ਤਾਜਾ ਖਬਰਾਂ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ 'ਔਰਾ ਇੰਡੀਆ ਟੂਰ 2026' ਕਾਰਨ ਲਗਾਤਾਰ ਸੁਰਖੀਆਂ ਵਿੱਚ ਹਨ। 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਏ ਉਨ੍ਹਾਂ ਦੇ ਕੰਸਰਟ ਦੌਰਾਨ ਸੰਗੀਤ ਦੇ ਨਾਲ-ਨਾਲ ਗੀਤਾਂ ’ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਦਾ ਮੁੱਦਾ ਵੀ ਚਰਚਾ ਦਾ ਕੇਂਦਰ ਬਣਿਆ। ਦਿਲਜੀਤ ਨੇ ਇਸ ਮੌਕੇ ਆਪਣੇ ਗੀਤਾਂ ਨੂੰ ਲੈ ਕੇ ਹੋ ਰਹੇ ਇਤਰਾਜ਼ਾਂ ’ਤੇ ਖੁੱਲ੍ਹ ਕੇ ਗੱਲ ਕੀਤੀ ਅਤੇ ਵਿਦੇਸ਼ੀ ਕਲਾਕਾਰਾਂ ਲਈ ਵੱਖਰੇ ਨਿਯਮ ਹੋਣ ਦੇ ਦੋਸ਼ ਲਗਾਉਂਦਿਆਂ ਦੋਹਰੇ ਮਾਪਦੰਡਾਂ ’ਤੇ ਸਵਾਲ ਚੁੱਕੇ।
ਦਰਅਸਲ, ਅਹਿਮਦਾਬਾਦ ਵਿੱਚ ਕੰਸਰਟ ਤੋਂ ਪਹਿਲਾਂ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (DCPO) ਵੱਲੋਂ ਪੁਲਿਸ ਕਮਿਸ਼ਨਰ ਨੂੰ ਪੱਤਰ ਭੇਜ ਕੇ ਦਿਲਜੀਤ ਦੇ ਚਾਰ ਗੀਤਾਂ 'ਪਟਿਆਲਾ ਪੈੱਗ', '5 ਤਾਰਾ ਠੇਕੇ', 'ਜੇਬ ਵਿਚੋਂ ਅਫੀਮ' ਅਤੇ 'ਜੱਟ ਫਾਇਰ ਕਰਦਾ' ਨੂੰ ਪ੍ਰੋਗਰਾਮ ਦੌਰਾਨ ਨਾ ਗਾਉਣ ਦੀ ਅਪੀਲ ਕੀਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਕੰਸਰਟ ਤੋਂ ਪਹਿਲਾਂ ਹੀ ਕਾਫ਼ੀ ਚਰਚਾ ਹੋ ਰਹੀ ਸੀ।
ਸਟੇਜ ਤੋਂ ਦਰਸ਼ਕਾਂ ਨਾਲ ਗੱਲਬਾਤ ਕਰਦਿਆਂ ਦਿਲਜੀਤ ਨੇ ਪਿਛਲੇ ਸਾਲ ਇਸੇ ਸਟੇਡੀਅਮ ਵਿੱਚ ਹੋਏ ਬ੍ਰਿਟਿਸ਼ ਬੈਂਡ ਕੋਲਡਪਲੇ ਦੇ ਕੰਸਰਟ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬੈਂਡ ਦੇ ਗੀਤ 'ਹਿਮਨ ਫਾਰ ਦਿ ਵੀਕਐਂਡ' ਵਿੱਚ ਵੀ ਨਸ਼ੇ ਨਾਲ ਸਬੰਧਤ ਬੋਲ ਹਨ, ਪਰ ਉਸ ਸਮੇਂ ਕਿਸੇ ਵੱਲੋਂ ਕੋਈ ਇਤਰਾਜ਼ ਨਹੀਂ ਕੀਤਾ ਗਿਆ।
ਦਿਲਜੀਤ ਨੇ ਕਿਹਾ ਕਿ ਜੇਕਰ ਵਿਦੇਸ਼ੀ ਕਲਾਕਾਰ ਅਜਿਹੇ ਬੋਲਾਂ ਵਾਲੇ ਗੀਤ ਗਾਉਂਦੇ ਹਨ ਤਾਂ ਕੋਈ ਸਵਾਲ ਨਹੀਂ ਉੱਠਦਾ, ਪਰ ਜਦੋਂ ਉਹ ਖੁਦ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਦੇ ਗੀਤਾਂ ’ਤੇ ਪਾਬੰਦੀਆਂ ਲਗਾਉਣ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਇਸ ਰਵੱਈਏ ਨੂੰ ਦੋਹਰੇ ਮਾਪਦੰਡ ਕਰਾਰ ਦਿੱਤਾ।
