IMG-LOGO
ਹੋਮ ਪੰਜਾਬ: ਫਾਜ਼ਿਲਕਾ ਦੀ ਰਵਨੀਤ ਕੌਰ ਨੇ ਰਚਿਆ ਇਤਿਹਾਸ, 26 ਸਕਿੰਟਾਂ ’ਚ...

ਫਾਜ਼ਿਲਕਾ ਦੀ ਰਵਨੀਤ ਕੌਰ ਨੇ ਰਚਿਆ ਇਤਿਹਾਸ, 26 ਸਕਿੰਟਾਂ ’ਚ ਸੁਣਾਏ ਪੀਰੀਓਡਿਕ ਟੇਬਲ ਦੇ 118 ਤੱਤ; ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਬਣਾਈ ਥਾਂ

Admin User - Nov 27, 2026 06:49 PM
IMG

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਹੋਣਹਾਰ ਵਿਦਿਆਰਥਣ ਰਵਨੀਤ ਕੌਰ ਨੇ ਆਪਣੀ ਬੇਮਿਸਾਲ ਯਾਦਦਾਸ਼ਤ ਅਤੇ ਲਗਾਤਾਰ ਮਿਹਨਤ ਨਾਲ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਧਵਾਲਾ ਹਾਜ਼ਰ ਖਾਂ ਦੀ ਸੱਤਵੀਂ ਜਮਾਤ ਵਿੱਚ ਪੜ੍ਹਦੀ ਰਵਨੀਤ ਨੇ ਕੈਮਿਸਟਰੀ ਦੇ ਪੀਰੀਓਡਿਕ ਟੇਬਲ ਦੇ ਸਾਰੇ 118 ਤੱਤ ਸਿਰਫ਼ 26 ਸਕਿੰਟਾਂ ਵਿੱਚ ਸੁਣਾ ਕੇ ‘ਇੰਡੀਆ ਬੁੱਕ ਆਫ਼ ਰਿਕਾਰਡਜ਼ 2026’ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਉਸ ਦੀ ਇਸ ਪ੍ਰਾਪਤੀ ਨਾਲ ਪਰਿਵਾਰ, ਸਕੂਲ ਅਤੇ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਹੈ।

ਰਵਨੀਤ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਵਿਗਿਆਨ ਵਿਸ਼ੇ ਨਾਲ ਖ਼ਾਸ ਲਗਾਅ ਰਿਹਾ ਹੈ। ਉਸ ਨੇ ਦੂਜੀ ਜਮਾਤ ਵਿੱਚ ਪੀਰੀਓਡਿਕ ਟੇਬਲ ਦੇ ਤੱਤ ਯਾਦ ਕਰਨੇ ਸ਼ੁਰੂ ਕੀਤੇ ਸਨ। ਉਸ ਸਮੇਂ ਉਸ ਨੂੰ 118 ਵਿੱਚੋਂ ਸਿਰਫ਼ 25 ਤੱਤ ਯਾਦ ਸਨ। ਤੀਜੀ ਜਮਾਤ ਵਿੱਚ ਇਹ ਗਿਣਤੀ 60 ਅਤੇ ਚੌਥੀ ਜਮਾਤ ਵਿੱਚ 80 ਤੱਕ ਪਹੁੰਚ ਗਈ। ਪੰਜਵੀਂ ਜਮਾਤ ਤੱਕ ਉਸ ਨੇ ਸਾਰੇ 118 ਤੱਤ ਯਾਦ ਕਰ ਲਏ ਸਨ। ਹਾਲਾਂਕਿ, ਉਸ ਵੇਲੇ ਇਨ੍ਹਾਂ ਨੂੰ ਬੋਲਣ ਲਈ ਉਸ ਨੂੰ 1 ਮਿੰਟ 20 ਸਕਿੰਟ ਲੱਗਦੇ ਸਨ।

ਰਵਨੀਤ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ ਅਤੇ ਲਗਾਤਾਰ ਅਭਿਆਸ ਰਾਹੀਂ ਆਪਣੀ ਪੇਸ਼ਕਾਰੀ ਦੀ ਰਫ਼ਤਾਰ ਵਿੱਚ ਸੁਧਾਰ ਕੀਤਾ। ਛੇਵੀਂ ਜਮਾਤ ਦੌਰਾਨ ਵੀ ਉਸ ਨੇ ਇਸ ਦਾ ਅਭਿਆਸ ਨਹੀਂ ਛੱਡਿਆ। ਹਾਲ ਹੀ ਵਿੱਚ ਇੱਕ ਆਨਲਾਈਨ ਮੁਕਾਬਲੇ ਦੌਰਾਨ ਉਸ ਨੇ ਮਹਿਜ਼ 26 ਸਕਿੰਟਾਂ ਵਿੱਚ ਪੀਰੀਓਡਿਕ ਟੇਬਲ ਦੇ ਸਾਰੇ 118 ਤੱਤ ਸੁਣਾ ਦਿੱਤੇ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਉਸ ਨੂੰ ‘ਇੰਡੀਆ ਬੁੱਕ ਆਫ਼ ਰਿਕਾਰਡਜ਼ 2026’ ਵਿੱਚ ਜਗ੍ਹਾ ਮਿਲੀ। ਰਵਨੀਤ ਦਾ ਟੀਚਾ ਭਵਿੱਖ ਵਿੱਚ ਵਿਗਿਆਨੀ ਬਣ ਕੇ ਦੇਸ਼ ਲਈ ਯੋਗਦਾਨ ਪਾਉਣਾ ਹੈ।

