IMG-LOGO
ਹੋਮ ਰਾਸ਼ਟਰੀ: ਕਰੋੜਾਂ ਦੀ ਜਾਇਦਾਦ ਅਤੇ 2 ਕਰੋੜ ਦੇ ਬੀਮੇ ਲਈ ਪਤਨੀ...

ਕਰੋੜਾਂ ਦੀ ਜਾਇਦਾਦ ਅਤੇ 2 ਕਰੋੜ ਦੇ ਬੀਮੇ ਲਈ ਪਤਨੀ ਬਣੀ ਹੈਵਾਨ; ਖਾਣੇ 'ਚ 'ਲੈੱਡ' ਮਿਲਾ ਕੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਨ ਦੀ...

Admin User - Nov 27, 2026 12:58 PM
IMG

ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਪੈਸੇ ਅਤੇ ਜਾਇਦਾਦ ਦੇ ਲਾਲਚ ਵਿੱਚ ਅੰਨ੍ਹੀ ਹੋਈ ਇੱਕ 42 ਸਾਲਾ ਮਹਿਲਾ ਨੇ ਆਪਣੇ ਹੀ ਪਤੀ, 16 ਸਾਲਾ ਨਾਬਾਲਗ ਪੁੱਤਰ ਅਤੇ ਭਤੀਜੇ ਨੂੰ ਹੌਲੀ-ਹੌਲੀ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਵਸੁੰਧਰਾ ਇਲਾਕੇ ਦੇ ਰਹਿਣ ਵਾਲੇ ਟਰੈਵਲ ਕਾਰੋਬਾਰੀ ਸੁਸ਼ੀਲ ਭਟਨਾਗਰ ਪਿਛਲੇ ਕਰੀਬ ਇੱਕ ਸਾਲ ਤੋਂ ਅਜੀਬ ਬਿਮਾਰੀ ਨਾਲ ਜੂਝ ਰਹੇ ਸਨ। ਬੀਤੀ 21 ਅਗਸਤ ਨੂੰ ਅਚਾਨਕ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਮੈਕਸ ਹਸਪਤਾਲ ਦੇ ਆਈ.ਸੀ.ਯੂ. (ICU) ਵਿੱਚ ਦਾਖ਼ਲ ਕਰਵਾਉਣਾ ਪਿਆ। ਡਾਕਟਰੀ ਜਾਂਚ ਅਤੇ ਖੂਨ ਦੇ ਟੈਸਟਾਂ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਦੇ ਸਰੀਰ ਅੰਦਰ 'ਲੈੱਡ' (ਸੀਸਾ) ਦੀ ਮਾਤਰਾ ਖ਼ਤਰਨਾਕ ਪੱਧਰ ਤੱਕ ਵਧ ਚੁੱਕੀ ਹੈ।


ਹਸਪਤਾਲੋਂ ਛੁੱਟੀ ਮਿਲਣ ਤੋਂ ਬਾਅਦ ਵੀ ਜਦੋਂ ਸੁਸ਼ੀਲ ਦੀ ਸਿਹਤ ਵਿੱਚ ਸੁਧਾਰ ਨਾ ਹੋਇਆ, ਤਾਂ ਉਨ੍ਹਾਂ ਦੀ 12 ਸਾਲਾ ਧੀ ਨੇ ਇੱਕ ਅਜਿਹਾ ਖ਼ੁਲਾਸਾ ਕੀਤਾ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ। ਬੱਚੀ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਰੇਣੂ ਨੂੰ ਪਰਿਵਾਰ ਦੇ ਖਾਣੇ ਉੱਤੇ ਕੋਈ ਸ਼ੱਕੀ ਪਾਊਡਰ ਛਿੜਕਦੇ ਹੋਏ ਦੇਖਿਆ ਸੀ। ਸ਼ੁਰੂ ਵਿੱਚ ਸੁਸ਼ੀਲ ਨੇ ਇਸ ਗੱਲ ਨੂੰ ਟਾਲ ਦਿੱਤਾ, ਪਰ ਜਦੋਂ ਦੁਬਾਰਾ ਹੋਈ ਖੂਨ ਦੀ ਜਾਂਚ ਵਿੱਚ ਲੰਬੇ ਸਮੇਂ ਤੋਂ 'ਲੈੱਡ ਪੋਇਜ਼ਨਿੰਗ' ਹੋਣ ਦੀ ਪੁਸ਼ਟੀ ਹੋਈ, ਤਾਂ ਡਾਕਟਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ।


