IMG-LOGO
ਹੋਮ ਪੰਜਾਬ, ਰਾਸ਼ਟਰੀ, ਭਾਜਪਾ-ਅਕਾਲੀ ਦਲ (ਬਾਦਲ) ਦਾ 'ਠੱਗ ਜੋੜ' 2 ਪੰਜਾਬ ਵਿਰੋਧੀ ਪਾਰਟੀਆਂ...

ਭਾਜਪਾ-ਅਕਾਲੀ ਦਲ (ਬਾਦਲ) ਦਾ 'ਠੱਗ ਜੋੜ' 2 ਪੰਜਾਬ ਵਿਰੋਧੀ ਪਾਰਟੀਆਂ ਦਾ ਨਾਪਾਕ ਗਠਜੋੜ ਹੈ ਜੋ ਪੰਜਾਬ ਵਿੱਚ 750 ਕਿਸਾਨਾਂ ਦੀਆਂ ਮੌਤਾਂ, ਬੇਅਦਬੀ ਅਤੇ ਨਸ਼ਿਆਂ ਦੇ...

Admin User - Nov 24, 2026 06:03 PM
IMG

ਚੰਡੀਗੜ੍ਹ 24 ਨਵੰਬਰ-

ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਰਮਿਆਨ ਮੁੜ ਹੋਏ ਸਿਆਸੀ ਗਠਜੋੜ 'ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਦੋਵਾਂ ਪਾਰਟੀਆਂ 'ਤੇ ਤਿੱਖਾ ਹਮਲਾ ਬੋਲਿਆ ਅਤੇ ਇਸ ਨੂੰ ਇੱਕ ਨਾਪਾਕ ਅਤੇ ਮੌਕਾਪ੍ਰਸਤ 'ਠੱਗ ਜੋੜ' ਕਰਾਰ ਦਿੱਤਾ। ‘ਆਪ’ ਨੇ ਕਿਹਾ ਕਿ ਪੰਜਾਬ ਦੇ ਲੋਕ 2007 ਤੋਂ 2017 ਤੱਕ ਅਕਾਲੀ-ਭਾਜਪਾ ਦੇ ਕਾਲੇ ਦਹਾਕੇ ਦੌਰਾਨ ਕਿਸਾਨਾਂ, ਨੌਜਵਾਨਾਂ ਅਤੇ ਸਿੱਖ ਭਾਵਨਾਵਾਂ ਨਾਲ ਹੋਏ ਵਿਸ਼ਵਾਸਘਾਤ ਨੂੰ ਨਹੀਂ ਭੁੱਲੇ ਹਨ ਅਤੇ ਉਨ੍ਹਾਂ ਦਿਨਾਂ ਨੂੰ ਵਾਪਸ ਲਿਆਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰ ਦੇਣਗੇ।

ਇਸ ਸਬੰਧੀ ‘ਆਪ’ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਭਾਜਪਾ ਅਤੇ ਅਕਾਲੀ ਦਲ ਨੇ ਇੱਕ ਵਾਰ ਫਿਰ ਪੰਜਾਬ ਜਾਂ ਇਸ ਦੇ ਲੋਕਾਂ ਲਈ ਨਹੀਂ, ਸਗੋਂ ਸਿਰਫ਼ ਸੱਤਾ ਹਥਿਆਉਣ ਲਈ ਹੱਥ ਮਿਲਾਇਆ ਹੈ। ਇਹ ਦੋ ਅਜਿਹੀਆਂ ਪਾਰਟੀਆਂ ਵਿਚਕਾਰ ਨਾਪਾਕ 'ਠੱਗ ਜੋੜ' ਹੈ, ਜਿਨ੍ਹਾਂ ਦਾ ਰਿਕਾਰਡ ਪੰਜਾਬ ਨਾਲ ਧੋਖਾ ਕਰਨ ਦਾ ਰਿਹਾ ਹੈ। ਪੰਜਾਬ ਦੇ ਲੋਕ ਇਹ ਨਹੀਂ ਭੁੱਲੇ ਕਿ ਇਨ੍ਹਾਂ ਪਾਰਟੀਆਂ ਨੇ 2007 ਤੋਂ 2017 ਤੱਕ ਆਪਣੇ ਦਸ ਸਾਲਾਂ ਦੇ ਰਾਜ ਦੌਰਾਨ ਕੀ ਕੀਤਾ ਸੀ।"

