IMG-LOGO
ਹੋਮ ਪੰਜਾਬ: ਮਹਿੰਗੀ ਫੀਡ ਨੇ ਤੋੜਿਆ ਡੇਅਰੀ ਫਾਰਮਰਾਂ ਦਾ ਲੱਕ: 45 ਰੁਪਏ...

ਮਹਿੰਗੀ ਫੀਡ ਨੇ ਤੋੜਿਆ ਡੇਅਰੀ ਫਾਰਮਰਾਂ ਦਾ ਲੱਕ: 45 ਰੁਪਏ ਲੀਟਰ ਦੁੱਧ ਵੇਚ ਕੇ ਵੀ ਪੱਲੇ ਪੈ ਰਿਹਾ ਘਾਟਾ

Admin User - Nov 25, 2026 10:43 AM
IMG

ਚੰਡੀਗੜ੍ਹ/ਲੁਧਿਆਣਾ: ਪਸ਼ੂ ਫੀਡ, ਖਲ ਅਤੇ ਤੂੜੀ ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਨੇ ਪੰਜਾਬ ਦੇ ਡੇਅਰੀ ਧੰਦੇ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਸੂਬੇ ਦੇ ਪਸ਼ੂ ਪਾਲਕ ਇਸ ਵੇਲੇ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ ਕਿਉਂਕਿ ਦੁੱਧ ਦੇ ਮੌਜੂਦਾ ਰੇਟ ਨਾਲ ਫਾਰਮ ਦੇ ਰੋਜ਼ਾਨਾ ਖਰਚੇ ਪੂਰੇ ਕਰਨੇ ਵੀ ਅਸੰਭਵ ਹੋ ਗਏ ਹਨ।


ਡੇਅਰੀ ਫਾਰਮਰਾਂ ਅਨੁਸਾਰ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਦੌਰਾਨ ਪਸ਼ੂ ਫੀਡ ਦੇ ਭਾਅ ਵਿੱਚ ਪ੍ਰਤੀ ਕੁਇੰਟਲ 1,000 ਰੁਪਏ ਤੱਕ ਦਾ ਭਾਰੀ ਉਛਾਲ ਆਇਆ ਹੈ। ਇਸ ਦੇ ਨਾਲ ਹੀ ਚੂਰੀ, ਖਲ, ਤੂੜੀ, ਪਸ਼ੂਆਂ ਦੀਆਂ ਦਵਾਈਆਂ ਅਤੇ ਲੇਬਰ ਦੇ ਖਰਚਿਆਂ ਨੇ ਕਿਸਾਨਾਂ ਦੀ ਸਾਰੀ ਬੱਚਤ ਖ਼ਤਮ ਕਰ ਦਿੱਤੀ ਹੈ। ਅੰਕੜਿਆਂ ਮੁਤਾਬਕ 3 ਕਿਲੋ ਦੁੱਧ ਦੀ ਪੈਦਾਵਾਰ ਪਿੱਛੇ 1 ਕਿਲੋ ਫੀਡ ਲੱਗ ਜਾਂਦੀ ਹੈ, ਜਿਸ ਕਾਰਨ ਖੁਰਾਕੀ ਵਸਤਾਂ ਦੀ ਮਹਿੰਗਾਈ ਦਾ ਸਿੱਧਾ ਅਸਰ ਕਿਸਾਨ ਦੀ ਜੇਬ 'ਤੇ ਪੈ ਰਿਹਾ ਹੈ।


ਪੀ.ਡੀ.ਐੱਫ.ਏ. (PDFA) ਦੀ ਸੂਬਾ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਅਤੇ 150 ਗਾਵਾਂ ਦੇ ਫਾਰਮ ਦੇ ਮਾਲਕ ਅਮਨਦੀਪ ਸਿੰਘ ਮਾਛੀਵਾਹਲਾ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਹਨ, ਪਰ ਅਜਿਹੀ ਮਹਿੰਗਾਈ ਪਹਿਲਾਂ ਕਦੇ ਨਹੀਂ ਦੇਖੀ। ਉਨ੍ਹਾਂ ਕਿਹਾ ਕਿ 45 ਰੁਪਏ ਪ੍ਰਤੀ ਲੀਟਰ ਦੁੱਧ ਵੇਚਣ ਦੇ ਬਾਵਜੂਦ ਲਾਗਤ ਜ਼ਿਆਦਾ ਹੋਣ ਕਾਰਨ ਕਈ ਵਾਰ ਪ੍ਰਤੀ ਲੀਟਰ 1 ਤੋਂ 2 ਰੁਪਏ ਤੱਕ ਦਾ ਸਿੱਧਾ ਘਾਟਾ ਸਹਿਣਾ ਪੈ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 100 ਗਾਵਾਂ ਦਾ ਇੱਕ ਫਾਰਮ 10 ਪਰਿਵਾਰਾਂ ਨੂੰ ਸਿੱਧਾ ਰੁਜ਼ਗਾਰ ਦਿੰਦਾ ਹੈ, ਪਰ ਜੇਕਰ ਹਾਲਾਤ ਨਾ ਸੁਧਰੇ ਤਾਂ ਇਹ ਰੁਜ਼ਗਾਰ ਖੁੱਸ ਸਕਦਾ ਹੈ।


ਪਸ਼ੂ ਪਾਲਕ ਜਗਦੀਪ ਸਿੰਘ ਗਿੱਲ ਨੇ ਪੰਜਾਬ ਸਰਕਾਰ ਦਾ ਧਿਆਨ ਦੂਜੇ ਸੂਬਿਆਂ ਵੱਲ ਦਿਵਾਉਂਦਿਆਂ ਕਿਹਾ ਕਿ ਉੱਥੇ ਸਰਕਾਰਾਂ ਵੱਲੋਂ ਦੁੱਧ ਉਤਪਾਦਕਾਂ ਨੂੰ ਪ੍ਰਤੀ ਲੀਟਰ 5 ਤੋਂ 7 ਰੁਪਏ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੀ ਤੁਰੰਤ ਅਜਿਹੀ ਵਿੱਤੀ ਸਹਾਇਤਾ ਦਾ ਐਲਾਨ ਕਰੇ ਅਤੇ ਮਿਲਕਫੈੱਡ ਦੁੱਧ ਦੇ ਖਰੀਦ ਰੇਟਾਂ ਵਿੱਚ ਕੀਤੇ ਵਾਧੇ ਦਾ ਪੂਰਾ ਲਾਭ ਹੇਠਲੇ ਪੱਧਰ ਤੱਕ ਪਸ਼ੂ ਪਾਲਕਾਂ ਨੂੰ ਦੇਵੇ।


ਸੂਬੇ ਦੇ ਸਮੂਹ ਡੇਅਰੀ ਫਾਰਮਰਾਂ ਨੇ ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ਵਿੱਚ ਅਪੀਲ ਕੀਤੀ ਹੈ ਕਿ ਜੇਕਰ ਫੀਡ ਦੀਆਂ ਕੀਮਤਾਂ ਨੂੰ ਨੱਥ ਨਾ ਪਾਈ ਗਈ ਅਤੇ ਦੁੱਧ ਦੇ ਰੇਟ ਨਾ ਵਧਾਏ ਗਏ, ਤਾਂ ਕਿਸਾਨ ਇਸ ਸਹਾਇਕ ਧੰਦੇ ਨੂੰ ਛੱਡਣ ਲਈ ਮਜਬੂਰ ਹੋ ਜਾਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.