ਤਾਜਾ ਖਬਰਾਂ
ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦਿਨ-ਦਿਹਾੜੇ ਵਾਪਰੇ ਇੱਕ ਸਨਸਨੀਖੇਜ਼ ਕਤਲ ਕਾਂਡ ਨੂੰ ਮਹਿਜ਼ 6 ਘੰਟਿਆਂ ਦੇ ਅੰਦਰ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਕੋਟ ਖਾਲਸਾ ਇਲਾਕੇ ਵਿੱਚ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਹੋਈ ਜ਼ਬਰਦਸਤ ਮੁੱਠਭੇੜ ਤੋਂ ਬਾਅਦ ਦੋ ਮੁੱਖ ਸ਼ੂਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜੋ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਜ਼ਖ਼ਮੀ ਹੋ ਗਏ। ਇਸ ਕਾਰਵਾਈ ਨਾਲ ਜਿੱਥੇ ਇੱਕ ਮਾਸੂਮ ਔਰਤ ਦੇ ਕਤਲ ਦਾ ਪਰਦਾਫਾਸ਼ ਹੋਇਆ ਹੈ, ਉੱਥੇ ਹੀ ਬਟਾਲਾ ਦੇ ਇੱਕ ਸਰਪੰਚ ਦੇ ਕਤਲ ਦੀ ਵੱਡੀ ਸਾਜ਼ਿਸ਼ ਵੀ ਨਾਕਾਮ ਹੋ ਗਈ ਹੈ।
ਪ੍ਰੈਸ ਕਾਨਫਰੰਸ ਦੌਰਾਨ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨੀਂ ਗੁਰੂ ਕੀ ਵਡਾਲੀ ਇਲਾਕੇ ਵਿੱਚ ਅਚਾਨਕ ਗੋਲੀਬਾਰੀ ਹੋਈ ਸੀ। ਇਸ ਹਮਲੇ ਵਿੱਚ ਸਿਮਰਨਜੀਤ ਨਾਮੀ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਕੋਲ ਹੀ ਕੰਮ ਕਰ ਰਹੀ ਦਲਬੀਰ ਕੌਰ ਨਾਮਕ ਔਰਤ ਵੀ ਗੋਲੀਆਂ ਦੀ ਲਪੇਟ ਵਿੱਚ ਆ ਗਈ। ਹਸਪਤਾਲ ਲਿਜਾਂਦੇ ਸਮੇਂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਲਬੀਰ ਕੌਰ ਨੇ ਦਮ ਤੋੜ ਦਿੱਤਾ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਾਮਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਡੀ.ਸੀ.ਪੀ. ਸਿਟੀ ਜਸਕਰਨ ਤੇਜਾ ਦੀ ਨਿਗਰਾਨੀ ਹੇਠ ਏ.ਸੀ.ਪੀ. ਵੈਸਟ ਅਤੇ ਥਾਣਾ ਛੇਹਰਟਾ ਦੇ ਐੱਸ.ਐੱਚ.ਓ. ਬਲਵਿੰਦਰ ਸਿੰਘ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਤਕਨੀਕੀ ਜਾਂਚ ਅਤੇ ਖ਼ੁਫ਼ੀਆ ਸੂਤਰਾਂ ਦੇ ਆਧਾਰ 'ਤੇ ਪੁਲਿਸ ਨੇ ਕੋਟ ਖਾਲਸਾ ਇਲਾਕੇ ਵਿੱਚ ਮੁਲਜ਼ਮਾਂ ਦੀ ਘੇਰਾਬੰਦੀ ਕੀਤੀ। ਖ਼ੁਦ ਨੂੰ ਘਿਰਿਆ ਦੇਖ ਕੇ ਬਦਮਾਸ਼ਾਂ ਨੇ ਪੁਲਿਸ ਪਾਰਟੀ 'ਤੇ ਤਿੰਨ ਰਾਉਂਡ ਫਾਇਰ ਕੀਤੇ। ਪੁਲਿਸ ਵੱਲੋਂ ਸਵੈ-ਰੱਖਿਆ ਵਿੱਚ ਚਲਾਈਆਂ ਗਈਆਂ ਪੰਜ ਗੋਲੀਆਂ ਵਿੱਚੋਂ ਦੋਵਾਂ ਸ਼ੂਟਰਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ। ਜ਼ਖ਼ਮੀ ਹਾਲਤ ਵਿੱਚ ਫੜੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਵਾਸੀ ਹਰਮਨਪ੍ਰੀਤ ਅਤੇ ਜਗਰੂਪ ਵਜੋਂ ਹੋਈ ਹੈ, ਜੋ ਫਿਲਹਾਲ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਹਰਮਨਪ੍ਰੀਤ ਦੀ ਸਿਮਰਨਜੀਤ ਨਾਲ ਪੱਗ ਉਤਾਰਨ ਨੂੰ ਲੈ ਕੇ ਪੁਰਾਣੀ ਰੰਜਿਸ਼ ਸੀ। ਕਿਸੇ ਸਮਾਗਮ ਵਿੱਚ ਜਾਂਦੇ ਸਮੇਂ ਜਦੋਂ ਸਿਮਰਨਜੀਤ ਉਨ੍ਹਾਂ ਦੇ ਸਾਹਮਣੇ ਆਇਆ ਤਾਂ ਮੁਲਜ਼ਮਾਂ ਨੇ ਉਸ 'ਤੇ ਗੋਲੀ ਚਲਾ ਦਿੱਤੀ। ਸਿਮਰਨਜੀਤ ਦੀ ਛਾਤੀ ਵਿੱਚੋਂ ਨਿਕਲੀ ਗੋਲੀ ਨੇੜੇ ਖੜ੍ਹੀ ਦਲਬੀਰ ਕੌਰ ਦੇ ਨਾਜ਼ੁਕ ਹਿੱਸੇ ਵਿੱਚ ਜਾ ਵੱਜੀ, ਜੋ ਉਸ ਦੀ ਮੌਤ ਦਾ ਕਾਰਨ ਬਣੀ।
ਇਸ ਤੋਂ ਇਲਾਵਾ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਦੋਵੇਂ ਮੁਲਜ਼ਮ ਵਿਦੇਸ਼ ਬੈਠੇ ਗੈਂਗਸਟਰ ਅੰਕੁਸ਼ ਬਾਮਨ ਅਤੇ ਕੇਸ਼ਵ ਸ਼ਿਵਾਲਾ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ। ਇਨ੍ਹਾਂ ਨੂੰ ਬਟਾਲਾ ਦੇ ਇੱਕ ਸਰਪੰਚ ਦਾ ਕਤਲ ਕਰਨ ਲਈ 20 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਗਈ ਸੀ।
ਪੁਲਿਸ ਨੇ ਘਟਨਾ ਸਥਾਨ ਤੋਂ ਇੱਕ 9 ਐੱਮ.ਐੱਮ. ਪਿਸਤੌਲ, ਤਿੰਨ ਖਾਲੀ ਖੋਲ, ਬਿਨਾਂ ਨੰਬਰ ਵਾਲਾ ਮੋਟਰਸਾਈਕਲ, ਮੋਬਾਈਲ ਫੋਨ ਅਤੇ ਸੁਪਾਰੀ ਦੀ ਰਕਮ ਵਿੱਚੋਂ ਬਚੇ 7 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਅਨੁਸਾਰ ਬਟਾਲਾ ਪੁਲਿਸ ਨੂੰ ਅਲਰਟ ਕਰਕੇ ਸਬੰਧਤ ਸਰਪੰਚ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਫਿਲਹਾਲ ਮੁਲਜ਼ਮਾਂ ਦੇ ਮੋਬਾਈਲਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਦੇਸ਼ ਬੈਠੇ ਗੈਂਗਸਟਰਾਂ ਦੇ ਸਥਾਨਕ ਨੈੱਟਵਰਕ ਨੂੰ ਤੋੜਨ ਲਈ ਉਨ੍ਹਾਂ ਦੇ ਕਰੀਬੀਆਂ 'ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
Get all latest content delivered to your email a few times a month.