ਉਨ੍ਹਾਂ ਕਿਹਾ, "ਜਦੋਂ ਭਾਜਪਾ ਤਿੰਨ ਕਾਲੇ ਖੇਤੀ ਕਾਨੂੰਨ ਲੈ ਕੇ ਆਈ ਸੀ, ਤਾਂ ਅਕਾਲੀ ਦਲ ਉਸ ਦੀ ਭਾਈਵਾਲ ਪਾਰਟੀ ਸੀ ਅਤੇ ਗਠਜੋੜ ਤੋਂ ਵੱਖ ਹੋਣ ਤੋਂ ਪਹਿਲਾਂ ਸਰਕਾਰ ਦਾ ਹਿੱਸਾ ਬਣਿਆ ਰਿਹਾ। ਇਤਿਹਾਸਕ ਕਿਸਾਨ ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਪੰਜਾਬ ਦੇ ਲੋਕ ਇਨ੍ਹਾਂ ਪਾਰਟੀਆਂ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਨਹੀਂ ਭੁੱਲੇ ਹਨ, ਅਤੇ ਅਕਾਲੀ ਦਲ ਭਾਜਪਾ ਨਾਲ ਮੁੜ ਗਠਜੋੜ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ।"

ਸੀਨੀਅਰ ‘ਆਪ’ ਆਗੂ ਨੇ ਅੱਗੇ ਕਿਹਾ, "ਅਕਾਲੀ-ਭਾਜਪਾ ਦੇ ਦਸ ਸਾਲਾਂ ਦੇ ਰਾਜ ਨੇ ਪੰਜਾਬ ਨੂੰ ਡੂੰਘੇ ਸੰਕਟ ਵਿੱਚ ਧੱਕ ਦਿੱਤਾ। 'ਚਿੱਟੇ' ਵਰਗੇ ਨਸ਼ੇ ਸੂਬੇ ਭਰ ਵਿੱਚ ਫੈਲ ਗਏ ਅਤੇ ਪੰਜਾਬ ਦੀ ਪੂਰੀ ਨੌਜਵਾਨ ਪੀੜ੍ਹੀ ਨੂੰ ਤਬਾਹ ਕਰ ਦਿੱਤਾ। ਇਨ੍ਹਾਂ ਦੋਵਾਂ ਪਾਰਟੀਆਂ ਨੇ ਪੰਜਾਬ ਦੇ ਭਵਿੱਖ ਨੂੰ ਬਰਬਾਦ ਕਰਨ ਦੀ ਹਰ ਕੋਸ਼ਿਸ਼ ਕੀਤੀ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ ਬਦਲਾਅ ਦੇਖ ਰਹੇ ਹਨ। ਸਾਡੀ ਸਰਕਾਰ ਨਸ਼ਿਆਂ ਵਿਰੁੱਧ ਆਪਣੀ ਲਗਾਤਾਰ ਮੁਹਿੰਮ ਰਾਹੀਂ ਨਸ਼ਿਆਂ ਦੇ ਕਹਿਰ ਖ਼ਿਲਾਫ਼ ਫ਼ੈਸਲਾਕੁੰਨ ਕਾਰਵਾਈ ਕਰ ਰਹੀ ਹੈ।"


ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, "ਪੰਜਾਬ ਦੇ ਲੋਕ 2015 ਦੀਆਂ ਬਰਗਾੜੀ ਅਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਨੂੰ ਨਹੀਂ ਭੁੱਲੇ ਹਨ ਜੋ ਅਕਾਲੀ-ਭਾਜਪਾ ਸ਼ਾਸਨ ਦੌਰਾਨ ਵਾਪਰੀਆਂ ਸਨ। ਨਾ ਹੀ ਉਹ 1986 ਦੀਆਂ ਘਟਨਾਵਾਂ ਸਮੇਤ ਆਪਣੀਆਂ ਧਾਰਮਿਕ ਭਾਵਨਾਵਾਂ 'ਤੇ ਹੋਏ ਵਾਰ-ਵਾਰ ਹਮਲਿਆਂ ਨੂੰ ਭੁੱਲੇ ਹਨ। ਇਹ ਅਜਿਹੇ ਜ਼ਖ਼ਮ ਹਨ ਜਿਨ੍ਹਾਂ ਨੂੰ ਪੰਜਾਬ ਦੀ ਯਾਦ ਵਿੱਚੋਂ ਮਿਟਾਇਆ ਨਹੀਂ ਜਾ ਸਕਦਾ। ਭਾਜਪਾ, ਜੋ ਹਰ ਕਿਸੇ ਨੂੰ ਭ੍ਰਿਸ਼ਟਾਚਾਰ 'ਤੇ ਭਾਸ਼ਣ ਦਿੰਦੀ ਹੈ, ਨੂੰ ਇਲੈਕਟੋਰਲ ਬਾਂਡ ਅਤੇ ਸਿਆਸੀ ਚੰਦੇ ਨਾਲ ਜੁੜੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ। ਦੋਵਾਂ ਪਾਰਟੀਆਂ ਨੇ ਵਾਰ-ਵਾਰ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ।"


