ਤਾਜਾ ਖਬਰਾਂ
ਸ੍ਰੀ ਮੁਕਤਸਰ ਸਾਹਿਬ, 30 ਸਤੰਬਰ 2020 - ਜ਼ਿਲ੍ਹਾ ਪਠਾਨਕੋਟ ਵਿਖੇ ਮਸ਼ਹੂਰ ਕ੍ਰਿਕੇਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਕਤਲ ਕਰਨ ਤੇ ਲੁੱਟ ਖ਼ੋਹ ਕਰਨ ਵਾਲੇ ਗਿਰੋਹ ਵਿੱਚੋਂ ਇੱਕ ਔਰਤ ਸਮੇਤ ਚਾਰ ਮੈਂਬਰਾਂ ਨੂੰ ਪੁਲਿਸ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ 'ਚੋਂ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਮੁਲਜ਼ਮਾਂ ਕੋਲੋਂ ਪੁਲਿਸ ਨੇ 12 ਬੋਰ ਦੀ ਬੰਦੂਕ ਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ।
ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਗਿਰੋਹ ਯੂਪੀ ਬਿਹਾਰ ਦਾ ਰਹਿਣ ਵਾਲਾ ਹੈ ਤੇ ਖ਼ਾਲੀ ਪਲਾਟਾਂ ਵਿੱਚ ਝੁੱਗੀਆਂ-ਝੌਂਪੜੀਆਂ ਬਣਾ ਕੇ ਰਹਿੰਦਾ ਹੈ ਤਾਂ ਜੋ ਇੰਨ੍ਹਾਂ 'ਤੇ ਕਿਸੇ ਨੂੰ ਸ਼ੱਕ ਨਾ ਹੋਵੇ। ਪੁਲਿਸ ਮੁਤਾਬਿਕ ਇੰਨ੍ਹਾਂ ਕੋਲੋਂ ਵੀ ਵੱਡੀਆਂ ਵਾਰਦਾਤਾਂ ਬਾਰੇ ਖੁਲਾਸੇ ਹੋਣ ਦੀ ਉਮੀਦ ਹੈ। ਇਸ ਸਬੰਧੀ ਥਾਣਾ ਗਿੱਦੜਬਾਹਾ ਵਿਖੇ ਦਰਜ ਹੋਏ ਮਾਮਲੇ ਵਿੱਚ ਪੁਲਿਸ ਨੇ ਇਸ ਘਟਨਾ ਨੂੰ ਅੰਜ਼ਾਮ ਦੇਣ ਦੇ ਦੋਸ਼ ਵਿੱਚ ਕਾਜਮ ਉਰਫ਼ ਰਿੰਡਾ ਪੁੱਤਰ ਰਾਇਸੂਦੀਨ ਵਾਸੀ ਤਲਾਪੜਾ ਜ਼ਿਲ੍ਹਾ ਸਹਾਰਨਪੁਰ, ਚਾਹਤ ਉਰਫ਼ ਜਾਨ ਪੁੱਤਰ ਜੌਹਰ ਵਾਸੀ ਮਖਰਪੁਰ ਜ਼ਿਲ੍ਹਾ ਕਾਨਪੁਰ, ਰਾਹੁਲ ਪੁੱਤਰ ਰਾਜੂ ਵਾਸੀ ਮਖ਼ਰਪੁਰ ਜ਼ਿਲ੍ਹਾ ਕਾਨਪੁਰ ਤੇ ਤਵੀਜਲ ਪਤਨੀ ਸਾਜਨ ਉਰਫ਼ ਰਣਜੀਤਾ ਵਾਸੀ ਤਲਾਪੜਾ ਜ਼ਿਲ੍ਹਾ ਸਹਾਰਨਪੁਰ ਵਜੋਂ ਹੋਈ ਹੈ। ਪੁਲਿਸ ਨੇ ਇਹ ਗੱਲ ਆਖ਼ੀ ਹੈ ਕਿ ਬੀਤੀ 25-26 ਫਰਵਰੀ ਦੀ ਰਾਤ ਨੂੰ ਪਿੰਡ ਹੁਸਨਰ ਵਿਖੇ ਇੰਨ੍ਹਾਂ ਵੱਲੋਂ ਅਜਿਹੀ ਹੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ। ਫ਼ਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਭਾਰਤੀ ਕ੍ਰਿਕੇਟਰ ਸੁਰੇਸ਼ ਰੈਨਾ ਦੇ ਪਠਾਨਕੋਟ 'ਚ ਹਲਕਾ ਸੁਜਾਨਪੁਰ ਦੇ ਪਿੰਡ ਥਰਿਆਲ 'ਚ ਰਹਿੰਦੇ ਕਰੀਬੀ ਰਿਸ਼ਤੇਦਾਰਾਂ ਦਾ ਲੁਟੇਰਿਆਂ ਵੱਲੋਂ 20 ਅਗਸਤ 2020 ਨੂੰ ਕਤਲ ਕਰ ਦਿੱਤਾ ਗਿਆ ਸੀ। ਲੁਟੇਰਿਆਂ ਨੇ ਰਾਤ ਨੂੰ ਘਰ ਵਿੱਚ ਹਮਲਾ ਕਰਕੇ ਸੁਰੇਸ਼ ਰੈਨਾ ਦੇ ਪਰਿਵਾਰ ਦੇ 5 ਮੈਂਬਰਾਂ ਨੂੰ ਜ਼ਖਮੀ ਕੀਤਾ ਸੀ, ਇਸ ਵਾਰਦਾਤ ਵਿੱਚ ਰੈਨਾ ਦੇ ਫੁੱਫੜ ਦੀ ਮੌਤ ਹੋ ਗਈ ਸੀ।
Get all latest content delivered to your email a few times a month.