ਤਾਜਾ ਖਬਰਾਂ
ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ ਲਖਨਊ-ਆਗਰਾ ਐਕਸਪ੍ਰੈੱਸਵੇਅ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਸਕੂਲ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 4 ਬੱਚਿਆਂ ਦੀ ਮੌਤ ਹੋ ਗਈ, ਜਦਕਿ 25 ਬੱਚੇ ਜ਼ਖ਼ਮੀ ਹੋ ਗਏ। ਹਾਦਸੇ ਸਮੇਂ ਬੱਸ ਵਿੱਚ 50 ਬੱਚਿਆਂ ਸਮੇਤ ਕੁੱਲ 60 ਲੋਕ ਸਵਾਰ ਸਨ। ਸਾਰੇ ਬੱਚੇ ਆਗਰਾ ਤੋਂ ਪਿਕਨਿਕ ਮਨਾਉਣ ਮਗਰੋਂ ਵਾਪਸ ਕੌਸ਼ਾਂਬੀ ਪਰਤ ਰਹੇ ਸਨ।
ਕਨੌਜ ਦੇ ਐੱਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਇਹ ਬੱਸ ਕੌਸ਼ਾਂਬੀ ਦੇ ਓਰੀਐਂਟਲ ਪਬਲਿਕ ਸਕੂਲ ਦੀ ਸੀ। ਬੱਸ ਸੋਮਵਾਰ ਰਾਤ ਕਰੀਬ 12 ਵਜੇ ਆਗਰਾ ਤੋਂ ਰਵਾਨਾ ਹੋਈ ਸੀ। ਮੰਗਲਵਾਰ ਸਵੇਰੇ ਕਰੀਬ 6 ਵਜੇ ਬੱਚਿਆਂ ਨੂੰ ਟਾਇਲਟ ਕਰਵਾਉਣ ਲਈ ਬੱਸ ਐਕਸਪ੍ਰੈੱਸਵੇਅ 'ਤੇ ਖੜ੍ਹੀ ਕੀਤੀ ਗਈ ਸੀ। ਇਸੇ ਦੌਰਾਨ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਸੀਟਾਂ ਵੀ ਉੱਖੜ ਗਈਆਂ। ਕਈ ਬੱਚੇ ਸੀਟਾਂ ਵਿਚਕਾਰ ਫਸ ਗਏ ਸਨ। ਹਾਦਸਾ ਠਠੀਆ ਥਾਣਾ ਖੇਤਰ ਵਿੱਚ ਵਾਪਰਿਆ। ਮੁੱਢਲੀ ਜਾਣਕਾਰੀ ਮੁਤਾਬਕ ਟਰੱਕ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਇਹ ਹਾਦਸਾ ਵਾਪਰਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਜ਼ਖ਼ਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.