ਉਨ੍ਹਾਂ ਜ਼ੋਰ ਦੇ ਕੇ ਕਿਹਾ, "ਇਹ ਨਵਾਂ ਗਠਜੋੜ ਇੱਕ ਸਿਧਾਂਤਹੀਣ ਅਤੇ ਪੰਜਾਬ ਵਿਰੋਧੀ ਸਮਝੌਤਾ ਹੈ। ਪੰਜਾਬ ਦੇ ਲੋਕ ਪਹਿਲਾਂ ਹੀ ਇਨ੍ਹਾਂ ਪਾਰਟੀਆਂ ਦੇ ਰਾਜ ਵਿੱਚ ਦਸ ਸਾਲ ਸੰਤਾਪ ਭੋਗ ਚੁੱਕੇ ਹਨ। ਉਹ ਕਦੇ ਵੀ ਇਨ੍ਹਾਂ ਦੀ ਸੱਤਾ ਵਿੱਚ ਵਾਪਸੀ ਨੂੰ ਸਵੀਕਾਰ ਨਹੀਂ ਕਰਨਗੇ। ਪੰਜਾਬੀ ਇਸ ਨਾਪਾਕ 'ਠੱਗ ਜੋੜ' ਨੂੰ ਮਿਸਾਲੀ ਸਿਆਸੀ ਹਾਰ ਦੇਣਗੇ।"


ਇਸ ਦੌਰਾਨ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, "ਭਾਜਪਾ-ਅਕਾਲੀ ਦਲ ਦਾ ਗਠਜੋੜ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ, ਜਿਨ੍ਹਾਂ ਦਾ ਜਵਾਬ ਹਰ ਪੰਜਾਬੀ ਜਾਣਨ ਦਾ ਹੱਕਦਾਰ ਹੈ। ਇਹ ਸਿਧਾਂਤਾਂ ਜਾਂ ਲੋਕ ਭਲਾਈ 'ਤੇ ਆਧਾਰਿਤ ਸਿਆਸੀ ਗਠਜੋੜ ਨਹੀਂ ਹੈ। ਇਹ ਇੱਕ 'ਠੱਗ ਜੋੜ' ਹੈ। ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਭਾਜਪਾ ਨਾਲ ਕੀ ਸਮਝੌਤਾ ਹੋਇਆ ਹੈ ਅਤੇ ਇਸ ਗਠਜੋੜ ਦੇ ਬਦਲੇ ਪੰਜਾਬ ਨੂੰ ਕੀ ਕੀਮਤ ਚੁਕਾਉਣੀ ਪਈ ਹੈ।"


ਸਿੱਖ ਧਾਰਮਿਕ ਸੰਸਥਾਵਾਂ ਬਾਰੇ ਭਾਜਪਾ ਦੇ ਰੁਖ਼ 'ਤੇ ਸਵਾਲ ਉਠਾਉਂਦਿਆਂ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਨੇ ਕਿਹਾ, "ਸੁਖਬੀਰ ਸਿੰਘ ਬਾਦਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਭਾਜਪਾ ਵੱਖਰੀ ਹਰਿਆਣਾ, ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਸਹਿਮਤ ਹੋ ਗਈ ਹੈ, ਜਿਨ੍ਹਾਂ ਨੂੰ ਅਕਾਲੀ ਦਲ ਵਾਰ-ਵਾਰ ਉਠਾਉਂਦਾ ਰਿਹਾ ਹੈ? ਕੀ ਇਹ ਕਮੇਟੀਆਂ ਹੁਣ ਐਸਜੀਪੀਸੀ ਦੇ ਅਧੀਨ ਲਿਆਂਦੀਆਂ ਜਾਣਗੀਆਂ? ਕੀ ਅਕਾਲੀ ਲੀਡਰਸ਼ਿਪ ਵੱਲੋਂ ਕੀਤੀਆਂ ਗਈਆਂ ਮੰਗਾਂ ਅਤੇ ਭਰੋਸੇ ਪੂਰੇ ਕੀਤੇ ਗਏ ਹਨ? ਕੀ ਇਸ ਸਿਆਸੀ ਸਮਝੌਤੇ ਦੇ ਹਿੱਸੇ ਵਜੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਹੱਲ ਕਰ ਲਿਆ ਗਿਆ ਹੈ? ਪੰਜਾਬੀਆਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਬੰਦ ਦਰਵਾਜ਼ਿਆਂ ਪਿੱਛੇ ਕੀ ਸੌਦੇਬਾਜ਼ੀ ਹੋਈ ਹੈ।"