ਰਵਨੀਤ ਦੇ ਪਿਤਾ ਗੁਰਮੀਤ ਸਿੰਘ ਖੇਤੀਬਾੜੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਧੀਆਂ ਹਨ ਅਤੇ ਤਿੰਨੋਂ ਆਪੋ-ਆਪਣੇ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ। ਦੋ ਧੀਆਂ ਖੇਡਾਂ ਵਿੱਚ ਆਪਣੀ ਪਛਾਣ ਬਣਾ ਰਹੀਆਂ ਹਨ, ਜਦਕਿ ਰਵਨੀਤ ਨੇ ਵਿਗਿਆਨ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਸਾਬਤ ਕੀਤੀ ਹੈ। ਉਨ੍ਹਾਂ ਕਿਹਾ ਕਿ ਧੀ ਦੀ ਇਸ ਪ੍ਰਾਪਤੀ ਨੇ ਪੂਰੇ ਪਰਿਵਾਰ ਦਾ ਮਾਣ ਵਧਾਇਆ ਹੈ ਅਤੇ ਪਿੰਡ ਤੋਂ ਲੈ ਕੇ ਪੰਜਾਬ ਤੱਕ ਦਾ ਨਾਮ ਰੌਸ਼ਨ ਕੀਤਾ ਹੈ।

ਗੁਰਮੀਤ ਸਿੰਘ ਨੇ ਕਿਹਾ ਕਿ ਧੀਆਂ ਨੂੰ ਕਿਸੇ ਵੀ ਖੇਤਰ ਵਿੱਚ ਪੁੱਤਰਾਂ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ। ਰਵਨੀਤ ਦੀ ਸਫ਼ਲਤਾ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਧੀਆਂ ਨੂੰ ਮੌਕੇ ਅਤੇ ਹੌਸਲਾ ਮਿਲੇ ਤਾਂ ਉਹ ਵੱਡੀਆਂ ਮੰਜ਼ਿਲਾਂ ਹਾਸਲ ਕਰ ਸਕਦੀਆਂ ਹਨ।

ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਅਤੇ ਵਿਗਿਆਨ ਅਧਿਆਪਕ ਪੁਰਸ਼ੋਤਮ ਕੁਮਾਰ ਨੇ ਵੀ ਰਵਨੀਤ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਰਵਨੀਤ ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਮਿਹਨਤੀ ਅਤੇ ਹੁਸ਼ਿਆਰ ਵਿਦਿਆਰਥਣ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਸਰਕਾਰੀ ਸਕੂਲਾਂ ਵਿੱਚ ਮੌਜੂਦ ਪ੍ਰਤਿਭਾ ਨੂੰ ਵੀ ਉਜਾਗਰ ਕਰਦੀ ਹੈ।

ਸਕੂਲ ਪ੍ਰਬੰਧਕਾਂ ਅਨੁਸਾਰ ਇਸ ਤੋਂ ਪਹਿਲਾਂ ਦੱਖਣੀ ਭਾਰਤ ਦੇ ਇੱਕ ਵਿਦਿਆਰਥੀ ਨੇ 30 ਸਕਿੰਟਾਂ ਵਿੱਚ ਸਾਰੇ 118 ਤੱਤ ਸੁਣਾਉਣ ਦਾ ਰਿਕਾਰਡ ਬਣਾਇਆ ਸੀ, ਜਿਸ ਨੂੰ ਰਵਨੀਤ ਨੇ 26 ਸਕਿੰਟਾਂ ਵਿੱਚ ਇਹ ਕਾਰਨਾਮਾ ਕਰਕੇ ਪਿੱਛੇ ਛੱਡ ਦਿੱਤਾ। ਉਨ੍ਹਾਂ ਭਰੋਸਾ ਦਿੱਤਾ ਕਿ ਸਕੂਲ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਂਦਾ ਹੈ।

ਰਵਨੀਤ ਦੀ ਇਸ ਉਪਲਬਧੀ ਦੀ ਖ਼ੁਸ਼ੀ ਸਾਂਝੀ ਕਰਨ ਲਈ ਪਿੰਡ ਵਾਸੀ ਅਤੇ ਕਾਂਗਰਸੀ ਆਗੂ ਰੂਬੀ ਗਿੱਲ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਰਵਨੀਤ ਦੇ ਗਲੇ ਵਿੱਚ ਹਾਰ ਪਾ ਕੇ ਉਸ ਦਾ ਸਨਮਾਨ ਕੀਤਾ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਸਫ਼ਲਤਾਵਾਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.