IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, 80 ਸਾਲਾਂ ਦੀ ਉਡੀਕ ਖ਼ਤਮ: ਨੌਸ਼ਹਿਰਾ ਵਿਰਕਾਂ ਦਾ ਇਤਿਹਾਸਕ ਗੁਰਦੁਆਰਾ...

80 ਸਾਲਾਂ ਦੀ ਉਡੀਕ ਖ਼ਤਮ: ਨੌਸ਼ਹਿਰਾ ਵਿਰਕਾਂ ਦਾ ਇਤਿਹਾਸਕ ਗੁਰਦੁਆਰਾ ਖਾਰਾ ਸਾਹਿਬ ਸੰਗਤ ਲਈ ਮੁੜ ਖੁੱਲ੍ਹਿਆ

Admin User - Nov 29, 2026 02:57 PM
IMG

ਪਾਕਿਸਤਾਨ ਦੇ ਪੰਜਾਬ ਸੂਬੇ ਅਧੀਨ ਪੈਂਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਨੌਸ਼ਹਿਰਾ ਵਿਰਕਾਂ ਖੇਤਰ ਦੇ ਪਿੰਡ ਭਾਈ ਕੇ ਮੱਟੂ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ (ਗੁਰਦੁਆਰਾ ਖਾਰਾ ਸਾਹਿਬ) ਲੰਮੇ ਅਰਸੇ ਬਾਅਦ ਸ਼ਨੀਵਾਰ ਨੂੰ ਮੁੜ ਸੰਗਤ ਲਈ ਖੋਲ੍ਹ ਦਿੱਤਾ ਗਿਆ ਹੈ। 1947 ਦੀ ਵੰਡ ਤੋਂ ਬਾਅਦ ਕਰੀਬ ਅੱਠ ਦਹਾਕਿਆਂ ਤੱਕ ਇਹ ਪਾਵਨ ਅਸਥਾਨ ਬੰਦ ਪਿਆ ਰਿਹਾ ਅਤੇ ਖਸਤਾ ਹਾਲਤ ਵਿੱਚ ਸੀ, ਪਰ ਹੁਣ ਨਵੀਨੀਕਰਨ ਮਗਰੋਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ ਹੈ।


ਪਾਕਿਸਤਾਨ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਦਰਜ ਹੋਇਆ ਹੈ, ਜਦੋਂ ਕਿਸੇ ਸੇਵਾ ਸੰਭਾਲੇ ਗੁਰਦੁਆਰੇ ਨੂੰ ਮੁੜ ਖੋਲ੍ਹਣ ਦੀ ਰਸਮੀ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਨੇਪਰੇ ਚਾੜ੍ਹੀ ਗਈ ਹੋਵੇ।


ਇਤਿਹਾਸਕ ਹਵਾਲਿਆਂ ਮੁਤਾਬਕ, ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ 1620 ਈਸਵੀ ਵਿੱਚ ਕਸ਼ਮੀਰ ਤੋਂ ਪਰਤਦਿਆਂ ਇਸ ਇਲਾਕੇ ਵਿੱਚ ਆਏ ਸਨ ਅਤੇ ਇੱਥੇ ਤਕਰੀਬਨ ਇੱਕ ਮਹੀਨਾ ਠਹਿਰ ਕੇ ਸਿੱਖੀ ਦਾ ਪ੍ਰਚਾਰ ਕੀਤਾ। ਇੱਥੋਂ ਦੇ ਇੱਕ ਸਥਾਨਕ ਪੰਡਤ ਨੇ ਗੁਰੂ ਸਾਹਿਬ ਤੋਂ ਸਿੱਖੀ ਧਾਰਨ ਕੀਤੀ, ਜਿਨ੍ਹਾਂ ਨੂੰ ‘ਭਾਈ’ ਦੀ ਉਪਾਧੀ ਮਿਲੀ। ਗੁਰੂ ਸਾਹਿਬ ਜੀ ਦੀ ਬਰਾਤ ਵੀ ਇਸੇ ਰਾਹ ਰਾਹੀਂ ਪਿੰਡ ਮੜਿਆਲੀ ਗਈ ਸੀ, ਜਿਸ ਕਾਰਨ ਇਹ ਅਸਥਾਨ ਗੁਰਦੁਆਰਾ ਖਾਰਾ ਸਾਹਿਬ ਵਜੋਂ ਪ੍ਰਸਿੱਧ ਹੋਇਆ।



