ਤਾਜਾ ਖਬਰਾਂ
ਭਿੱਖੀਵਿੰਡ/ਖਾਲੜਾ 30 ਅਪ੍ਰੈਲ (ਲਖਵਿੰਦਰ ਸਿੰਘ ਗੋਲਣ/ਰਣਬੀਰ ਸਿੰਘ ਗੋਲਣ) ਭਿੱਖੀਵਿੰਡ ਚੌਕ 'ਚ ਸਥਿਤ ਤਿੰਨ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਗਟ ਸਿੰਘ ਉਰਫ ਮਾਟੀ ਪੁੱਤਰ ਮੇਜਰ ਸਿੰਘ, ਜਿੰਨਾਂ ਦੀ ਸਬਜ਼ੀ ਦੇ ਬੀਜਾਂ ਅਤੇ ਸਜਾਵਟ ਦੀ ਦਕਾਨ ਹੈ, ਰਾਜਪਾਲ ਪੁੱਤਰ ਵੇਦ ਪ੍ਰਕਾਸ਼, ਜਿੰਨਾਂ ਦੀ ਸਬਜ਼ੀ ਦੁਕਾਨ ਹੈ ਅਤੇ ਰਮਨ ਪੁੱਤਰ ਕਾਕੇਸ਼ਾਹ, ਜਿੰਨਾਂ ਦੀ ਫਿਨਾਇਲ ਅਤੇ ਨੀਲ ਵੇਚਣ ਦੀ ਦੁਕਾਨ ਹੈ, ਨੇ ਦੱਸਿਆ ਕਿ ਕੱਲ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ ਸਨ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 11 ਵਜੇ ਕਿਸੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਨੂੰ ਅੱਗ ਲੱਗੀ ਗਈ ਹੈ, ਪ੍ਰੰਤੂ ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਦੇਖਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਅਤੇ ਲੱਗੀ ਹੋਈ ਅੱਗ ਨੇ ਭਾਂਬੜਾਂ ਦਾ ਰੂਪ ਧਾਰਨ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਪੱਟੀ ਤੋਂ ਆਈ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ 'ਤੇ ਕਾਬੂ ਪਾਇਆ। ਪ੍ਰਗਟ ਸਿੰਘ ਉਰਫ ਮਾਟੀ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿੱਚ ਰੱਖੇ ਫਰੂਟ, ਸਬਜ਼ੀਆਂ ਦੇ ਬੀਜ, ਸਜਾਵਟ ਵਾਲੇ ਫੁੱਲ, ਦਵਾਈਆਂ, ਦੁਕਾਨ ਦੀਆਂ ਹਿਸਾਬ ਵਾਲੀਆਂ ਕਾਪੀਆਂ ਅਤੇ ਦੁਕਾਨ ਦਾ ਪੈਸਿਆ ਵਾਲਾ ਗੋਲਕ ਵੀ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸੇ ਤਰਾਂ ਰਾਜਪਾਲ ਪੁੱਤਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੀਆਂ ਸਬਜ਼ੀਆਂ, ਕਰੇਟ, ਗੰਡੇ, ਲਸਣ ਆਦਿ ਵਸਤੂਆਂ ਸੜ ਕੇ ਸਵਾਹ ਹੋ ਗਈਆਂ, ਜਿਸ ਵਿੱਚ ਉਨ੍ਹਾਂ ਦਾ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਰਮਨ ਪੁੱਤਰ ਕਾਕੇ ਸ਼ਾਹ ਮੁਤਾਬਕ ਉਨ੍ਹਾਂ ਦਾ ਵੀ ਕਰੀਬ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦੱਸ ਦੇਈਏ ਕਿ ਦੁਕਾਨਦਾਰਾਂ ਨੇ ਅਸ਼ੰਕਾ ਜਤਾਈ ਹੈ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਨ੍ਹਾਂ ਦੀਆਂ ਦੁਕਾਨਾਂ ਨੂੰ ਅੱਗ ਲਗਾਈ ਗਈ ਹੈ, ਜਿਸ ਸੰਬੰਧੀ ਉਨ੍ਹਾਂ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦਰਜ਼ ਕਰਵਾਈ ਜਾਵੇਗੀ।
Get all latest content delivered to your email a few times a month.