ਤਾਜਾ ਖਬਰਾਂ
ਭਿੱਖੀਵਿੰਡ (ਰਿੰਪਲ ਗੋਲਣ) ਤਹਿਸੀਲ ਕੰਪਲੈਕਸ ਭਿੱਖੀਵਿੰਡ ਅੰਦਰ ਮੌਜੂਦ ਐਸ.ਡੀ.ਐਮ ਦਫ਼ਤਰ ਵਿੱਚ ਲਾਇਸੰਸ, ਆਰਸੀ ਬਣਵਾਉਣ ਅਤੇ ਚਲਾਨ ਭੁਗਤਣ ਲਈ ਆਉਂਦੇ ਲੋਕਾਂ ਦੀ ਸਰਕਾਰੀ ਬਾਬੂਆਂ ਵੱਲੋਂ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਅੰਬਾਵਤਾ) ਦੇ ਜ਼ਿਲ੍ਹਾ ਤਰਨ ਤਾਰਨ ਤੋਂ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕੰਬੋਕੇ ਨੇ ਕਿਹਾ ਕਿ ਮੌਜੂਦਾ ਸਰਕਾਰ ਭ੍ਰਿਸ਼ਟਾਚਾਰ 'ਤੇ ਰਿਸ਼ਵਤਖੋਰੀ ਨੂੰ ਨੱਥ ਪਾਉਣ 'ਚ ਅਸਮਰੱਥ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਤੋਂ ਪਹਿਲਾਂ ਸੂਬਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਜੜ੍ਹੋਂ ਖਤਮ ਕੀਤਾ ਜਾਵੇਗਾ। ਪ੍ਰੰਤੂ ਰਿਸ਼ਵਤਖੋਰੀ ਖਤਮ ਹੋਣ ਦੀ ਬਜਾਏ ਤੇਜ਼ੀ ਨਾਲ ਵਧਦੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੀ ਮਿਸਾਲ ਭਿੱਖੀਵਿੰਡ ਦੇ ਐਸ.ਡੀ.ਐਮ ਦਫ਼ਤਰ ਤੋਂ ਸਾਹਮਣੇ ਆਉਂਦੀ ਹੈ, ਜਿੱਥੇ ਕੰਮ ਕਰਵਾਉਣ ਆਉਂਦੇ ਲੋਕਾਂ ਦੀ ਸਰਕਾਰੀ ਬਾਬੂਆਂ ਵੱਲੋਂ ਲੁੱਟ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਮਾਮਲੇ ਸੰਬੰਧੀ ਇਲਾਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਹੈ। ਇਸ ਮੌਕੇ ਪੰਜਾਬ ਸਿੰਘ ਕੰਬੋਕੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਭਿੱਖੀਵਿੰਡ ਐਸ.ਡੀ.ਐਮ ਦਫ਼ਤਰ ਵਿਖੇ ਲੋਕਾਂ ਦੀ ਹੋ ਰਹੀ ਲੁੱਟ ਨੂੰ ਤੁਰੰਤ ਰੋਕਿਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮਾਮਲੇ ਸਬੰਧੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਨ੍ਹਾਂ ਦੀ ਜਥੇਬੰਦੀ ਐਸ.ਡੀ.ਐਮ ਦਫ਼ਤਰ ਸਾਹਮਣੇ ਧਰਨਾ ਦੇਵੇਗੀ।
Get all latest content delivered to your email a few times a month.