IMG-LOGO
ਹੋਮ ਪੰਜਾਬ: ਪੰਜਾਬ ਨੂੰ ਮੁੜ ਨਸ਼ਿਆਂ 'ਚ ਡੋਬਣ ਲਈ ਅਕਾਲੀ-ਭਾਜਪਾ ਇਕੱਠੇ ਹੋਏ-...

ਪੰਜਾਬ ਨੂੰ ਮੁੜ ਨਸ਼ਿਆਂ 'ਚ ਡੋਬਣ ਲਈ ਅਕਾਲੀ-ਭਾਜਪਾ ਇਕੱਠੇ ਹੋਏ- ਆਪ

Admin User - Nov 24, 2026 07:36 PM
IMG

ਨਵੀਂ ਦਿੱਲੀ/ਪੰਜਾਬ, 24 ਨਵੰਬਰ -

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਹੋਏ ਗੱਠਜੋੜ ਨੂੰ ਸੱਤਾ ਦੇ ਲਾਲਚ ਵਿੱਚ ਕੀਤਾ ਗਿਆ ਮੌਕਾਪ੍ਰਸਤ ਸਮਝੌਤਾ ਕਰਾਰ ਦਿੱਤਾ ਹੈ। ‘‘ਆਪ’’ ਨੇ ਕਿਹਾ ਕਿ ਪੰਜਾਬ ਨੂੰ ਮੁੜ ਨਸ਼ਿਆਂ ਵਿੱਚ ਡੋਬਣ ਲਈ ਅਕਾਲੀ ਦਲ ਅਤੇ ਭਾਜਪਾ ਇਕੱਠੇ ਆ ਗਏ ਹਨ। ਪੰਜਾਬ ਵਿੱਚ 2007 ਤੋਂ 2017 ਤੱਕ ਭਾਜਪਾ ਅਤੇ ਅਕਾਲੀ ਦਲ ਦੀ ਸਰਕਾਰ ਸੀ। ਇਸੇ ਦੌਰਾਨ ਪੰਜਾਬ ਦੇ ਘਰ-ਘਰ ਤੱਕ ਨਸ਼ਾ ਪਹੁੰਚਿਆ ਅਤੇ ਪੰਜਾਬ ਦੀ ਜਵਾਨੀ ਬਰਬਾਦ ਹੋਈ। ਹੁਣ ਫਿਰ ਤੋਂ ਪੰਜਾਬ ਨੂੰ ਨਸ਼ਿਆਂ ਵਿੱਚ ਧੱਕਣ ਲਈ ਅਕਾਲੀ ਦਲ ਅਤੇ ਭਾਜਪਾ ਨੇ ਗੱਠਜੋੜ ਕਰ ਲਿਆ ਹੈ।

ਆਮ ਆਦਮੀ ਪਾਰਟੀ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਬਦਲੇ ਪੰਜਾਬ ਦੇ ਕਿਸਾਨਾਂ ਨੇ ਭਾਰੀ ਕੀਮਤ ਚੁਕਾਈ। ਆਪਣੇ ਹੱਕਾਂ ਦੀ ਮੰਗ ਨੂੰ ਲੈ ਕੇ ਡੇਢ ਸਾਲ ਤੱਕ ਪੰਜਾਬ ਦੇ ਕਿਸਾਨ ਦਿੱਲੀ ਬਾਰਡਰ 'ਤੇ ਡਟੇ ਰਹੇ। ਇਸ ਦੌਰਾਨ 750 ਕਿਸਾਨਾਂ ਨੂੰ ਆਪਣੀ ਸ਼ਹਾਦਤ ਦੇਣੀ ਪਈ। ਭਾਜਪਾ ਦੀ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਵਿੱਚ ਵੜਨ ਤੱਕ ਨਹੀਂ ਦਿੱਤਾ। ਕੀ ਭਾਜਪਾ ਨਾਲ ਗੱਠਜੋੜ ਤੋਂ ਪਹਿਲਾਂ ਅਕਾਲੀ ਦਲ ਨੇ 750 ਕਿਸਾਨਾਂ ਦੀ ਸ਼ਹਾਦਤ ਦਾ ਹਿਸਾਬ ਮੰਗਿਆ ਹੈ? ਪਾਰਟੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਭਾਜਪਾ ਅਤੇ ਅਕਾਲੀ ਦਲ ਦੇ ਮਨਸੂਬਿਆਂ ਨੂੰ ਚੰਗੀ ਤਰ੍ਹਾਂ ਸਮਝ ਰਹੀ ਹੈ ਅਤੇ ਹੁਣ ਇਨ੍ਹਾਂ ਦੇ ਬਹਿਕਾਵੇ ਵਿੱਚ ਨਹੀਂ ਆਉਣ ਵਾਲੀ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਹੋਏ ਗੱਠਜੋੜ 'ਤੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗੱਠਜੋੜ ਪੰਜਾਬ ਦੀਆਂ ਮਾਵਾਂ-ਭੈਣਾਂ ਨਾਲ ਹੈ। ‘‘ਆਪ’’ ਦਾ ਗੱਠਜੋੜ ਪੰਜਾਬ ਦੇ ਦਲਿਤ ਸਮਾਜ, ਕਿਸਾਨਾਂ, ਵਪਾਰੀਆਂ ਸਮੇਤ ਹਰ ਵਰਗ ਦੇ ਲੋਕਾਂ ਨਾਲ ਹੈ। ਇਹ ਲੋਕ ਸੱਤਾ ਲਈ ਕਦੇ ਇਕੱਠੇ ਹੋ ਜਾਂਦੇ ਹਨ ਤੇ ਕਦੇ ਵੱਖ ਹੋ ਜਾਂਦੇ ਹਨ। ਅਸੀਂ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੇ ਹਾਂ। ਪੂਰਾ ਪੰਜਾਬ ਸਾਡੀ ਸਰਕਾਰ ਦਾ ਕੰਮ ਦੇਖ ਕੇ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਪਿਛਲੇ 70-75 ਸਾਲਾਂ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦਾ ਕੰਮ ਕੀਤਾ ਸੀ। ਹੁਣ ਪਿਛਲੇ ਪੰਜ ਸਾਲਾਂ ਵਿੱਚ ਭਗਵੰਤ ਸਿੰਘ ਮਾਨ ਨੇ ਮਿਹਨਤ ਕਰਕੇ ਪੰਜਾਬ ਨੂੰ ਮੁੜ ਲੀਹ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

ਉਧਰ, ‘‘ਆਪ’’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ 2020 ਵਿੱਚ ਭਾਜਪਾ ਸਰਕਾਰ ਨੂੰ ਝੁਕਾਉਣ ਲਈ ਭਾਰੀ ਕੀਮਤ ਚੁਕਾਈ। ਦਿੱਲੀ ਵਿੱਚ ਧਰਨਾ ਦੇਣ ਆ ਰਹੇ ਪੰਜਾਬ ਦੇ ਕਿਸਾਨਾਂ ਨੂੰ ਭਾਜਪਾ ਨੇ ਦੇਸ਼ਧ੍ਰੋਹੀ ਤੱਕ ਕਿਹਾ। 700 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਗਈਆਂ। ਲਾਠੀਆਂ ਖਾਧੀਆਂ, ਸਰਦ ਰਾਤਾਂ ਸੜਕਾਂ 'ਤੇ ਗੁਜ਼ਾਰੀਆਂ, ਪਰ ਹੱਕ ਦੀ ਲੜਾਈ ਤੋਂ ਪਿੱਛੇ ਨਹੀਂ ਹਟੇ। ਉਸ ਵੇਲੇ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਨਾਟਕ ਕੀਤਾ ਅਤੇ ਅੱਜ ਉਹੀ ਦੋਵੇਂ ਦਲ ਫਿਰ ਗਲਵੱਕੜੀਆਂ ਪਾ ਕੇ ਖੜ੍ਹੇ ਹਨ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਕਾਲੀ-ਭਾਜਪਾ ਦੀ ਜਿਸ ਜੋੜੀ ਨੇ ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਵਰ੍ਹਾਇਆ, ਪੰਜਾਬ ਦੀ ਇੱਕ ਪੂਰੀ ਪੀੜ੍ਹੀ ਨੂੰ ਬਰਬਾਦ ਕੀਤਾ ਅਤੇ ਗੈਂਗਸਟਰਵਾਦ ਫੈਲਾਇਆ, ਉਸੇ ਜੋੜੀ ਦੇ ਸ਼ਿਕੰਜੇ ਵਿੱਚੋਂ ਪੰਜਾਬ ਬੜੀ ਮੁਸ਼ਕਲ ਨਾਲ ਬਾਹਰ ਨਿਕਲਿਆ ਹੈ। ਪੰਜਾਬ ਦੇ ਲੋਕ ਉਸ ਦੌਰ ਨੂੰ ਵੀ ਨਹੀਂ ਭੁੱਲੇ ਹਨ ਅਤੇ ਕਿਸਾਨਾਂ ਨਾਲ ਹੋਈ ਗੱਦਾਰੀ ਨੂੰ ਵੀ ਨਹੀਂ। ਸੱਤਾ ਦੀ ਖਾਤਰ ਫਿਰ ਇਕੱਠੇ ਹੋਏ ਇਨ੍ਹਾਂ ਦਲਾਂ ਨੂੰ ਪੰਜਾਬ ਦੀ ਜਨਤਾ ਇੱਕ ਵਾਰ ਫਿਰ ਜਵਾਬ ਦੇਵੇਗੀ। ਪੰਜਾਬ ਹੁਣ ਆਪਣੇ ਭਵਿੱਖ ਨਾਲ ਇਨ੍ਹਾਂ ਦੋਵਾਂ ਦਲਾਂ ਨੂੰ ਖਿਲਵਾੜ ਨਹੀਂ ਕਰਨ ਦੇਵੇਗਾ।