ਗਾਇਕ ਨੇ ਆਪਣੇ ਭਾਰਤੀ ਹੋਣ ਬਾਰੇ ਗੱਲ ਕਰਦਿਆਂ ਕਿਹਾ ਕਿ ਕਈ ਵਾਰ ਉਨ੍ਹਾਂ ਨੂੰ ਬਾਹਰੋਂ ਆਇਆ ਹੋਇਆ ਕਲਾਕਾਰ ਕਿਹਾ ਜਾਂਦਾ ਹੈ, ਜਦਕਿ ਉਨ੍ਹਾਂ ਦਾ ਜਨਮ ਭਾਰਤ ਵਿੱਚ ਹੀ ਹੋਇਆ ਹੈ। ਉਨ੍ਹਾਂ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਉਹ ਹੋਨੋਲੂਲੂ ਵਿੱਚ ਨਹੀਂ ਜੰਮੇ। ਉਨ੍ਹਾਂ ਦੱਸਿਆ ਕਿ ਉਹ ਦੁਨੀਆ ਭਰ ਵਿੱਚ ਪੰਜਾਬੀ ਅਤੇ ਭਾਰਤੀ ਸੰਗੀਤ ਦੀ ਪਛਾਣ ਬਣਾਉਣ ਲਈ ਕੰਮ ਕਰ ਰਹੇ ਹਨ।
ਦਿਲਜੀਤ ਨੇ ਆਪਣੇ ਨਾਲ ਵਿਦੇਸ਼ਾਂ ਵਿੱਚ ਪ੍ਰੋਗਰਾਮ ਕਰਨ ਵਾਲੀ ਸੰਗੀਤਕਾਰਾਂ ਦੀ ਟੀਮ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਸਾਰੇ ਸੰਗੀਤਕਾਰ ਭਾਰਤੀ ਹਨ ਅਤੇ ਉਨ੍ਹਾਂ ਨੇ ਦਰਸ਼ਕਾਂ ਨੂੰ ਇਸ ਟੀਮ ਲਈ ਤਾੜੀਆਂ ਵਜਾਉਣ ਦੀ ਅਪੀਲ ਵੀ ਕੀਤੀ।
ਗੀਤਾਂ ’ਤੇ ਪਾਬੰਦੀਆਂ ਦੇ ਮਾਮਲੇ ’ਤੇ ਆਪਣਾ ਪੱਖ ਰੱਖਦਿਆਂ ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਦੇ ਇਤਰਾਜ਼ਾਂ ਨਾਲ ਨਿੱਜੀ ਤੌਰ ’ਤੇ ਕੋਈ ਪਰੇਸ਼ਾਨੀ ਨਹੀਂ ਹੈ। ਉਹ ਆਪਣਾ ਕੰਮ ਕਰ ਰਹੇ ਹਨ ਅਤੇ ਇਸ ਦਾ ਆਨੰਦ ਮਾਣ ਰਹੇ ਹਨ। ਹਾਲਾਂਕਿ, ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕੋਈ ਉਨ੍ਹਾਂ ਨੂੰ ਬਿਨਾਂ ਵਜ੍ਹਾ ਛੇੜੇਗਾ ਤਾਂ ਉਹ ਆਪਣਾ ਜਵਾਬ ਦੇਣਗੇ।
ਉਨ੍ਹਾਂ ਕਿਹਾ ਕਿ ਉਹ ਆਪਣਾ ਕੰਸਰਟ ਕਰਨਗੇ, ਸਰਕਾਰ ਨੂੰ ਟੈਕਸ ਦੇਣਗੇ ਅਤੇ ਦੁਨੀਆ ਭਰ ਵਿੱਚ ਪੰਜਾਬੀ ਤੇ ਭਾਰਤੀ ਸੰਗੀਤ ਦਾ ਪ੍ਰਚਾਰ ਕਰਦੇ ਰਹਿਣਗੇ। ਇਸੇ ਦੌਰਾਨ ਉਨ੍ਹਾਂ ਦਰਸ਼ਕਾਂ ਨੂੰ ਇੱਕ ਪੰਜਾਬੀ ਸ਼ੇਅਰ ਸੁਣਾਉਣ ਦੀ ਇਜਾਜ਼ਤ ਮੰਗਦਿਆਂ ਮਜ਼ਾਕ ਵੀ ਕੀਤਾ ਕਿ ਕਿਤੇ ਇਸ ’ਤੇ ਵੀ ਪਾਬੰਦੀ ਨਾ ਲੱਗ ਜਾਵੇ।
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦਾ ਔਰਾ ਇੰਡੀਆ ਟੂਰ 2026 ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾਰੀ ਹੈ। ਦਿੱਲੀ ਤੋਂ ਸ਼ੁਰੂ ਹੋਏ ਇਸ ਸੰਗੀਤਕ ਸਫ਼ਰ ਦੌਰਾਨ ਉਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਹਿਮਦਾਬਾਦ ਵਿੱਚ ਪ੍ਰੋਗਰਾਮ ਤੋਂ ਬਾਅਦ ਹੁਣ ਉਨ੍ਹਾਂ ਦਾ ਅਗਲਾ ਕੰਸਰਟ 27 ਨਵੰਬਰ ਨੂੰ ਮੁੰਬਈ ਵਿੱਚ ਹੋਣ ਜਾ ਰਿਹਾ ਹੈ।
Get all latest content delivered to your email a few times a month.