IMG-LOGO
ਹੋਮ ਪੰਜਾਬ: ਬਠਿੰਡਾ ਕੈਂਟ ਦੀ ਜਾਸੂਸੀ ਕਰਨ ਵਾਲਾ ਕਥਿਤ ISI ਏਜੰਟ ਕਾਬੂ,...

ਬਠਿੰਡਾ ਕੈਂਟ ਦੀ ਜਾਸੂਸੀ ਕਰਨ ਵਾਲਾ ਕਥਿਤ ISI ਏਜੰਟ ਕਾਬੂ, ਫ਼ੌਜੀ ਟਿਕਾਣਿਆਂ ਦੀ ਜਾਣਕਾਰੀ ਪਾਕਿਸਤਾਨ ਭੇਜਣ ਦੇ ਦੋਸ਼

Admin User - Nov 27, 2026 06:56 PM
IMG

ਬਠਿੰਡਾ ਕੈਂਟ ਦੇ ਸੰਵੇਦਨਸ਼ੀਲ ਫ਼ੌਜੀ ਅਦਾਰਿਆਂ ਦੀ ਜਾਸੂਸੀ ਕਰਨ ਅਤੇ ਉਨ੍ਹਾਂ ਨਾਲ ਸਬੰਧਤ ਗੁਪਤ ਜਾਣਕਾਰੀਆਂ ਪਾਕਿਸਤਾਨ ਭੇਜਣ ਦੇ ਦੋਸ਼ ਹੇਠ ਸੁਰੱਖਿਆ ਏਜੰਸੀਆਂ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜਖਰਾਵਾਂ ਦੇ ਰਹਿਣ ਵਾਲੇ ਸਤਨਾਮ ਸਿੰਘ ਉਰਫ਼ ਸੱਤੂ ਵਜੋਂ ਹੋਈ ਹੈ। ਮੁੱਢਲੀ ਜਾਂਚ ਅਨੁਸਾਰ, ਉਹ ਪਾਕਿਸਤਾਨੀ ਖੁਫ਼ੀਆ ਏਜੰਸੀ ISI ਦੇ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਦੇ ਕਹਿਣ ’ਤੇ ਫ਼ੌਜੀ ਟਿਕਾਣਿਆਂ ਬਾਰੇ ਜਾਣਕਾਰੀ ਇਕੱਠੀ ਕਰਦਾ ਸੀ।

ਪੁਲਿਸ ਅਨੁਸਾਰ, ਮੁਲਜ਼ਮ ਕਥਿਤ ਤੌਰ ’ਤੇ ਫ਼ੌਜੀ ਅਦਾਰਿਆਂ ਦੀਆਂ ਲੋਕੇਸ਼ਨਾਂ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀਆਂ ਸਰਹੱਦ ਪਾਰ ਭੇਜ ਰਿਹਾ ਸੀ। ਹੁਣ ਜਾਂਚ ਦਾ ਮੁੱਖ ਕੇਂਦਰ ਇਹ ਪਤਾ ਲਗਾਉਣਾ ਹੈ ਕਿ ਉਸ ਨੇ ਕਿਹੜੇ-ਕਿਹੜੇ ਫ਼ੌਜੀ ਟਿਕਾਣਿਆਂ ਦੀ ਜਾਣਕਾਰੀ ਇਕੱਠੀ ਕੀਤੀ ਅਤੇ ਇਹ ਜਾਣਕਾਰੀ ਪਾਕਿਸਤਾਨ ਵਿੱਚ ਮੌਜੂਦ ਸੰਪਰਕਾਂ ਤੱਕ ਕਿਵੇਂ ਪਹੁੰਚਾਈ ਜਾਂਦੀ ਸੀ।

