾਸ ਵੋਟਿੰਗ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਸ਼ੈਲੀ ਚੌਧਰੀ ਅੰਬਾਲਾ ਜ਼ਿਲ੍ਹੇ ਦੇ ਨਾਰਾਇਣਗੜ੍ਹ ਹਲਕੇ ਤੋਂ ਵਿਧਾਇਕ ਹਨ।
ਚੋਣਾਂ ਦੇ ਦੌਰਾਨ ਸ਼ੈਲੀ ਚੌਧਰੀ ਨੂੰ ਵਿਧਾਨ ਸਭਾ ਦੇ ਬਾਹਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਰਾਜਨੀਤਿਕ ਸਕੱਤਰ ਤਰੁਣ ਭੰਡਾਰੀ ਨਾਲ ਦੇਖਿਆ ਗਿਆ ਸੀ, ਜਿਸ ਨਾਲ ਸਿਆਸੀ ਚਰਚਾ ਹੋਰ ਤੇਜ਼ ਹੋ ਗਈ। ਸੂਤਰਾਂ ਅਨੁਸਾਰ ਇਹ ਵੀ ਸੰਭਾਵਨਾ ਹੈ ਕਿ ਉਹ ਵੀ ਜਲਦੀ ਅਸਤੀਫਾ ਦੇ ਸਕਦੀਆਂ ਹਨ, ਹਾਲਾਂਕਿ ਉਹ ਪਾਰਟੀ ਹਾਈਕਮਾਨ ਦੇ ਫੈਸਲੇ ਦੀ ਉਡੀਕ ਕਰ ਰਹੀਆਂ ਹਨ।
ਰਾਜਨੀਤਿਕ ਵਿਸ਼ਲੇਸ਼ਕਾਂ ਦੇ ਮਤਾਬਕ ਜੇਕਰ ਪਾਰਟੀ ਖੁਦ ਸ਼ੈਲੀ ਚੌਧਰੀ ਨੂੰ ਬਾਹਰ ਕਰਦੀ ਹੈ ਤਾਂ ਉਹ ਆਪਣੀ ਵਿਧਾਇਕਤਾ ਬਰਕਰਾਰ ਰੱਖ ਸਕਦੀਆਂ ਹਨ, ਪਰ ਜੇ ਉਹ ਖੁਦ ਕਾਂਗਰਸ ਛੱਡਦੀਆਂ ਹਨ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਯੋਗ ਘੋਸ਼ਿਤ ਕੀਤਾ ਜਾ ਸਕਦਾ ਹੈ। ਇਸ ਕਰਕੇ ਸੰਭਾਵਨਾ ਹੈ ਕਿ ਉਹ ਪਾਰਟੀ ਅੰਦਰ ਹੀ ਬਾਗ਼ੀ ਰੂਪ ਵਿੱਚ ਰਹਿਣ।
ਇਸ ਮਾਮਲੇ ‘ਤੇ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਪਾਰਟੀ ਨੇ ਕਰਾਸ ਵੋਟਿੰਗ ਕਰਨ ਵਾਲੇ ਵਿਧਾਇਕਾਂ ਵਿਰੁੱਧ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪਾਰਟੀ ਅਨੁਸ਼ਾਸਨ ਦੇ ਮੱਦੇਨਜ਼ਰ ਉਨ੍ਹਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ, ਅਸਲ ਵਿੱਚ ਵਿਸ਼ਵਾਸਘਾਤ ਉਨ੍ਹਾਂ ਨਾਲ ਹੋਇਆ ਹੈ।
ਉਧਰ ਕਾਂਗਰਸ ਦੇ ਹਰਿਆਣਾ ਇੰਚਾਰਜ ਅਤੇ ਜਨਰਲ ਸਕੱਤਰ ਬੀ.ਕੇ. ਹਰੀਪ੍ਰਸਾਦ ਨੇ ਦੱਸਿਆ ਕਿ ਪਹਿਲਾਂ ਸੰਬੰਧਿਤ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੇ ਜਵਾਬਾਂ ਦੇ ਆਧਾਰ ‘ਤੇ ਹੀ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ।
ਰਾਜ ਸਭਾ ਚੋਣਾਂ ਵਿੱਚ ਮੁਕਾਬਲਾ ਕਾਫ਼ੀ ਕਰੀਬੀ ਰਿਹਾ। 90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿੱਚੋਂ ਦੋ ਇਨੈਲੋ ਵਿਧਾਇਕ ਵੋਟਿੰਗ ਤੋਂ ਗੈਰਹਾਜ਼ਰ ਰਹੇ। ਚਾਰ ਕਾਂਗਰਸ ਵੋਟਾਂ ਨੂੰ ਅਵੈਧ ਕਰਾਰ ਦਿੱਤਾ ਗਿਆ ਜਦਕਿ ਇੱਕ ਭਾਜਪਾ ਵਿਧਾਇਕ ਦੀ ਵੋਟ ਵੀ ਗੁਪਤਤਾ ਦੇ ਨਿਯਮ ਤੋੜਨ ਕਾਰਨ ਰੱਦ ਕਰ ਦਿੱਤੀ ਗਈ। ਕੁੱਲ 83 ਵੈਧ ਵੋਟਾਂ ਵਿੱਚੋਂ ਸੰਜੇ ਭਾਟੀਆ ਨੂੰ 39 ਪਹਿਲੀ ਪਸੰਦ ਦੀਆਂ ਵੋਟਾਂ ਮਿਲੀਆਂ, ਕਾਂਗਰਸ ਦੇ ਕਰਮਵੀਰ ਸਿੰਘ ਬੋਧ ਨੂੰ 28 ਵੋਟਾਂ ਪ੍ਰਾਪਤ ਹੋਈਆਂ, ਜਦਕਿ ਭਾਜਪਾ ਸਮਰਥਿਤ ਆਜ਼ਾਦ ਉਮੀਦਵਾਰ ਸਤੀਸ਼ ਨੰਦਲ ਨੂੰ 16 ਵੋਟਾਂ ਮਿਲੀਆਂ।
ਰਾਜ ਸਭਾ ਚੋਣਾਂ ਵਿੱਚ ਦੂਜੀ ਪਸੰਦ ਦੀਆਂ ਵੋਟਾਂ ਵੀ ਗਿਣੀਆਂ ਜਾਂਦੀਆਂ ਹਨ, ਇਸ ਲਈ ਜੇ ਨੰਦਲ ਨੂੰ ਇੱਕ ਹੋਰ ਵੋਟ ਮਿਲ ਜਾਂਦੀ ਤਾਂ ਨਤੀਜਾ ਬਦਲ ਸਕਦਾ ਸੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਜ਼ਾਦ ਉਮੀਦਵਾਰ ਸਤੀਸ਼ ਨੰਦਲ ਸਿਰਫ਼ ਇੱਕ ਵੋਟ ਨਾਲ ਹਾਰ ਗਏ।
Get all latest content delivered to your email a few times a month.