ਉੱਥੇ ਹੀ, ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਜਿਸ ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦੇ ਘਰ-ਘਰ ਵਿੱਚ ਨਸ਼ਾ ਪਹੁੰਚਾਉਣ ਦਾ ਅਪਰਾਧ ਕੀਤਾ, 10 ਸਾਲ ਤੱਕ ਪੰਜਾਬ ਨੂੰ ਬਰਬਾਦ ਕਰਨ ਦਾ ਅਪਰਾਧ ਕੀਤਾ, ਅੱਜ ਫਿਰ ਇਹ ਦੋਵੇਂ ਦਲ ਪੰਜਾਬ ਨੂੰ ਨਸ਼ਿਆਂ ਦੇ ਜਾਲ ਵਿੱਚ ਸੁੱਟਣ ਲਈ ਚੋਣ ਗੱਠਜੋੜ ਕਰ ਰਹੇ ਹਨ। ਅਕਾਲੀ ਦਲ ਨੂੰ ਦੱਸਣਾ ਚਾਹੀਦਾ ਹੈ ਕਿ ਭਾਜਪਾ 750 ਕਿਸਾਨਾਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਹੈ, ਕਿਸਾਨਾਂ ਨੂੰ ਖਾਲਿਸਤਾਨੀ ਅਤੇ ਪਾਕਿਸਤਾਨੀ ਕਿਹਾ, ਕਿਸਾਨਾਂ ਦਾ ਅਪਮਾਨ ਕੀਤਾ, ਕਿਸਾਨਾਂ ਖ਼ਿਲਾਫ਼ ਤਿੰਨ ਕਾਲੇ ਕਾਨੂੰਨ ਲਿਆਂਦੇ ਅਤੇ ਕਿਸਾਨਾਂ 'ਤੇ ਲਾਠੀਆਂ ਵਰ੍ਹਾਈਆਂ, ਅੱਥਰੂ ਗੈਸ ਦੇ ਗੋਲੇ ਛੱਡੇ, ਅਕਾਲੀ ਦਲ ਉਸੇ ਭਾਜਪਾ ਨਾਲ ਗੱਠਜੋੜ ਕਰ ਰਿਹਾ ਹੈ। ਇਹ ਗੱਠਜੋੜ ਜ਼ੀਰੋ ਜਮ੍ਹਾਂ ਜ਼ੀਰੋ ਬਰਾਬਰ ਜ਼ੀਰੋ ਹੈ। ਦੋ ਜ਼ੀਰੋਆਂ ਦਾ ਮਿਲਣ ਹੋ ਰਿਹਾ ਹੈ। ਇਸ ਲਈ ਇਨ੍ਹਾਂ ਦਾ ਨਤੀਜਾ ਜ਼ੀਰੋ ਹੀ ਆਉਣਾ ਹੈ।


ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਦੀ ਜਨਤਾ ਦੇਖ ਰਹੀ ਹੈ ਕਿ ਪੰਜਾਬ ਨੂੰ ਡਰੱਗਜ਼ ਅਤੇ ਨਸ਼ਿਆਂ ਵਿੱਚ ਡੋਬਣ ਵਾਲੇ ਭਾਜਪਾ ਅਤੇ ਅਕਾਲੀ ਮੁੜ ਇਕੱਠੇ ਹੋ ਗਏ ਹਨ। ਪੰਜਾਬ ਦੀ ਜਨਤਾ ਆਪਣੀ ਵੋਟ ਦੀ ਤਾਕਤ ਨਾਲ ਇਸ ਗੱਠਜੋੜ ਨੂੰ ਕਰਾਰਾ ਜਵਾਬ ਦੇਵੇਗੀ। ਭਾਜਪਾ ਸ਼ਾਸਿਤ ਗੁਜਰਾਤ ਵਿੱਚ ਅਡਾਨੀ ਦੀ ਬੰਦਰਗਾਹ ਤੋਂ 20 ਹਜ਼ਾਰ ਕਰੋੜ ਰੁਪਏ ਦੀ ਡਰੱਗਜ਼ ਫੜੀ ਗਈ ਸੀ। ਅੱਜ ਤੱਕ ਅਡਾਨੀ ਤੋਂ ਕੋਈ ਪੁੱਛਗਿੱਛ ਨਹੀਂ ਹੋਈ। ਗੁਜਰਾਤ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ 100 ਲੋਕ ਮਰ ਗਏ। ਯੂਪੀ ਦੇ ਅਲੀਗੜ੍ਹ ਵਿੱਚ 115 ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ। ਭਾਜਪਾ ਸ਼ਾਸਿਤ ਸੂਬਿਆਂ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਬਿਹਾਰ ਵਿੱਚ ਸ਼ਰਾਬਬੰਦੀ ਹੈ ਫਿਰ ਵੀ ਜ਼ਹਿਰੀਲੀ ਸ਼ਰਾਬ ਪੀ ਕੇ ਲੋਕ ਮਰ ਰਹੇ ਹਨ। ਯੂਪੀ ਵਿੱਚ ਯੋਗੀ ਸਰਕਾਰ ਨੇ 27 ਹਜ਼ਾਰ ਪਾਠਸ਼ਾਲਾਵਾਂ (ਸਕੂਲ) ਬੰਦ ਕਰਕੇ 27 ਹਜ਼ਾਰ ਮਧੂਸ਼ਾਲਾਵਾਂ (ਸ਼ਰਾਬ ਦੇ ਠੇਕੇ) ਖੋਲ੍ਹ ਦਿੱਤੇ ਹਨ। ਭਾਜਪਾ ਨੂੰ ਡਰੱਗਜ਼ 'ਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ।

‘‘ਆਪ’’ ਦਿੱਲੀ ਦੇ ਸੂਬਾ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ 2007 ਤੋਂ 2017 ਤੱਕ ਅਕਾਲੀ-ਭਾਜਪਾ ਦਾ ਗੱਠਜੋੜ ਸੀ। ਅਕਾਲੀ ਅਤੇ ਭਾਜਪਾ ਸਰਕਾਰ ਦੌਰਾਨ ਹੀ ਪੰਜਾਬ ਵਿੱਚ ਡਰੱਗਜ਼ ਇੱਕ ਮਹਾਂਮਾਰੀ ਵਾਂਗ ਫੈਲਿਆ। ਇਸ ਦੌਰਾਨ 3 ਸਾਲ ਤੱਕ ਕੇਂਦਰ ਵਿੱਚ ਵੀ ਭਾਜਪਾ ਦੀ ਸਰਕਾਰ ਸੀ ਅਤੇ ਪੰਜਾਬ ਵਿੱਚ ਵੀ ਅਕਾਲੀ ਦਲ ਨਾਲ ਸਰਕਾਰ ਵਿੱਚ ਸੀ। ਭਾਜਪਾ ਅਤੇ ਅਕਾਲੀ ਦਲ ਦੀ ਸਰਕਾਰ ਵੇਲੇ ਪੂਰੇ ਪੰਜਾਬ ਵਿੱਚ ਨਸ਼ਾ ਫੈਲਿਆ ਸੀ। ਪਿਛਲੇ ਸਾਢੇ ਚਾਰ ਸਾਲਾਂ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਵਿੱਚ ਨਸ਼ਿਆਂ 'ਤੇ ਕਾਫੀ ਹੱਦ ਤੱਕ ਨਕੇਲ ਕੱਸੀ ਹੈ। ਜੇਕਰ ਅਕਾਲੀ-ਭਾਜਪਾ ਦੀ ਸਰਕਾਰ ਪੰਜਾਬ ਵਿੱਚ ਮੁੜ ਆ ਗਈ ਤਾਂ ਨਸ਼ਾ ਉਸੇ ਤਰ੍ਹਾਂ ਪੂਰੇ ਪੰਜਾਬ ਵਿੱਚ ਫੈਲ ਜਾਵੇਗਾ। ਕਿਉਂਕਿ ਪੰਜਾਬ ਦਾ ਬਾਰਡਰ ਵੀ ਅਮਿਤ ਸ਼ਾਹ ਦੇ ਅਧੀਨ ਹੋਵੇਗਾ ਅਤੇ ਪੰਜਾਬ ਸਰਕਾਰ ਵੀ ਉਨ੍ਹਾਂ ਦੀ ਹੋਵੇਗੀ। ਫਿਰ ਸਰਹੱਦ ਪਾਰੋਂ ਨਸ਼ਾ ਆਇਆ ਕਰੇਗਾ ਅਤੇ ਪੰਜਾਬ ਦੀਆਂ ਮੰਡੀਆਂ ਵਿੱਚ ਸ਼ਰੇਆਮ ਨਸ਼ਾ ਵੇਚਿਆ ਜਾਵੇਗਾ। ਪੰਜਾਬ ਦੀ ਜਨਤਾ ਅਜਿਹੀ ਗਲਤੀ ਨਹੀਂ ਕਰ ਸਕਦੀ।