ਇਸ ਇਮਾਰਤ ਦਾ ਮੌਜੂਦਾ ਪੱਕਾ ਢਾਂਚਾ 1940 ਤੋਂ 1945 ਦੇ ਦਰਮਿਆਨ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਸੀ, ਜਦਕਿ ਪਿੰਡ ਦੀ ਮਾਈ ਸਹਿਜੋ ਜੀ ਨੇ ਪੱਕਾ ਸਰੋਵਰ ਬਣਵਾਇਆ। 1900 ਤੋਂ 1947 ਤੱਕ ਇੱਥੇ ਨਿਰੰਤਰ ਪ੍ਰਕਾਸ਼ ਹੁੰਦਾ ਰਿਹਾ ਅਤੇ ਹਰ ਸਾਲ ਸਾਵਣ ਮਹੀਨੇ ਦੀ 5, 6 ਤੇ 7 ਤਰੀਕ ਨੂੰ ਵੱਡਾ ਜੋੜ ਮੇਲਾ ਭਰਦਾ ਸੀ। ਉਸ ਸਮੇਂ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸੀ। ਇੱਥੇ ਮੌਜੂਦ ਭਾਈ ਜਸਪਤ ਜੀ ਦੀ ਪੁਰਾਤਨ ਸਮਾਧ ਨੂੰ ਵੀ ਮੁੜ ਸੁਰਜੀਤ ਕੀਤਾ ਗਿਆ ਹੈ—ਉਹੀ ਭਾਈ ਜਸਪਤ ਜੀ ਜੋ ਮੁਸ਼ਕਲ ਦੌਰ ਵਿੱਚ ਪਿੰਡਾਂ ਤੋਂ ਰਸਦ ਇਕੱਠੀ ਕਰਕੇ ਜੰਗਲਾਂ ਵਿੱਚ ਸਿੰਘਾਂ ਲਈ ਲੰਗਰ ਪਹੁੰਚਾਉਂਦੇ ਸਨ ਅਤੇ ਜਿਨ੍ਹਾਂ ਨੇ ਮੰਜੀ ਸਾਹਿਬ ਤੇ ਗੁੰਬਦ ਦੀ ਸੇਵਾ ਕਰਵਾਈ ਸੀ।


ਗੁਰਦੁਆਰਾ ਸਾਹਿਬ ਦੇ ਮੁੜ ਖੁੱਲ੍ਹਣ ਦੀ ਰਸਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪੰਜਾਬ (ਪਾਕਿਸਤਾਨ) ਦੇ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਸਾਂਝੇ ਤੌਰ ’ਤੇ ਅਦਾ ਕੀਤੀ। ਇਸ ਮੌਕੇ ਨੌਸ਼ਹਿਰਾ ਵਿਰਕਾਂ ਤੋਂ ਕੌਮੀ ਅਸੈਂਬਲੀ ਦੇ ਮੈਂਬਰ ਅਜ਼ਹਰ ਕਯੂਮ ਨਾਹਰਾ ਅਤੇ ਸਹਾਇਕ ਕਮਿਸ਼ਨਰ ਅਹਿਮਦ ਇਕਬਾਲ ਵੀ ਮੌਜੂਦ ਸਨ। ਪਹੁੰਚਣ ’ਤੇ ਸੰਗਤ, ਪ੍ਰਸ਼ਾਸਨ ਅਤੇ ਇਲਾਕਾ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਅਤੇ ਗੁਲਦਸਤਿਆਂ ਨਾਲ ਆਗੂਆਂ ਦਾ ਸਵਾਗਤ ਕੀਤਾ।


ਸ੍ਰੀ ਨਨਕਾਣਾ ਸਾਹਿਬ ਤੋਂ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਜਥੇਦਾਰ ਗੜਗੱਜ ਨੇ ਪੰਜ ਪਿਆਰਿਆਂ ਸਮੇਤ ਅਰਦਾਸ ਕੀਤੀ ਅਤੇ ਦੋਵਾਂ ਪੰਜਾਬਾਂ ਦੀ ਤਰੱਕੀ, ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਬੇਨਤੀ ਕੀਤੀ। ਸੋਦਰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਕੀਰਤਨ ਦੀਵਾਨ ਸਜੇ ਅਤੇ ਗੁਰਦੁਆਰੇ ਦੇ ਪਾਰਕ ਵਿੱਚ ਹੋਏ ਸਮਾਗਮ ਦੌਰਾਨ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਭਾਰਤ, ਮਲੇਸ਼ੀਆ ਅਤੇ ਹੋਰ ਮੁਲਕਾਂ ਤੋਂ ਵੀ ਸੰਗਤ ਇਸ ਮੌਕੇ ਸ਼ਾਮਲ ਹੋਈ।



