ਤਾਜਾ ਖਬਰਾਂ
ਰਾਮਗੜ੍ਹ (ਝਾਰਖੰਡ): ਧਾਰਮਿਕ ਅਸਥਾਨ ਰਾਜਰੱਪਾ ਵਿਖੇ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਇੱਕ ਸਕਾਰਪੀਓ ਗੱਡੀ ਐਤਵਾਰ ਤੜਕੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਰਾਮਗੜ੍ਹ ਜ਼ਿਲ੍ਹੇ ਵਿੱਚ ਰਾਂਚੀ-ਪਟਨਾ ਮੁੱਖ ਮਾਰਗ (NH-33) 'ਤੇ ਵਾਪਰੇ ਇਸ ਹਾਦਸੇ ਵਿੱਚ 4 ਬੱਚਿਆਂ ਅਤੇ 4 ਔਰਤਾਂ ਸਮੇਤ 13 ਲੋਕਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਇਹ ਦਰਦਨਾਕ ਘਟਨਾ ਸਵੇਰੇ ਕਰੀਬ 2 ਵਜੇ ਵਾਪਰੀ। ਹਾਦਸਾਗ੍ਰਸਤ ਸਕਾਰਪੀਓ ਵਿੱਚ ਕੁੱਲ 14 ਲੋਕ ਸਵਾਰ ਸਨ, ਜੋ ਕਿ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਜੰਗਾਰੋ ਦੇ ਰਹਿਣ ਵਾਲੇ ਸਨ। ਇਹ ਸਾਰੇ ਸ਼ਰਧਾਲੂ ਪੂਜਾ-ਅਰਚਨਾ ਕਰਨ ਲਈ ਰਾਜਰੱਪਾ ਮੰਦਰ ਜਾ ਰਹੇ ਸਨ ਕਿ ਰਸਤੇ ਵਿੱਚ ਅਚਾਨਕ ਉਨ੍ਹਾਂ ਦਾ ਵਾਹਨ ਹਾਦਸਾਗ੍ਰਸਤ ਹੋ ਗਿਆ। ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ।
ਹਾਦਸੇ ਦੀ ਆਵਾਜ਼ ਸੁਣਦਿਆਂ ਹੀ ਨੇੜਲੇ ਇਲਾਕੇ ਦੇ ਨਿਵਾਸੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਲੋਕਾਂ ਨੇ ਨੁਕਸਾਨੀ ਗਈ ਗੱਡੀ ਵਿੱਚੋਂ ਲਾਸ਼ਾਂ ਅਤੇ ਜ਼ਖਮੀ ਵਿਅਕਤੀ ਨੂੰ ਬਾਹਰ ਕੱਢਿਆ। ਸੂਚਨਾ ਮਿਲਦੇ ਹੀ ਪੁਲਿਸ ਟੀਮ ਵੀ ਘਟਨਾ ਸਥਾਨ 'ਤੇ ਪਹੁੰਚ ਗਈ। ਗੰਭੀਰ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਦਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਝਾਰਖੰਡ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜਾ ਵੱਡਾ ਸੜਕ ਹਾਦਸਾ ਹੈ। ਇਸ ਤੋਂ ਪਹਿਲਾਂ ਬੀਤੀ 5 ਨਵੰਬਰ ਨੂੰ ਖੁੰਟੀ ਜ਼ਿਲ੍ਹੇ ਦੀ ਕਰਾ-ਟੋਰਪਾ ਮੁੱਖ ਸੜਕ 'ਤੇ ਜੋਨ-ਲੁਦਰੂ ਮੋੜ ਨੇੜੇ ਇੱਕ ਤੇਜ਼ ਰਫ਼ਤਾਰ 18-ਟਾਇਰਾ ਟ੍ਰੇਲਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ ਸੀ। ਉਸ ਹਾਦਸੇ ਵਿੱਚ 4 ਔਰਤਾਂ ਅਤੇ 3 ਬੱਚਿਆਂ ਸਮੇਤ 7 ਜਾਨਾਂ ਗਈਆਂ ਸਨ। ਦਰਅਸਲ, ਇੱਕ ਸਕੂਟਰ ਸਵਾਰ ਪੁਲੀ ਨੇੜੇ ਝਾੜੀਆਂ ਵਿੱਚ ਡਿੱਗ ਗਿਆ ਸੀ, ਜਿਸਦੀ ਮਦਦ ਲਈ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਟੋਰਪਾ ਵਾਲੇ ਪਾਸਿਓਂ ਆ ਰਹੇ ਬੇਕਾਬੂ ਟ੍ਰੇਲਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ।
ਉਸ ਘਟਨਾ ਤੋਂ ਬਾਅਦ ਫਰਾਰ ਹੋਏ ਡਰਾਈਵਰ ਖ਼ਿਲਾਫ਼ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਲੱਗੇ ਸਨ, ਜਿਸ ਕਾਰਨ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਰੇਲਵੇ ਕਰਾਸਿੰਗ ਨੇੜੇ ਧਰਨਾ ਲਗਾ ਕੇ ਮੁਆਵਜ਼ੇ, ਸਪੀਡ ਬ੍ਰੇਕਰ ਬਣਾਉਣ ਅਤੇ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਸੀ। ਹੁਣ ਰਾਮਗੜ੍ਹ ਹਾਦਸੇ ਨੇ ਇੱਕ ਵਾਰ ਫਿਰ ਸੂਬੇ ਦੇ ਹਾਈਵੇਅ 'ਤੇ ਸੜਕ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
Get all latest content delivered to your email a few times a month.