ਸੌਰਭ ਭਾਰਦਵਾਜ ਨੇ ਕਿਹਾ ਕਿ ਪੰਜਾਬ ਦੇ 750 ਤੋਂ ਵੱਧ ਸਿੱਖ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਆਪਣੀ ਸ਼ਹਾਦਤ ਦਿੱਤੀ ਸੀ। ਉਸ ਦਾ ਜਵਾਬ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇਣਾ ਹੋਵੇਗਾ। ਅਕਾਲੀ ਦਲ ਕਿਸਾਨਾਂ ਦੀ ਸ਼ਹਾਦਤ ਦਾ ਜਵਾਬ ਲਏ ਬਿਨਾਂ ਕਿਸ ਮੂੰਹ ਨਾਲ ਭਾਜਪਾ ਨਾਲ ਗੱਠਜੋੜ ਕਰ ਸਕਦਾ ਹੈ। ਭਾਜਪਾ ਵਾਲੇ ਤਾਂ ਸਿੱਖਾਂ ਅਤੇ ਸਿੱਖ ਕਿਸਾਨਾਂ ਨੂੰ ਅੱਤਵਾਦੀ, ਖਾਲਿਸਤਾਨੀ ਕਹਿੰਦੇ ਸਨ। ਕੈਨੇਡਾ ਤੋਂ ਸਰਪ੍ਰਸਤੀ ਹਾਸਲ ਕਰ ਰਹੇ 'ਆਂਦੋਲਨਜੀਵੀ' ਕਹਿ ਰਹੇ ਸਨ। ਅਕਾਲੀ ਦਲ ਨੂੰ ਇਹ ਸਾਰੀਆਂ ਗੱਲਾਂ ਪੰਜਾਬ ਦੀ ਜਨਤਾ ਨੂੰ ਦੱਸਣੀਆਂ ਪੈਣਗੀਆਂ।

ਸੌਰਭ ਭਾਰਦਵਾਜ ਨੇ ਕਿਹਾ ਕਿ ਪੀਐਮ ਮੋਦੀ ਨੇ ਦਿੱਲੀ ਵਿੱਚ ਵਾਅਦਾ ਕੀਤਾ ਸੀ ਕਿ ਹਰ ਔਰਤ ਨੂੰ ਹਰ ਮਹੀਨੇ 2500 ਰੁਪਏ ਮਿਲਣਗੇ। ਮੁੱਖ ਮੰਤਰੀ ਰੇਖਾ ਗੁਪਤਾ ਵਾਅਦਾ ਪੂਰਾ ਕਰਨ ਦਾ ਦਾਅਵਾ ਕਰਦੇ ਹਨ, ਪਰ ਦਿੱਲੀ ਵਿੱਚ ਰਹਿਣ ਵਾਲੀਆਂ ਕਰੋੜਾਂ ਔਰਤਾਂ ਵਿੱਚੋਂ ਮਹਿਜ਼ 56 ਔਰਤਾਂ ਨੂੰ ਕੁਝ ਪੈਸੇ ਦੇ ਕੇ ਵਾਅਦਾ ਪੂਰਾ ਕਰ ਦਿੱਤਾ। ਭਾਜਪਾ ਦੇ ਝੂਠੇ ਵਾਅਦਿਆਂ ਤੋਂ ਪੂਰਾ ਦੇਸ਼ ਵਾਕਿਫ਼ ਹੈ। ਹੁਣ ਜਨਤਾ ਇਨ੍ਹਾਂ ਦੇ ਝੂਠੇ ਵਾਅਦਿਆਂ 'ਤੇ ਭਰੋਸਾ ਨਹੀਂ ਕਰਨ ਵਾਲੀ। ਪੰਜਾਬ ਚੋਣਾਂ ਵਿੱਚ ਅਕਾਲੀ ਅਤੇ ਭਾਜਪਾ ਦੋਵੇਂ ਜ਼ੀਰੋ ਸੀਟਾਂ 'ਤੇ ਸਿਮਟ ਜਾਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.