ਪੰਜਾਬ ਦੇ ਹੱਕਾਂ ਨਾਲ ਜੁੜੇ ਸਵਾਲ ਉਠਾਉਂਦਿਆਂ ਬਲਤੇਜ ਪੰਨੂ ਨੇ ਕਿਹਾ, "ਕੀ ਭਾਜਪਾ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ, ਚੰਡੀਗੜ੍ਹ ਦੇ ਰੁਤਬੇ, ਚੰਡੀਗੜ੍ਹ ਵਿੱਚ ਵੱਖਰੀ ਵਿਧਾਨ ਸਭਾ ਦੀ ਇਮਾਰਤ ਦੀ ਮੰਗ ਅਤੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ 'ਤੇ ਕੋਈ ਭਰੋਸਾ ਦਿੱਤਾ ਹੈ? ਕੀ ਭਾਜਪਾ ਇਨ੍ਹਾਂ ਮੁੱਦਿਆਂ 'ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਹਿਮਤ ਹੋਈ ਹੈ, ਜਾਂ ਅਕਾਲੀ ਦਲ ਨੇ ਸਿਰਫ਼ ਸਿਆਸੀ ਗਠਜੋੜ ਬਚਾਉਣ ਲਈ ਇਨ੍ਹਾਂ ਨਾਲ ਸਮਝੌਤਾ ਕਰ ਲਿਆ ਹੈ? ਪੰਜਾਬ ਦੀਆਂ ਝਾਕੀਆਂ ਨੂੰ ਵਾਰ-ਵਾਰ ਰੱਦ ਕੀਤਾ ਗਿਆ ਹੈ। ਜਿਹੜੀ ਪਾਰਟੀ ਪੰਜਾਬ ਦੀ ਪਛਾਣ ਅਤੇ ਮਾਣ ਲਈ ਖੜ੍ਹੀ ਨਹੀਂ ਹੋ ਸਕਦੀ, ਉਹ ਇਸ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦਾ ਦਾਅਵਾ ਨਹੀਂ ਕਰ ਸਕਦੀ।"


ਕਿਸਾਨ ਅੰਦੋਲਨ ਨੂੰ ਯਾਦ ਕਰਦਿਆਂ ਬਲਤੇਜ ਪੰਨੂ ਨੇ ਕਿਹਾ, "ਜਦੋਂ ਪੰਜਾਬ ਦੇ ਕਿਸਾਨ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਵੱਲ ਵਧੇ, ਤਾਂ ਭਾਜਪਾ ਸਰਕਾਰ ਨੇ ਬੈਰੀਕੇਡ ਲਗਾਏ, ਸੜਕਾਂ 'ਤੇ ਕਿੱਲ ਗੱਡੇ, ਹਾਈਵੇਅ ਬੰਦ ਕੀਤੇ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਤਕਲੀਫ਼ ਦਿੱਤੀ। ਇਸ ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ। ਅਕਾਲੀ ਦਲ ਨੇ ਦਾਅਵਾ ਕੀਤਾ ਸੀ ਕਿ ਕਿਸਾਨਾਂ ਦੇ ਹਿੱਤ ਹੀ ਭਾਜਪਾ ਗਠਜੋੜ ਛੱਡਣ ਦਾ ਕਾਰਨ ਸਨ। ਹੁਣ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਲਈ ਕੀ ਕੀਤਾ ਹੈ।"


ਉਨ੍ਹਾਂ ਅੱਗੇ ਕਿਹਾ, "ਇਸ ਦੇ ਉਲਟ, ਭਗਵੰਤ ਮਾਨ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਹੀ ਫ਼ਰਕ ਹੈ ਸਿਰਫ਼ ਸਿਆਸੀ ਬਿਆਨਬਾਜ਼ੀ ਕਰਨ ਅਤੇ ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਨ ਵਿੱਚ।"