ਇਸ ਕਾਰਵਾਈ ਨੂੰ ਮਿਲਟਰੀ ਇੰਟੈਲੀਜੈਂਸ ਯੂਨਿਟ ਬਠਿੰਡਾ, ਕਾਊਂਟਰ ਇੰਟੈਲੀਜੈਂਸ ਬਠਿੰਡਾ ਅਤੇ ਸਥਾਨਕ ਪੁਲਿਸ ਨੇ ਸਾਂਝੇ ਤੌਰ ’ਤੇ ਅੰਜਾਮ ਦਿੱਤਾ। ਇਸ ਸਬੰਧੀ 25 ਨਵੰਬਰ 2026 ਨੂੰ ਥਾਣਾ ਸਿਵਲ ਲਾਈਨਜ਼ ਬਠਿੰਡਾ ਵਿੱਚ ਐੱਫ.ਆਈ.ਆਰ. ਨੰਬਰ 0346 ਦਰਜ ਕੀਤੀ ਗਈ ਹੈ। ਮੁਲਜ਼ਮ ਵਿਰੁੱਧ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 113(3) ਅਤੇ 152 ਦੇ ਨਾਲ-ਨਾਲ ਆਫ਼ੀਸ਼ੀਅਲ ਸੀਕ੍ਰੇਟਸ ਐਕਟ ਦੀ ਧਾਰਾ 3 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜਾਂਚ ਏਜੰਸੀਆਂ ਨੂੰ ਮੁਲਜ਼ਮ ਦੇ ਪੁਰਾਣੇ ਅਪਰਾਧਿਕ ਰਿਕਾਰਡ ਬਾਰੇ ਵੀ ਅਹਿਮ ਜਾਣਕਾਰੀ ਮਿਲੀ ਹੈ। ਪੁਲਿਸ ਮੁਤਾਬਕ, ਉਸ ਵਿਰੁੱਧ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪਹਿਲਾਂ ਹੀ ਤਿੰਨ ਮਾਮਲੇ ਦਰਜ ਹਨ। ਇਨ੍ਹਾਂ ਵਿੱਚ 2022 ਦਾ ਥਾਣਾ ਸਦਰ ਫਿਰੋਜ਼ਪੁਰ ਨਾਲ ਸਬੰਧਤ ਕੇਸ, 2026 ਵਿੱਚ ਦਰਜ ਆਰਮਜ਼ ਐਕਟ ਦਾ ਮਾਮਲਾ ਅਤੇ ਥਾਣਾ ਆਰਿਫ਼ ਕੇ ਵਿੱਚ 6.25 ਕਿੱਲੋ ਹੈਰੋਇਨ ਦੀ ਬਰਾਮਦਗੀ ਨਾਲ ਜੁੜਿਆ NDPS ਐਕਟ ਦਾ ਕੇਸ ਸ਼ਾਮਲ ਹੈ।

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਆਰਮਜ਼ ਐਕਟ ਅਤੇ ਹੈਰੋਇਨ ਬਰਾਮਦਗੀ ਦੇ ਮਾਮਲਿਆਂ ਵਿੱਚ ਵੀ ਲੋੜੀਂਦਾ ਸੀ। ਆਰਮਜ਼ ਐਕਟ ਨਾਲ ਜੁੜੇ ਕੇਸ ਵਿੱਚ ਡਰੋਨ ਅਤੇ ਜ਼ਿੰਦਾ ਕਾਰਤੂਸਾਂ ਦੀ ਬਰਾਮਦਗੀ ਦਾ ਜ਼ਿਕਰ ਵੀ ਸਾਹਮਣੇ ਆਇਆ ਹੈ। ਹੁਣ ਏਜੰਸੀਆਂ ਇਹ ਜਾਂਚ ਕਰ ਰਹੀਆਂ ਹਨ ਕਿ ਇਨ੍ਹਾਂ ਪੁਰਾਣੇ ਮਾਮਲਿਆਂ ਦਾ ਕਥਿਤ ਜਾਸੂਸੀ ਗਤੀਵਿਧੀਆਂ ਨਾਲ ਕੋਈ ਸਬੰਧ ਤਾਂ ਨਹੀਂ ਹੈ।

ਫਿਲਹਾਲ ਸੁਰੱਖਿਆ ਏਜੰਸੀਆਂ ਵੱਲੋਂ ਮੁਲਜ਼ਮ ਦੇ ਪਾਕਿਸਤਾਨ ਵਿੱਚ ਮੌਜੂਦ ਸੰਪਰਕਾਂ, ਕਥਿਤ ਜਾਸੂਸੀ ਗਤੀਵਿਧੀਆਂ ਅਤੇ ਭੇਜੀ ਗਈ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵੀ ਜਾਰੀ ਹੈ ਕਿ ਇਸ ਪੂਰੇ ਮਾਮਲੇ ਵਿੱਚ ਉਹ ਇਕੱਲਾ ਕੰਮ ਕਰ ਰਿਹਾ ਸੀ ਜਾਂ ਉਸ ਦੇ ਪਿੱਛੇ ਕੋਈ ਹੋਰ ਵੱਡਾ ਜਾਸੂਸੀ ਨੈੱਟਵਰਕ ਸਰਗਰਮ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.