ਤਾਜਾ ਖਬਰਾਂ
ਅੰਮ੍ਰਿਤਸਰ, 30 ਜੂਨ- ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅੱਜ ਕਿਹਾ ਕਿ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਧਾਰਮਿਕ ਆਜ਼ਾਦੀ ਅਤੇ ਸਦਭਾਵਨਾ ਪ੍ਰਤੀ ਪਾਕਿਸਤਾਨ ਦੀ ‘ਅਟੁੱਟ ਵਚਨਬੱਧਤਾ’ ਵਿੱਚ ਕੋਈ ਸਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਜਨਰਲ ਬਾਜਵਾ ਨੇ ਰਾਵਲਪਿੰਡੀ ਆਰਮੀ ਹੈੱਡਕੁਆਟਰ ਵਿਖੇ ਪਹੁੰਚੇ ਬ੍ਰਿਟਿਸ਼ ਫ਼ੀਲਡ ਆਰਮੀ ਦੇ ਸਿੱਖ ਵਫ਼ਦ ਨੂੰ ਕਰਤਾਰਪੁਰ ਲਾਂਘੇ ਦੇ ਹਵਾਲੇ ਨਾਲ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੇ ਨਾਂ ’ਤੇ ‘ਧਾਰਮਿਕ ਸੈਰ-ਸਪਾਟੇ’ ਨੂੰ ਬੜ੍ਹਾਵਾ ਦੇਣ ਦੀ ਗੱਲ ਕਰਕੇ ਪਾਕਿਸਤਾਨ ਦਾ ਅਕਸ ਸੁਧਾਰਨ ਵਿੱਚ ਅਸਫਲ ਕੋਸ਼ਿਸ਼ ਕੀਤੀ ਹੈ। ਭਾਜਪਾ ਨੇਤਾ ਨੇ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨ ਕਿਸੇ ਵੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਕੱਟੜਪੰਥੀਆਂ ਵੱਲੋਂ ਘੱਟ ਗਿਣਤੀਆਂ ਦੀ ਧਾਰਮਿਕ ਅਤੇ ਸਭਿਆਚਾਰਕ ਵਿਰਾਸਤ ਨੂੰ ਬੇਰਹਿਮੀ ਨਾਲ ਤਬਾਹ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਸੁੰਦਰ ਅਤੇ ਆਲੀਸ਼ਾਨ ਸਿੱਖ ਗੁਰਦੁਆਰੇ ਅਤੇ ਹਿੰਦੂ ਮੰਦਰ ਬਿਨਾਂ ਰੱਖ-ਰਖਾਅ ਅਤੇ ਦੇਖਭਾਲ ਦੇ ਖੰਡਰ ਹੋ ਚੁੱਕੇ ਹਨ। ਉਨ੍ਹਾਂ 'ਤੇ ਆਏ ਦਿਨ ਹੋ ਰਹੇ ਹਮਲੇ ਧਾਰਮਿਕ ਅਸਹਿਣਸ਼ੀਲਤਾ ਨੂੰ ਉਜਾਗਰ ਕਰਦੇ ਹੋਏ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਸ ਕਮੇਟੀ ਕੋਲ ਸਿੱਖਾਂ ਦੇ ਧਾਰਮਿਕ ਮਾਮਲਿਆਂ ਬਾਰੇ ਫ਼ੈਸਲਾ ਕਰਨ ਦਾ ਕੋਈ ਸੁਤੰਤਰ ਅਧਿਕਾਰ ਨਹੀਂ ਹੈ। ਸਾਰੀਆਂ ਸ਼ਕਤੀਆਂ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਕੋਲ ਹਨ, ਜੋ ਪਾਕਿਸਤਾਨ ਵਕਫ਼ ਬੋਰਡ ਦੇ ਅਧੀਨ ਕੰਮ ਕਰਦਾ ਹੈ। ਇਸ ਦੀ ਸ਼ੁਰੂਆਤ ਨਹਿਰੂ-ਲਿਆਕਤ ਅਤੇ ਫਿਰ ਪੰਤ ਮਿਰਜ਼ਾ ਸਮਝੌਤੇ ਰਾਹੀਂ ਹਿੰਦੂ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਲਈ ਸੰਵਿਧਾਨਕ ਸੰਸਥਾ ਵਜੋਂ ਕੀਤੀ ਗਈ ਸੀ। ਇਸ ਦਾ ਚੇਅਰਮੈਨ ਹਿੰਦੂ ਜਾਂ ਸਿੱਖ ਹੋਣਾ ਸੀ, ਜਿਸ ਨੂੰ ਪਾਕਿਸਤਾਨ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਲਾਗੂ ਨਹੀਂ ਕੀਤਾ ਗਿਆ। ਅੱਜ ਪਾਕਿਸਤਾਨ ਦੀ ਵੰਡ ਦੌਰਾਨ ਹਿੰਦੂਆਂ ਵੱਲੋਂ ਛੱਡੇ ਗਏ 1,130 ਤੋਂ ਵੱਧ ਹਿੰਦੂ ਮੰਦਰਾਂ ਵਿੱਚੋਂ 30 ਦੇ ਕਰੀਬ ਅਤੇ 517 ਸਿੱਖ ਗੁਰਧਾਮਾਂ ਵਿੱਚੋਂ ਸਿਰਫ਼ 17-18 ਹੀ ਦਰਸ਼ਨਾਂ ਲਈ ਖੋਲ੍ਹੇ ਗਏ ਹਨ। ਜ਼ਿਆਦਾਤਰ ਗੁਰਦੁਆਰਿਆਂ ਵਿੱਚ ਸਥਾਨਕ ਲੋਕ ਰਹਿੰਦੇ ਹਨ ਜਾਂ ਉਨ੍ਹਾਂ ਦੇ ਪਸ਼ੂ ਬੰਨ੍ਹੇ ਹੋਏ ਹਨ।
ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਆਦਿ ਨਾਮੀ ਗੁਰਦੁਆਰਿਆਂ ਨੂੰ ਛੱਡ ਕੇ ਬਾਕੀ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਨਾ ਮਾਤਰ ਹੈ। ਗੁਰੂ ਨਾਨਕ ਦੇਵ ਜੀ ਨੇ ਜਿਸ ਗੁ: ਸੱਚਾ ਸੌਦਾ, ਚੂਹੜਕਾਨਾ ਤੋਂ ਲੰਗਰ ਪ੍ਰਥਾ ਨੂੰ ਆਰੰਭ ਕੀਤਾ ਸੀ ਅੱਜ ਉਥੇ ਲੰਗਰ ਹਾਲ ਤਕ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਏ ਗਏ ਸ਼ਾਨਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਹਲਾ ਮੰਡੀ ਸਾਹੀਵਾਲ ਨੂੰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਗੁਰੂ: ਬਾਬੇ ਦਾ ਬੇਰ ਸਿਆਲਕੋਟ ਵਿੱਚ ਜਾਹਲੀ ਪੀਰ ਪੱਪੂ ਮਲੰਗ ਦਫ਼ਨ ਹੈ। ਗੁ: ਭਾਈ ਲਾਲੋ ਜੀ ਤਤਲੇਆਂਨੀ, ਗੁ: ਬਾਬਾ ਜਮੀਅਤ ਸਿੰਘ ਲਹੌਰ ਅਤੇ ਗੁ: ਪਾ: ਛੇਵੀਂ, ਅਮਰ ਸਿੱਧੂ ਵਿਖੇ ਕਥਿਤ ਪੀਰਾਂ ਦੀਆਂ ਕਬਰਾਂ ਬਣਾ ਦਿੱਤੀਆਂ ਗਈਆਂ। ਦਰਿਆ ਜਿਹਲਮ ਕਿਨਾਰੇ ਦਾ ਗੁ: ਕਰਮ ਸਿੰਘ ਆਹਲੂਵਾਲੀਆ ਪੁਲੀਸ ਥਾਣਾ ਅਤੇ ਗੁ: ਨਨਕਾਣਾ ਸਾਹਿਬ ਦੀ ਅੱਧੀ ਜ਼ਮੀਨ ਵੇਚ ਦਿੱਤੀ ਗਈ। ਗੁਰਦੁਆਰਾ ਬੇਬੇ ਨਾਨਕੀ, ਡੇਰਾ ਚਾਹਲ ਲਾਹੌਰ ਦੀ ਅੱਠ ਸੌ ਕਰੋੜ ਦੀ ਬੇਸ਼ਕੀਮਤੀ ਜ਼ਮੀਨ ਨੂੰ ਖ਼ੁਰਦ ਬੁਰਦ ਕਰਨ , ਅੰਮ੍ਰਿਤਸਰ ਦੇ ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਦੀ ਕੰਡਿਆਲੀ ਤਾਰ ਤੋਂ ਮਹਿਜ਼ ਦੋ ਕਿੱਲੋਮੀਟਰ ’ਤੇ ਪਿੰਡ ਪਢਾਣਾ ਵਿਚ ਗੁ: ਛੇਵੀਂ ਪਾਤਿਸ਼ਾਹੀ ਪਢਾਣਾ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ। ਇੱਥੇ ਹੀ ਜਵਾਲ ਸਿੰਘ ਦੀ ਤਿੰਨ ਮੰਜ਼ਲੀ ਸ਼ਾਨਦਾਰ ਮਹਿਲਨੁਮਾ ਵਿਸ਼ਾਲ ਹਵੇਲੀ ਰੱਖ ਰਖਾਅ ਬਿਨਾ ਖ਼ਤਮ ਹੋਣ ਕਿਨਾਰੇ ਹੈ। ਬਾਰਡਰ ਨੇੜੇ ਜਾਹਮਣ ਪਿੰਡ ਦਾ ਗੁ: ਰੋੜੀ ਸਾਹਿਬ, ਪਿੰਡ ਘਵਿੰਡੀ ਦਾ ਗੁ: ਲਹੁੜਾ ਸਾਹਿਬ, ਪਿੰਡ ਮਨਿਹਾਲਾ ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪਵਨ ਅਸਥਾਨ, ਪਿੰਡ ਢਿਲਵਾਂ ਦਾ ਗੁ: ਮੰਜੀ ਸਾਹਿਬ ਪਾ: ਛੇਵੀ, ਪਿੰਡ ਰਾਮਪੁਰ ਖ਼ੁਰਦ ਅਤੇ ਪਿੰਡ ਝਲੀਆਂ ’ਚ ਗੁ: ਪਾ: ਛੇਵੀ, ਮੁਜਫਰਾਬਾਦ ਡਵੀਜ਼ਨ ਕੋਲ ਨਲੂਸੀ ਅਤੇ ਪਿੰਡ ਅਲੀਬੇਗ ਦੇ ਗੁ: ਪਾ: ਛੇਵੀਂ, ਜ਼ਿਲ੍ਹਾ ਕਸੂਰ ਦੇ ਕਸਬੇ ਕਾਦੀਵਿੰਡ ਅਤੇ ਪਿੰਡ ਤਰਗੇ ’ਚ ਗੁਰੂ ਅਮਰਦਾਸ ਜੀ ਦੀਆਂ ਯਾਦਗਾਰਾਂ ਆਦਿ ਦੀ ਇਕ ਲੰਮੀ ਸੂਚੀ ਹੈ, ਜੋ ਖੰਡਰ ਵਿੱਚ ਤਬਦੀਲ ਹੋ ਚੁੱਕੀਆਂ ਹਨ।
ਇਸੇ ਤਰ੍ਹਾਂ ਪਾਕਿਸਤਾਨ ਵਿੱਚ ਹਿੰਦੂ ਮੰਦਰਾਂ ਦੀ ਹਾਲਤ ਵੀ ਤਸੱਲੀਬਖਸ਼ ਨਹੀਂ ਹੈ। ਹਿੰਦੂਆਂ ਨੂੰ ਖਦੇੜਣ ਲਈ ਕੱਟੜਪੰਥੀ ਮੰਦਰਾਂ ਨੂੰ ਵੀ ਢਾਹ ਰਹੇ ਹਨ। ਆਜ਼ਾਦੀ ਤੋਂ ਪਹਿਲਾਂ, ਹਾਲਾਂਕਿ, ਮੁਹੰਮਦ ਅਲੀ ਜਿਨਾਹ ਨੇ ਭਰੋਸਾ ਦਿੱਤਾ ਸੀ ਕਿ ਪਾਕਿਸਤਾਨ ਵਿੱਚ ਮੰਦਰ ਬਣੇ ਰਹਿਣਗੇ ਅਤੇ ਪੂਜਾ ਅਤੇ ਦਰਸ਼ਨਾਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਪਰ ਸਭ ਕੁਝ ਉਲਟ ਹੋ ਰਿਹਾ ਹੈ। ਚਕਵਾਲ ’ਚ ਉਜਾੜੇ ਦਾ ਸਾਹਮਣਾ ਕਰ ਰਹੇ 1500 ਸਾਲ ਪੁਰਾਣੇ ਇਤਿਹਾਸਕ ਕਟਾਸ ਰਾਜ ਦੇ ਸ੍ਰੀ ਰਾਮ ਅਤੇ ਹਨੂੰਮਾਨ ਮੰਦਰਾਂ ਵਿੱਚੋਂ ਕੀਮਤੀ ਮੂਰਤੀਆਂ ਗਾਇਬ ਹੋ ਗਈਆਂ ਹਨ। ਡੇਰਾ ਇਸਮਾਈਲ ਖਾਨ ਦੇ ਇਤਿਹਾਸਕ ਕਾਲੀ ਬਾਰੀ ਮੰਦਰ ਨੂੰ ਤਾਜ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ। ਪਿਛਲੇ ਇੱਕ ਸਾਲ ਵਿੱਚ ਹੀ ਸੂਬਾ ਸਿੰਧ ਦੇ ਪਿੰਡਾਂ ਖਿਪਰੋ, ਚਾਚਰੋ, ਨਗਰਪਾਰਕਰ, ਸੂਬਾ ਪੰਜਾਬ ਦੇ ਪਿੰਡ ਭੌਂਗ, ਰਹੀਮ ਯਾਰ ਖਾਨ ਅਤੇ ਖੈਬਰ ਪਖਤੂਨਖਵਾ ਦੇ ਕਰਕ ਦੇ ਪਿੰਡ ਟੈਰੀ ਦੇ ਮੰਦਰਾਂ ਉੱਤੇ ਇਸਲਾਮਿਕ ਕੱਟੜਪੰਥੀਆਂ ਵੱਲੋਂ ਹਮਲੇ ਕੀਤੇ ਗਏ ਹਨ। ਅਗਾਂ ਲਾਈਆਂ ਗਈਆਂ ਅਤੇ ਮੂਰਤੀਆਂ ਖੰਡਿਤਤ ਕੀਤੀਆਂ ਗੲ.ਆਂ। ਇਸਲਾਮਾਬਾਦ ਵਿਚ ਕ੍ਰਿਸ਼ਨਾ ਮੰਦਰ, ਲਯਾਰੀ ਵਿਚ ਹਨੂੰਮਾਨ ਮੰਦਰ ਅਤੇ ਕਰੂ ਘਨਵਾਰ ਮੰਦਰ ਵੀ ਤਬਾਹ ਹੀ ਨਹੀਂ ਬਚ ਸਕੇ। ਇਹ ਅੰਦਾਜ਼ਾ ਹੈ ਕਿ ਪਿਛਲੇ 30 ਸਾਲਾਂ ਵਿੱਚ ਸੈਂਕੜੇ ਮੰਦਰ ਤਬਾਹ ਕਰ ਦਿਤੇ ਗਏ ਹਨ ਜਾਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੀਲਮ ਨਦੀ ਦੇ ਕੰਢੇ ਸਥਿਤ 5,000 ਸਾਲ ਪੁਰਾਣੇ ਸ਼ਾਰਦਾ ਪੀਠ ਮੰਦਰ ਖੰਡਿਤ ਹੋ ਚੁਕਿਆ ਹੈ। ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਸਵਾਲ ਉਠਾਇਆ ਹੈ ਕਿ ਪਾਕਿਸਤਾਨ ’ਚ ਡਰ ਅਤੇ ਸਹਿਮ ਦੇ ਸਾਏ ਹੇਠ ਜੀਅ ਰਹੇ ਹਿੰਦੂ - ਸਿੱਖ ਭਾਈਚਾਰੇ ਨੂੰ ਉਥੋਂ ਖਦੇੜਣ ਅਤੇ ਅਸਤਿਤਵ ਮਿਟਾਉਣ ਲਈ ਧਰਮ ਅਸਥਾਨਾਂ ’ਤੇ ਬੇ ਲਗਾਮ ਹੋ ਕੇ ਹਮਲੇ ਕਰਨ ਵਾਲੇ ਕੱਟੜਪੰਥੀਆਂ ਦੀ ਪੁਸ਼ਤ ਪਨਾਹੀ ਕੌਣ ਕਰ ਰਿਹਾ ਹੈ ਕੀ ਇਹ ਜਨਰਲ ਬਾਜਵਾ ਨੂੰ ਨਹੀਂ ਪਤਾ? ਕੀ ਇਹ ਹੀ ਪਾਕਿਸਤਾਨ ਦੀ ਧਾਰਮਿਕ ਸਹਿਣਸ਼ੀਲਤਾ ਹੈ?
Get all latest content delivered to your email a few times a month.