ਇਹ ਸਵਾਲ ਕਰਦਿਆਂ ਕਿ ਕੀ ਇਹ ਗਠਜੋੜ ਪਿਛਲੇ ਸ਼ਾਸਨ ਦੇ ਨਸ਼ਾ ਤਸਕਰੀ ਦੇ ਨੈੱਟਵਰਕਾਂ ਨੂੰ ਮੁੜ ਸੁਰਜੀਤ ਕਰੇਗਾ, ਬਲਤੇਜ ਪੰਨੂ ਨੇ ਕਿਹਾ, "ਕੀ ਇਸ ਨਵੇਂ ਗਠਜੋੜ ਦਾ ਮਤਲਬ ਉਹੀ ਨਸ਼ਾ ਮਾਫ਼ੀਆ ਅਤੇ 'ਚਿੱਟੇ' ਦੇ ਨੈੱਟਵਰਕਾਂ ਦੀ ਵਾਪਸੀ ਹੈ ਜੋ ਅਕਾਲੀ-ਭਾਜਪਾ ਸਰਕਾਰ ਦੌਰਾਨ ਵਧੇ-ਫੁੱਲੇ ਸਨ? ਲੋਕਾਂ ਨੂੰ ਅਜੇ ਵੀ ਯਾਦ ਹੈ ਕਿ 2007 ਤੋਂ 2017 ਦਰਮਿਆਨ ਪੰਜਾਬ ਵਿੱਚ ਨਸ਼ਾ ਕਿਵੇਂ ਫੈਲਿਆ, ਕਿਵੇਂ ਨੌਜਵਾਨਾਂ ਦੀ ਪੂਰੀ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਫਸ ਗਈ ਅਤੇ ਕਿਵੇਂ ਨਸ਼ੇ ਦੇ ਵਪਾਰ ਨੂੰ ਸੁਖਾਲਾ ਬਣਾਉਣ ਲਈ ਲਾਲ ਬੱਤੀ ਵਾਲੀਆਂ ਗੱਡੀਆਂ ਦੀ ਵਰਤੋਂ ਕੀਤੀ ਗਈ। ਜਦੋਂ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਸੀ ਤਾਂ ਭਾਜਪਾ ਲੀਡਰਸ਼ਿਪ ਚੁੱਪ ਰਹੀ। ਅੱਜ ਦੋਵੇਂ ਪਾਰਟੀਆਂ ਚਾਹੁੰਦੀਆਂ ਹਨ ਕਿ ਲੋਕ ਉਸ ਇਤਿਹਾਸ ਨੂੰ ਭੁੱਲ ਜਾਣ।"


2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਉਸ ਤੋਂ ਬਾਅਦ ਹੋਏ ਰੋਸ ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ, "ਪੰਜਾਬ ਦੇ ਲੋਕ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਜਾਂ ਉਸ ਤੋਂ ਬਾਅਦ ਹੋਏ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਨਹੀਂ ਭੁੱਲੇ ਹਨ। ਉਨ੍ਹਾਂ ਨੂੰ ਬਹਿਬਲ ਕਲਾਂ ਅਤੇ ਹੋਰ ਥਾਵਾਂ 'ਤੇ ਹੋਈ ਬੇਰਹਿਮ ਪੁਲਿਸ ਕਾਰਵਾਈ, ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ, ਅੱਥਰੂ ਗੈਸ ਅਤੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਯਾਦ ਹੈ, ਜਿਸ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਉਨ੍ਹਾਂ ਨੂੰ ਇਹ ਵੀ ਯਾਦ ਹੈ ਕਿ ਜਾਂਚ ਨੂੰ ਕਿਵੇਂ ਪ੍ਰਭਾਵਿਤ ਕੀਤਾ ਗਿਆ ਅਤੇ ਕਿਵੇਂ ਸੀਬੀਆਈ ਨੇ ਬਾਅਦ ਵਿੱਚ ਇਸ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ। ਇਹ ਅਜਿਹੇ ਸਵਾਲ ਹਨ ਜਿਨ੍ਹਾਂ ਤੋਂ ਅਕਾਲੀ ਲੀਡਰਸ਼ਿਪ ਬਚ ਨਹੀਂ ਸਕਦੀ।"


ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਬਲਤੇਜ ਪੰਨੂ ਨੇ ਕਿਹਾ, "ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਇਹ ਗਠਜੋੜ ਐਸਜੀਪੀਸੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) 'ਤੇ ਉਨ੍ਹਾਂ ਦੇ ਸਿਆਸੀ ਕੰਟਰੋਲ ਨੂੰ ਬਚਾਉਣ ਅਤੇ ਇਸ ਮਹੱਤਵਪੂਰਨ ਧਾਰਮਿਕ ਸੰਸਥਾ 'ਤੇ ਉਨ੍ਹਾਂ ਦੇ ਪ੍ਰਭਾਵ ਨੂੰ ਕਮਜ਼ੋਰ ਹੋਣ ਤੋਂ ਰੋਕਣ ਲਈ ਕੀਤਾ ਗਿਆ ਹੈ। ਕੀ ਇੱਕ ਵਾਰ ਫਿਰ ਸਿੱਖ ਸੰਸਥਾਵਾਂ ਅਤੇ ਪੰਜਾਬ ਦੇ ਹਿੱਤਾਂ ਨੂੰ ਕੁਝ ਵਿਅਕਤੀਆਂ ਦੀਆਂ ਸਿਆਸੀ ਇੱਛਾਵਾਂ ਤੋਂ ਹੇਠਾਂ ਰੱਖਿਆ ਜਾ ਰਿਹਾ ਹੈ? ਲੋਕ ਸਪੱਸ਼ਟ ਜਵਾਬ ਚਾਹੁੰਦੇ ਹਨ।"


ਭਾਜਪਾ-ਅਕਾਲੀ ਦਲ ਗਠਜੋੜ ਦੀ ਤੁਲਨਾ ‘ਆਪ’ ਸਰਕਾਰ ਦੀ ਲੋਕ-ਪੱਖੀ ਪਹੁੰਚ ਨਾਲ ਕਰਦਿਆਂ ਬਲਤੇਜ ਪੰਨੂ ਨੇ ਕਿਹਾ, "ਆਮ ਆਦਮੀ ਪਾਰਟੀ ਨੂੰ ਉਨ੍ਹਾਂ ਪਾਰਟੀਆਂ ਨਾਲ ਗਠਜੋੜ ਕਰਨ ਦੀ ਲੋੜ ਨਹੀਂ ਹੈ ਜੋ ਸਿਰਫ਼ ਸੱਤਾ ਹਥਿਆਉਣ ਲਈ ਇਕੱਠੀਆਂ ਹੁੰਦੀਆਂ ਹਨ। ਸਾਡਾ ਗਠਜੋੜ ਪੰਜਾਬ ਦੇ ਲੋਕਾਂ ਨਾਲ ਹੈ। ਭਾਜਪਾ ਅਤੇ ਅਕਾਲੀ ਦਲ ਆਪਣੀ ਸਿਆਸੀ ਹੋਂਦ ਬਚਾਉਣ ਲਈ ਹੱਥ ਮਿਲਾ ਰਹੇ ਹਨ, ਜਦਕਿ ‘ਆਪ’ ਸਰਕਾਰ ਸਮਾਜ ਦੇ ਹਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੰਮ ਕਰ ਰਹੀ ਹੈ।"


ਔਰਤਾਂ ਅਤੇ ਕਿਸਾਨਾਂ ਲਈ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਉਜਾਗਰ ਕਰਦਿਆਂ ਬਲਤੇਜ ਪੰਨੂ ਨੇ ਕਿਹਾ, "ਸਾਡਾ ਗਠਜੋੜ ਪੰਜਾਬ ਦੀਆਂ ਮਾਵਾਂ ਅਤੇ ਧੀਆਂ ਨਾਲ ਹੈ, ਜਿਨ੍ਹਾਂ ਦਾ ਮਾਣ-ਸਨਮਾਨ, ਆਰਥਿਕ ਸੁਰੱਖਿਆ ਅਤੇ ਸਸ਼ਕਤੀਕਰਨ ਸਾਡੀ ਤਰਜੀਹ ਹੈ। ਸਾਡਾ ਗਠਜੋੜ ਉਨ੍ਹਾਂ ਕਿਸਾਨਾਂ ਨਾਲ ਹੈ ਜਿਨ੍ਹਾਂ ਨੂੰ ਹੁਣ ਰਾਤ ਨੂੰ ਖੇਤਾਂ ਵਿੱਚ ਜਾਣ ਦੀ ਬਜਾਏ ਦਿਨ ਵੇਲੇ ਸਿੰਚਾਈ ਲਈ ਬਿਜਲੀ ਮਿਲ ਰਹੀ ਹੈ। ਅਸੀਂ ਨਹਿਰੀ ਪਾਣੀ ਦੀ ਵਰਤੋਂ ਲਗਭਗ 22% ਤੋਂ ਵਧਾ ਕੇ ਲਗਭਗ 88% ਕਰ ਦਿੱਤੀ ਹੈ, ਜਿਸ ਨਾਲ ਕਿਸਾਨ ਭਾਈਚਾਰੇ ਨੂੰ ਵੱਡੀ ਰਾਹਤ ਮਿਲੀ ਹੈ।"