ਜਦੋਂ ਸੁਸ਼ੀਲ ਨੇ ਇਸ ਬਾਰੇ ਆਪਣੀ ਪਤਨੀ ਰੇਣੂ ਭਟਨਾਗਰ ਨਾਲ ਸਵਾਲ-ਜਵਾਬ ਕੀਤੇ, ਤਾਂ ਭਾਂਡਾ ਭੱਜਦਾ ਦੇਖ ਉਹ ਘਰੋਂ ਫਰਾਰ ਹੋ ਗਈ। ਇਸ ਤੋਂ ਬਾਅਦ 24 ਸਤੰਬਰ ਨੂੰ ਰੇਣੂ, ਉਸ ਦੀ ਮਾਂ ਅਤੇ ਕੁਝ ਹੋਰ ਰਿਸ਼ਤੇਦਾਰਾਂ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਕਾਰਵਾਈ ਕਰਦਿਆਂ ਗਾਜ਼ੀਆਬਾਦ ਪੁਲਿਸ ਨੇ 23 ਨਵੰਬਰ ਨੂੰ ਮੁਲਜ਼ਮ ਰੇਣੂ ਨੂੰ ਦਿੱਲੀ ਦੇ ਵਿਵੇਕ ਵਿਹਾਰ ਸਥਿਤ ਉਸ ਦੇ ਪੇਕੇ ਘਰੋਂ ਦਬੋਚ ਲਿਆ।


ਮਾਮਲੇ ਦੀ ਜਾਣਕਾਰੀ ਦਿੰਦਿਆਂ ਇੰਦਿਰਾਪੁਰਮ ਦੇ ਏ.ਸੀ.ਪੀ. (ACP) ਅਭੈ ਰਾਜੇਂਦਰ ਡਾਗਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਜ਼ਿਸ਼ ਪਿੱਛੇ ਲੁਕਿਆ ਲਾਲਚ ਸਾਹਮਣੇ ਆਇਆ ਹੈ। ਸੁਸ਼ੀਲ ਭਟਨਾਗਰ ਦੀ ਟਰੈਵਲ ਏਜੰਸੀ ਦਾ ਕਾਰੋਬਾਰ 5 ਤੋਂ 6 ਕਰੋੜ ਰੁਪਏ ਦਾ ਹੈ ਅਤੇ ਉਨ੍ਹਾਂ ਦੇ ਨਾਂ 'ਤੇ 2 ਕਰੋੜ ਰੁਪਏ ਦੀ ਜੀਵਨ ਬੀਮਾ ਪਾਲਿਸੀ ਵੀ ਹੈ, ਜਿਸ ਵਿੱਚ ਰੇਣੂ ਨੋਮਿਨੀ ਹੈ।


ਪੁਲਿਸ ਅਨੁਸਾਰ, ਮੁਲਜ਼ਮ ਔਰਤ ਚਾਹੁੰਦੀ ਸੀ ਕਿ ਪਤੀ ਅਤੇ ਪਰਿਵਾਰਕ ਮੈਂਬਰਾਂ ਦੀ ਮੌਤ ਕੁਦਰਤੀ ਲੱਗੇ, ਤਾਂ ਜੋ ਉਹ ਬੀਮੇ ਦੇ 2 ਕਰੋੜ ਰੁਪਏ ਅਤੇ ਕਰੋੜਾਂ ਦੀ ਜਾਇਦਾਦ ਦੀ ਇਕੱਲੀ ਮਾਲਕ ਬਣ ਸਕੇ।


ਫਿਲਹਾਲ ਪੁਲਿਸ ਨੇ ਮੁਲਜ਼ਮ ਰੇਣੂ ਭਟਨਾਗਰ ਖ਼ਿਲਾਫ਼ ਇਰਾਦਾ-ਏ-ਕਤਲ ਅਤੇ ਜ਼ਹਿਰ ਦੇਣ ਸਮੇਤ ਵੱਖ-ਵੱਖ ਗੰਭੀਰ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਵਿੱਚ ਸ਼ਾਮਲ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.