ਤਾਜਾ ਖਬਰਾਂ
ਪਠਾਨਕੋਟ/ਸੁਜਾਨਪੁਰ: ਗਲਤ ਦਿਸ਼ਾ ਵਿੱਚ ਗੱਡੀ ਚਲਾਉਣ ਦੀ ਲਾਪਰਵਾਹੀ ਨੇ ਅੱਜ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇਅ 'ਤੇ ਇੱਕ ਪਰਿਵਾਰ ਦੀਆਂ ਖੁਸ਼ੀਆਂ 'ਤੇ ਗ੍ਰਹਿਣ ਲਗਾ ਦਿੱਤਾ, ਜੋ ਪਹਿਲਾਂ ਹੀ ਆਪਣੇ ਕਿਸੇ ਨਜ਼ਦੀਕੀ ਦੇ ਵਿਛੋੜੇ ਦਾ ਸੋਗ ਮਨਾ ਰਿਹਾ ਸੀ। ਮਾਧੋਪੁਰ ਡਿਫੈਂਸ ਰੋਡ ਦੇ ਟੀ-ਪੁਆਇੰਟ ਕੋਲ ਵਾਪਰੇ ਇਸ ਭਿਆਨਕ ਹਾਦਸੇ ਵਿੱਚ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਤਿੰਨ ਔਰਤਾਂ ਅਤੇ ਇੱਕ ਲੜਕੀ ਸਮੇਤ ਛੇ ਲੋਕ ਜ਼ਖਮੀ ਹੋ ਗਏ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵਾਂ ਗੱਡੀਆਂ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਕਠੂਆ ਤੋਂ ਪਠਾਨਕੋਟ ਵੱਲ ਜਾ ਰਹੇ ਆਈ-20 ਕਾਰ ਦੇ ਚਾਲਕ ਰਾਹੁਲ ਨੇ ਹਾਈਵੇਅ 'ਤੇ ਲੱਗੇ ਜਾਮ ਤੋਂ ਬਚਣ ਲਈ ਆਪਣੀ ਗੱਡੀ ਗਲਤ ਲੇਨ ਵਿੱਚ ਪਾ ਲਈ। ਤੇਜ਼ ਰਫ਼ਤਾਰ ਹੋਣ ਕਾਰਨ ਉਸ ਦੀ ਕਾਰ ਸਿੱਧੀ ਸਾਹਮਣੇ ਤੋਂ ਆ ਰਹੀ ਅਰਟਿਗਾ ਗੱਡੀ ਵਿੱਚ ਜਾ ਵੱਜੀ।
ਅਰਟਿਗਾ ਕਾਰ ਚਲਾ ਰਹੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਸਥੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਵਾਪਸ ਜੰਮੂ ਜਾ ਰਹੇ ਸਨ। ਮਾਧੋਪੁਰ ਟੀ-ਪੁਆਇੰਟ ਨੇੜੇ ਅਚਾਨਕ ਸਾਹਮਣੇ ਤੋਂ ਆਈ ਗੱਡੀ ਨੇ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਦਿੱਤਾ। ਇਸ ਟੱਕਰ ਵਿੱਚ ਗੁਰਪ੍ਰੀਤ ਸਿੰਘ ਤੋਂ ਇਲਾਵਾ ਕਾਲਾ ਸਿੰਘ, ਗੁਰਪ੍ਰੀਤ ਕੌਰ, ਓਂਕਾਰ ਕੌਰ, ਕਾਂਤਾ ਕੌਰ ਅਤੇ ਸ਼ਕੁੰਤਲਾ ਕੌਰ (ਸਾਰੇ ਵਾਸੀ ਜੰਮੂ) ਜ਼ਖਮੀ ਹੋ ਗਏ।
ਹਾਦਸੇ ਦੀ ਆਵਾਜ਼ ਸੁਣਦਿਆਂ ਹੀ ਆਸ-ਪਾਸ ਦੇ ਲੋਕ ਮਦਦ ਲਈ ਦੌੜੇ ਅਤੇ ਤੁਰੰਤ ਪੁਲਿਸ ਤੇ ਸੜਕ ਸੁਰੱਖਿਆ ਫੋਰਸ (SSF) ਨੂੰ ਇਤਲਾਹ ਦਿੱਤੀ। SSF ਟੀਮ ਨੇ ਮੌਕੇ 'ਤੇ ਪਹੁੰਚ ਕੇ ਰਾਹਗੀਰਾਂ ਦੇ ਸਹਿਯੋਗ ਨਾਲ ਗੱਡੀਆਂ ਵਿੱਚ ਫਸੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਸੁਜਾਨਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ।
ਇਸ ਟੱਕਰ ਕਾਰਨ ਨੈਸ਼ਨਲ ਹਾਈਵੇਅ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪੁਲਿਸ ਮੁਲਾਜ਼ਮਾਂ ਨੇ ਕ੍ਰੇਨ ਮੰਗਵਾ ਕੇ ਦੋਵਾਂ ਨੁਕਸਾਨੀਆਂ ਕਾਰਾਂ ਨੂੰ ਸੜਕ ਤੋਂ ਪਾਸੇ ਕਰਵਾਇਆ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ। ਫਿਲਹਾਲ ਪੁਲਿਸ ਨੇ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਲਏ ਹਨ ਅਤੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Get all latest content delivered to your email a few times a month.