IMG-LOGO
ਹੋਮ ਪੰਜਾਬ: ਫਿਲੌਰ ਨੇੜੇ ਹਾਈਵੇ ’ਤੇ ਭਿਆਨਕ ਸੜਕ ਹਾਦਸਾ: ਟਰੱਕ ਪਿੱਛੇ ਵੜੀ...

ਫਿਲੌਰ ਨੇੜੇ ਹਾਈਵੇ ’ਤੇ ਭਿਆਨਕ ਸੜਕ ਹਾਦਸਾ: ਟਰੱਕ ਪਿੱਛੇ ਵੜੀ ਮਟਰਾਂ ਨਾਲ ਭਰੀ ਬੋਲੈਰੋ ਪਿਕਅੱਪ, 400 ਮੀਟਰ ਤੱਕ ਘਸੀਟਦੀ ਗਈ ਗੱਡੀ

Admin User - Nov 23, 2026 01:45 PM
IMG

ਫਿਲੌਰ: ਕੌਮੀ ਸ਼ਾਹਰਾਹ 'ਤੇ ਟਰੱਕ ਡਰਾਈਵਰ ਦੀ ਵੱਡੀ ਲਾਪਰਵਾਹੀ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਮਟਰਾਂ ਨਾਲ ਭਰੀ ਬੋਲੈਰੋ ਪਿਕਅੱਪ ਗੱਡੀ ਦੇ ਪਰਖੱਚੇ ਉੱਡ ਗਏ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬੋਲੈਰੋ ਗੱਡੀ ਟਰੱਕ ਦੇ ਪਿਛਲੇ ਹਿੱਸੇ ਹੇਠਾਂ ਫਸ ਗਈ ਅਤੇ ਟਰੱਕ ਚਾਲਕ ਉਸ ਨੂੰ ਕਰੀਬ 300 ਤੋਂ 400 ਮੀਟਰ ਤੱਕ ਸੜਕ 'ਤੇ ਘਸੀਟਦਾ ਲੈ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਭਿਆਨਕ ਟੱਕਰ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਜ਼ਖ਼ਮੀ ਪਿਕਅੱਪ ਚਾਲਕ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।


ਮਿਲੀ ਜਾਣਕਾਰੀ ਅਨੁਸਾਰ, ਜੰਡਿਆਲਾ ਗੁਰੂ ਦਾ ਰਹਿਣ ਵਾਲਾ ਪਿਕਅੱਪ ਚਾਲਕ ਆਪਣੀ ਬੋਲੈਰੋ ਗੱਡੀ ਵਿੱਚ ਮਟਰ ਲੱਦ ਕੇ ਖੰਨਾ ਮੰਡੀ ਵੱਲ ਜਾ ਰਿਹਾ ਸੀ। ਜਦੋਂ ਉਹ ਫਿਲੌਰ ਨੇੜੇ ਪਹੁੰਚਿਆ ਤਾਂ ਅੱਗੇ ਜਾ ਰਹੇ ਇੱਕ ਟਰੱਕ ਡਰਾਈਵਰ ਨੇ ਕਥਿਤ ਤੌਰ 'ਤੇ ਪਿੱਛੇ ਬਣੇ ਇੱਕ ਢਾਬੇ 'ਤੇ ਜਾਣ ਲਈ ਹਾਈਵੇ ਦੇ ਵਿਚਕਾਰ ਹੀ ਅਚਾਨਕ ਟਰੱਕ ਨੂੰ ਪਿੱਛੇ (ਬੈਕ) ਕਰਨਾ ਸ਼ੁਰੂ ਕਰ ਦਿੱਤਾ। ਅਚਾਨਕ ਹੋਈ ਇਸ ਹਰਕਤ ਕਾਰਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਬੋਲੈਰੋ ਪਿਕਅੱਪ ਬੇਕਾਬੂ ਹੋ ਕੇ ਸਿੱਧੀ ਟਰੱਕ ਦੇ ਪਿਛਲੇ ਹਿੱਸੇ ਵਿੱਚ ਜਾ ਵੱਜੀ।


ਟੱਕਰ ਤੋਂ ਬਾਅਦ ਟਰੱਕ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਫਸੀ ਹੋਈ ਬੋਲੈਰੋ ਨੂੰ ਕਾਫ਼ੀ ਦੂਰ ਤੱਕ ਘਸੀਟਿਆ। ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਟਰੱਕ ਨੂੰ ਰੁਕਵਾਇਆ, ਪਰ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੁਰਘਟਨਾ ਵਿੱਚ ਬੋਲੈਰੋ ਦਾ ਅਗਲਾ ਹਿੱਸਾ ਤੇ ਕੈਬਿਨ ਪੂਰੀ ਤਰ੍ਹਾਂ ਚਕਨਾਚੂਰ ਹੋ ਗਏ ਅਤੇ ਗੱਡੀ ਵਿੱਚ ਲੱਦੀਆਂ ਮਟਰਾਂ ਦੀਆਂ ਬੋਰੀਆਂ ਸੜਕ 'ਤੇ ਖਿੱਲਰ ਗਈਆਂ।


ਘਟਨਾ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (SSF) ਦੇ ਇੰਚਾਰਜ ਸਰਬਜੀਤ ਸਿੰਘ ਆਪਣੀ ਟੀਮ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ। ਪੁਲਿਸ ਟੀਮ ਨੇ ਰਾਹਗੀਰਾਂ ਅਤੇ ਹਾਈਡ੍ਰਾ ਮਸ਼ੀਨ ਦੀ ਸਹਾਇਤਾ ਨਾਲ ਟਰੱਕ ਹੇਠਾਂ ਫਸੀ ਬੋਲੈਰੋ ਨੂੰ ਬਾਹਰ ਕਢਵਾਇਆ ਅਤੇ ਜ਼ਖ਼ਮੀ ਡਰਾਈਵਰ ਨੂੰ ਤੁਰੰਤ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਰਵਾਨਾ ਕੀਤਾ। ਸੜਕ 'ਤੇ ਖਿੱਲਰੇ ਸਾਮਾਨ ਅਤੇ ਨੁਕਸਾਨੇ ਵਾਹਨ ਨੂੰ ਪਾਸੇ ਕਰਵਾ ਕੇ ਪੁਲਿਸ ਵੱਲੋਂ ਹਾਈਵੇ 'ਤੇ ਠੱਪ ਹੋਈ ਆਵਾਜਾਈ ਨੂੰ ਮੁੜ ਸੁਚਾਰੂ ਢੰਗ ਨਾਲ ਬਹਾਲ ਕਰਵਾ ਦਿੱਤਾ ਗਿਆ ਹੈ ਅਤੇ ਫ਼ਰਾਰ ਟਰੱਕ ਚਾਲਕ ਦੀ ਭਾਲ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.