ਰੁਜ਼ਗਾਰ ਬਾਰੇ ਬੋਲਦਿਆਂ ਬਲਤੇਜ ਪੰਨੂ ਨੇ ਕਿਹਾ, "ਸਾਡਾ ਗਠਜੋੜ ਪੰਜਾਬ ਦੇ ਨੌਜਵਾਨਾਂ ਨਾਲ ਹੈ। ਭਗਵੰਤ ਮਾਨ ਸਰਕਾਰ ਨੇ ਬਿਨਾਂ ਕਿਸੇ ਸਿਫ਼ਾਰਸ਼, ਰਿਸ਼ਵਤ ਜਾਂ ਸਿਆਸੀ ਪੱਖਪਾਤ ਦੇ 71,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇੱਕ ਵੀ ਲਾਭਪਾਤਰੀ ਨੇ ਅੱਗੇ ਆ ਕੇ ਇਹ ਨਹੀਂ ਕਿਹਾ ਕਿ ਉਸ ਨੂੰ ਸਰਕਾਰੀ ਨੌਕਰੀ ਲੈਣ ਲਈ ਰਿਸ਼ਵਤ ਦੇਣੀ ਪਈ ਜਾਂ ਸਿਆਸੀ ਪ੍ਰਭਾਵ ਦੀ ਵਰਤੋਂ ਕਰਨੀ ਪਈ। ਇਹ ਨੌਕਰੀਆਂ ਨਿਰੋਲ ਮੈਰਿਟ 'ਤੇ ਦਿੱਤੀਆਂ ਗਈਆਂ ਹਨ।"


ਉਦਯੋਗਿਕ ਵਿਕਾਸ 'ਤੇ ਬੋਲਦਿਆਂ ਬਲਤੇਜ ਪੰਨੂ ਨੇ ਕਿਹਾ, "ਸਾਡਾ ਗਠਜੋੜ ਪੰਜਾਬ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਵੀ ਹੈ, ਜਿਨ੍ਹਾਂ ਨੇ ਪਿਛਲੇ ਅਕਾਲੀ-ਭਾਜਪਾ ਰਾਜ ਦੌਰਾਨ ਸੰਤਾਪ ਭੋਗਿਆ ਸੀ। ਸਿੰਗਲ-ਵਿੰਡੋ ਸਿਸਟਮ ਰਾਹੀਂ ਅਸੀਂ ਪੰਜਾਬ ਵਿੱਚ ਨਿਵੇਸ਼ ਕਰਨਾ ਅਤੇ ਕਾਰੋਬਾਰ ਕਰਨਾ ਸੁਖਾਲਾ ਬਣਾਇਆ ਹੈ। ਸੂਬੇ ਵਿੱਚ ਲਗਭਗ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜਿਸ ਵਿੱਚ ਟਾਟਾ ਸਟੀਲ ਵਰਗੀਆਂ ਕੰਪਨੀਆਂ ਦੇ ਵੱਡੇ ਪ੍ਰੋਜੈਕਟ ਸ਼ਾਮਲ ਹਨ। ਪੰਜਾਬ ਵਿੱਚ ਮੁੜ ਉਦਯੋਗਿਕ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ।"


ਉਨ੍ਹਾਂ ਅੱਗੇ ਕਿਹਾ, "ਸਾਡਾ ਗਠਜੋੜ ਪੰਜਾਬ ਦੇ ਆਮ ਪਰਿਵਾਰਾਂ ਨਾਲ ਹੈ। ਲਗਭਗ 90% ਘਰਾਂ ਨੂੰ ਜ਼ੀਰੋ ਬਿਜਲੀ ਬਿੱਲ ਆ ਰਹੇ ਹਨ। ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਸਿਹਤ ਬੀਮੇ ਦਾ ਲਾਭ ਮਿਲ ਰਿਹਾ ਹੈ, ਜਦਕਿ ਮੁਹੱਲਾ ਕਲੀਨਿਕਾਂ ਵਿੱਚ ਮੁਫ਼ਤ ਇਲਾਜ ਅਤੇ ਦਵਾਈਆਂ ਮਿਲ ਰਹੀਆਂ ਹਨ। ਇਹ ਖੋਖਲੇ ਸਿਆਸੀ ਵਾਅਦੇ ਨਹੀਂ, ਸਗੋਂ ਆਮ ਲੋਕਾਂ ਤੱਕ ਪਹੁੰਚ ਰਹੇ ਠੋਸ ਲਾਭ ਹਨ।"


