IMG-LOGO
ਹੋਮ ਪੰਜਾਬ: ਪਿਛਲੇ ਦੋ ਹਫ਼ਤਿਆਂ ਤੋਂ ਲਾਪਤਾ ਵਿਆਹੁਤਾ ਦੀ ਭਾਲ ਜਾਰੀ, ਸੂਹ...

ਪਿਛਲੇ ਦੋ ਹਫ਼ਤਿਆਂ ਤੋਂ ਲਾਪਤਾ ਵਿਆਹੁਤਾ ਦੀ ਭਾਲ ਜਾਰੀ, ਸੂਹ ਦੇਣ ਵਾਲੇ ਨੂੰ ਮਿਲੇਗਾ 21 ਹਜ਼ਾਰ ਦਾ ਇਨਾਮ

Admin User - Nov 26, 2026 10:52 AM
IMG

ਬਾਘਾ ਪੁਰਾਣਾ (ਮੋਗਾ): ਪਿੰਡ ਚੁੱਘਾ ਖੁਰਦ ਨਾਲ ਸਬੰਧਤ ਅਤੇ ਬਾਘਾ ਪੁਰਾਣਾ ਦੀ ਗਾਧਾ ਸਿੰਘ ਬਸਤੀ ਵਿਖੇ ਵਿਆਹੀ ਦੋ ਬੱਚਿਆਂ ਦੀ ਮਾਂ ਰਮਨਦੀਪ ਕੌਰ ਪਿਛਲੀ 13 ਨਵੰਬਰ ਤੋਂ ਭੇਤਭਰੀ ਹਾਲਤ ਵਿੱਚ ਲਾਪਤਾ ਚੱਲ ਰਹੀ ਹੈ। ਕਰੀਬ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਉਸ ਦਾ ਕੋਈ ਸੁਰਾਗ ਨਾ ਲੱਗਣ ਕਾਰਨ ਪੇਕੇ ਅਤੇ ਸਹੁਰੇ ਪਰਿਵਾਰ ਵਿੱਚ ਡੂੰਘੀ ਚਿੰਤਾ ਪਾਈ ਜਾ ਰਹੀ ਹੈ। ਇਸ ਸਬੰਧੀ ਪੇਕੇ ਪਰਿਵਾਰ ਵੱਲੋਂ ਰਮਨਦੀਪ ਕੌਰ ਦੀ ਸੂਹ ਦੇਣ ਵਾਲੇ ਵਿਅਕਤੀ ਨੂੰ 21 ਹਜ਼ਾਰ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।


ਪਿੰਡ ਚੁੱਘਾ ਖੁਰਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨਦੀਪ ਕੌਰ ਦੀ ਬਜ਼ੁਰਗ ਮਾਤਾ, ਭਰਾ, ਚਾਚੀ ਅਤੇ ਚਚੇਰੇ ਭਰਾ ਪਰਮਪਾਲ ਸਿੰਘ ਨੇ ਦੱਸਿਆ ਕਿ ਉਹ ਉਸ ਦੀ ਤਲਾਸ਼ ਵਿੱਚ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਮੇਤ ਕਈ ਪ੍ਰਮੁੱਖ ਗੁਰਦੁਆਰਾ ਸਾਹਿਬਾਨ, ਰਹਿਣ-ਬਸੇਰਿਆਂ ਅਤੇ ਵੱਖ-ਵੱਖ ਸ਼ਹਿਰਾਂ ਦੀ ਖ਼ਾਕ ਛਾਣ ਚੁੱਕੇ ਹਨ। ਪਰਿਵਾਰ ਮੁਤਾਬਕ ਰਮਨਦੀਪ ਕੌਰ ਦੀਆਂ ਕੁਝ ਥਾਵਾਂ ਤੋਂ ਲੰਘਣ ਦੀਆਂ ਸੀਸੀਟੀਵੀ ਫੁਟੇਜ ਵੀ ਮਿਲੀਆਂ ਹਨ, ਜਿਨ੍ਹਾਂ ਦੇ ਆਧਾਰ 'ਤੇ ਤਲਾਸ਼ੀ ਮੁਹਿੰਮ ਜਾਰੀ ਹੈ, ਪਰ ਅਜੇ ਤੱਕ ਕੋਈ ਪੁਖ਼ਤਾ ਜਾਣਕਾਰੀ ਹੱਥ ਨਹੀਂ ਲੱਗੀ।


ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਮਨਦੀਪ ਕੌਰ ਦਾ ਵਿਆਹ ਕਰੀਬ 18 ਸਾਲ ਪਹਿਲਾਂ ਹੋਇਆ ਸੀ। ਪਰਮਪਾਲ ਸਿੰਘ ਨੇ ਸਹੁਰੇ ਪਰਿਵਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਰਮਨਦੀਪ ਦਾ ਪਤੀ ਸ਼ਰਾਬ ਦੇ ਨਸ਼ੇ ਵਿੱਚ ਕਥਿਤ ਤੌਰ 'ਤੇ ਉਸ ਨਾਲ ਕੁੱਟਮਾਰ ਕਰਦਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਕਾਫ਼ੀ ਪਰੇਸ਼ਾਨ ਰਹਿੰਦੀ ਸੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਲਾਪਤਾ ਹੋਣ ਤੋਂ ਕਰੀਬ 10 ਦਿਨ ਪਹਿਲਾਂ ਰਮਨਦੀਪ ਨੇ ਆਪਣੀ ਚਾਚੀ ਨੂੰ ਫ਼ੋਨ 'ਤੇ ਦੱਸਿਆ ਸੀ ਕਿ ਹੁਣ ਉਹ ਵਾਪਸ ਨਹੀਂ ਆਵੇਗੀ ਅਤੇ ਕਿਸੇ ਗੁਰੂ ਘਰ ਵਿੱਚ ਸੇਵਾ ਕਰਕੇ ਆਪਣਾ ਜੀਵਨ ਬਤੀਤ ਕਰ ਲਵੇਗੀ। ਪਰਿਵਾਰ ਵੱਲੋਂ ਇਸ ਗੱਲਬਾਤ ਦੀ ਇੱਕ ਆਡੀਓ ਰਿਕਾਰਡਿੰਗ ਵੀ ਸਾਂਝੀ ਕੀਤੀ ਗਈ ਹੈ।


ਦੂਜੇ ਪਾਸੇ ਰਮਨਦੀਪ ਕੌਰ ਦੇ ਪਤੀ ਅਰਸ਼ਦੀਪ ਸਿੰਘ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵੀ ਲਗਾਤਾਰ ਰਮਨਦੀਪ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਹੁਰੇ ਪਰਿਵਾਰ ਨੇ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਰਮਨਦੀਪ ਕੌਰ ਬਾਰੇ ਕੋਈ ਉੱਘ-ਸੁੱਘ ਮਿਲਦੀ ਹੈ ਤਾਂ ਤੁਰੰਤ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ।


ਰਮਨਦੀਪ ਕੌਰ ਦੇ ਪੇਕੇ ਪਰਿਵਾਰ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਉਹ ਜਿੱਥੇ ਵੀ ਹੈ, ਬਿਨਾਂ ਕਿਸੇ ਡਰ ਦੇ ਘਰ ਵਾਪਸ ਆ ਜਾਵੇ ਕਿਉਂਕਿ ਉਸ ਦੇ ਦੋਵੇਂ ਬੱਚੇ ਅਤੇ ਬਿਰਧ ਮਾਂ ਉਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪਰਿਵਾਰ ਨੇ ਜ਼ਿਲ੍ਹਾ ਪੁਲਿਸ ਮੁਖੀ (ਐੱਸ.ਐੱਸ.ਪੀ.) ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤਕਨੀਕੀ ਪੱਖੋਂ ਬਾਰੀਕੀ ਨਾਲ ਜਾਂਚ ਕਰਕੇ ਰਮਨਦੀਪ ਕੌਰ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.