ਇਸ ਗੁਰਦੁਆਰਾ ਸਾਹਿਬ ਦੀ ਪੁਰਾਤਨ ਦਿੱਖ ਨੂੰ ਕਾਇਮ ਰੱਖਦਿਆਂ ਸਾਂਭ-ਸੰਭਾਲ ਦਾ ਕੰਮ ‘ਸੇਵਾ ਸੰਭਾਲ’ ਸੰਸਥਾ ਵੱਲੋਂ ਬਰਜਿੰਦਰ ਸਿੰਘ ਹੁਸੈਨਪੁਰ ਅਤੇ ਬੀਬੀ ਸੁਖ ਸਾਗਰ ਕੌਰ ਦੀ ਅਗਵਾਈ ਹੇਠ, ਪਰਿਵਾਰ (ਮਾਤਾ ਸੁਖਵਿੰਦਰ ਕੌਰ ਤੇ ਬੀਬੀ ਹਰਜੀਤ ਕੌਰ) ਅਤੇ ਹਰਪ੍ਰੀਤ ਸਿੰਘ ਕਾਹਲੋਂ (ਅਦਬੀ ਬੈਠਕ) ਦੇ ਉਪਰਾਲਿਆਂ ਨਾਲ ਪੂਰਾ ਕੀਤਾ ਗਿਆ। ਇਸ ਕਾਰਜ ਵਿੱਚ ਸੰਗਤ, ਓਕਾਫ ਬੋਰਡ ਅਤੇ ਪੰਜਾਬ ਸਰਕਾਰ (ਪਾਕਿਸਤਾਨ) ਦਾ ਸਹਿਯੋਗ ਰਿਹਾ, ਜਦਕਿ ਨੈਸ਼ਨਲ ਕਾਲਜ ਆਫ਼ ਆਰਟਸ ਲਾਹੌਰ ਨੇ ਤਕਨੀਕੀ ਤੇ ਸਲਾਹਕਾਰੀ ਭੂਮਿਕਾ ਨਿਭਾਈ।


ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਉਹ 2024 ਵਿੱਚ ਪਰਮਜੀਤ ਸਿੰਘ ਸਰਨਾ ਦੇ ਕਹਿਣ ’ਤੇ ਇੱਥੇ ਆਏ ਸਨ, ਜਿਸ ਤੋਂ ਬਾਅਦ ਸੇਵਾ ਦੀ ਸ਼ੁਰੂਆਤ ਹੋਈ। ਉਨ੍ਹਾਂ ਜ਼ੋਰ ਦਿੱਤਾ ਕਿ ਵਿਛੜੇ ਗੁਰਧਾਮਾਂ ਦੀ ਸੰਭਾਲ ਲਈ ਸਿੱਖਾਂ ਨੂੰ ਖ਼ੁਦ ਅੱਗੇ ਆਉਣਾ ਪਵੇਗਾ ਅਤੇ ਪੁਰਾਤਨ ਵਿਰਾਸਤ ਨੂੰ ਢਾਹੁਣ ਦੀ ਥਾਂ ਮੂਲ ਰੂਪ ਵਿੱਚ ਸਾਂਭਣਾ ਚਾਹੀਦਾ ਹੈ, ਜਿਵੇਂ ਇੱਥੇ ਪੁਰਾਤਨ ਪੱਥਰਾਂ ਅਤੇ ਲਾਹੌਰ ਆਰਟ ਕਾਲਜ ਦੀ ਮਦਦ ਨਾਲ ਪੁਰਾਣੀ ਸ਼ੈਲੀ ਦੀ ਮੀਨਾਕਾਰੀ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੈਸਾ ਅੱਜ ਪੰਥ ਲਈ ਕੋਈ ਵੱਡੀ ਸਮੱਸਿਆ ਨਹੀਂ ਹੈ, ਬਲਕਿ ਵਿਰਾਸਤ ਪ੍ਰਤੀ ਸੁਚੇਤਤਾ ਅਹਿਮ ਹੈ।


ਜਥੇਦਾਰ ਗੜਗੱਜ ਨੇ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ਐੱਮਐੱਨਏ ਅਜ਼ਹਰ ਕਯੂਮ ਨਾਹਰਾ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸ਼ਰਧਾਲੂਆਂ ਦੇ ਜਥਿਆਂ ਨੂੰ ਇਸ ਅਸਥਾਨ ਦੇ ਦਰਸ਼ਨ ਵੀ ਕਰਵਾਏ ਜਾਣ। ਉਨ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਥੇ ਪੱਕੇ ਤੌਰ ’ਤੇ ਪ੍ਰਕਾਸ਼, ਗ੍ਰੰਥੀ, ਰਾਗੀ ਤੇ ਸੇਵਾਦਾਰ ਤਾਇਨਾਤ ਕਰਨ ਅਤੇ ਸਥਾਨਕ ਪ੍ਰਸ਼ਾਸਨ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ। ਅੰਤ ਵਿੱਚ ਉਨ੍ਹਾਂ ਨੇ ਸੇਵਾ ਸੰਭਾਲ ਸੰਸਥਾ, ਪ੍ਰਸ਼ਾਸਨ, ਸੰਗਤ ਅਤੇ ਮੇਜ਼ਬਾਨਾਂ ਦਾ ਧੰਨਵਾਦ ਕਰਦਿਆਂ ਪਿੰਡ ਭਾਈ ਕੇ ਮੱਟੂ ਨੂੰ ਭਾਈਚਾਰਕ ਸਾਂਝ ਦੀ ਮਿਸਾਲ ਦੱਸਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.