ਖੇਡਾਂ ਅਤੇ ਨੌਜਵਾਨ ਪੀੜ੍ਹੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਬਲਤੇਜ ਪੰਨੂ ਨੇ ਕਿਹਾ, "ਸਾਡੀ ਸਰਕਾਰ 3,100 ਖੇਡ ਸਟੇਡੀਅਮ ਬਣਾ ਕੇ ਅਤੇ ਖੇਡ ਢਾਂਚੇ ਨੂੰ ਮਜ਼ਬੂਤ ਕਰਕੇ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਦੇ ਭਵਿੱਖ ਵਿੱਚ ਨਿਵੇਸ਼ ਕਰ ਰਹੀ ਹੈ। ਪੰਜਾਬ ਵਿੱਚ ਹਾਲ ਹੀ ਵਿੱਚ ਹੋਇਆ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਅਤੇ ਚੱਲ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਸੂਬੇ ਭਰ ਦੇ ਲੋਕਾਂ ਦੇ ਜੀਵਨ ਵਿੱਚ ਖੇਡਾਂ ਨੂੰ ਸ਼ਾਮਲ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਤਿੰਨ ਪੀੜ੍ਹੀਆਂ ਦੇ ਲੋਕ ਹਿੱਸਾ ਲੈ ਰਹੇ ਹਨ, ਜੋ ਦਰਸਾਉਂਦਾ ਹੈ ਕਿ ਖੇਡਾਂ ਸਮਾਜ ਨੂੰ ਕਿਵੇਂ ਜੋੜ ਸਕਦੀਆਂ ਹਨ।"


ਆਪਣੇ ਸੰਬੋਧਨ ਦੇ ਅੰਤ ਵਿੱਚ ਬਲਤੇਜ ਪੰਨੂ ਨੇ ਕਿਹਾ, "ਭਾਜਪਾ ਅਤੇ ਅਕਾਲੀ ਦਲ ਪੰਜਾਬ ਨਾਲ ਧੋਖਾ ਕਰਨ ਦੇ ਆਪਣੇ ਰਿਕਾਰਡ ਦੇ ਬਾਵਜੂਦ ਹੱਥ ਮਿਲਾ ਕੇ ਸੱਤਾ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੋਕ ਪਹਿਲਾਂ ਹੀ ਇਨ੍ਹਾਂ ਦੇ ਰਾਜ ਦੇ ਨਤੀਜੇ ਭੁਗਤ ਚੁੱਕੇ ਹਨ ਅਤੇ ਕਦੇ ਵੀ ਉਨ੍ਹਾਂ ਕਾਲੇ ਦਿਨਾਂ ਨੂੰ ਵਾਪਸ ਨਹੀਂ ਆਉਣ ਦੇਣਗੇ। ‘ਆਪ’ ਸਰਕਾਰ ਦਾ ਗਠਜੋੜ ਪੰਜਾਬ ਦੇ ਕਿਸਾਨਾਂ, ਨੌਜਵਾਨਾਂ, ਔਰਤਾਂ, ਵਪਾਰੀਆਂ ਅਤੇ ਹਰ ਉਸ ਪੰਜਾਬੀ ਨਾਲ ਹੈ ਜੋ ਸੂਬੇ ਦਾ ਬਿਹਤਰ ਭਵਿੱਖ ਚਾਹੁੰਦਾ ਹੈ। ਭਾਜਪਾ-ਅਕਾਲੀ ਦਲ ਦਾ 'ਠੱਗ ਜੋੜ' ਭਾਵੇਂ ਸਿਆਸੀ ਹੋਂਦ ਬਚਾਉਣ ਲਈ ਇਕੱਠਾ ਹੋਇਆ ਹੋਵੇ, ਪਰ ਪੰਜਾਬ ਦੇ ਲੋਕ ਇਸ ਮੌਕਾਪ੍ਰਸਤ ਸਮਝੌਤੇ ਨੂੰ ਰੱਦ ਕਰ ਦੇਣਗੇ।"

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.