ਤਾਜਾ ਖਬਰਾਂ
ਖੰਨਾ: ਦੁਬਈ ਵਿਖੇ ਹੋਈ ਅੰਤਰਰਾਸ਼ਟਰੀ ਪੈਰਾ ਕਰਾਟੇ ਚੈਂਪੀਅਨਸ਼ਿਪ ਵਿੱਚ 20 ਤੋਂ ਵੱਧ ਮੁਲਕਾਂ ਦੇ ਖਿਡਾਰੀਆਂ ਨੂੰ ਪਛਾੜਦਿਆਂ ਸੋਨ ਤਗਮਾ ਜਿੱਤਣ ਵਾਲੇ ਖੰਨਾ ਦੇ ਅਥਲੀਟ ਤਰੁਣ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਆਪਣੀ ਇਸ ਸ਼ਾਨਦਾਰ ਜਿੱਤ ਨਾਲ ਵਿਸ਼ਵ ਰੈਂਕਿੰਗ ਹਾਸਲ ਕਰਨ ਵਾਲੇ ਤਰੁਣ ਨੇ ਹੁਣ ਤੱਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ 23 ਸੋਨ ਤਗਮੇ ਆਪਣੇ ਨਾਮ ਕੀਤੇ ਹਨ, ਜਿਨ੍ਹਾਂ ਵਿੱਚ ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਗਮੇ ਵੀ ਸ਼ਾਮਲ ਹਨ।
ਇਸ ਪ੍ਰਾਪਤੀ ਤੋਂ ਬਾਅਦ ਤਰੁਣ ਨੇ ਖੇਡ ਨਿਰਦੇਸ਼ਕ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਨੂੰ 1 ਦਸੰਬਰ ਤੱਕ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਤਰੁਣ ਨੇ ਦੱਸਿਆ ਕਿ ਰਾਸ਼ਟਰੀ ਪੈਰਾ ਓਲੰਪਿਕ ਕਮੇਟੀ ਵੱਲੋਂ ਪੈਰਾ ਕਰਾਟੇ ਨੂੰ ਮਾਨਤਾ ਦਿੱਤੇ ਜਾਣ ਸਬੰਧੀ ਲਿਖਤੀ ਬਿਆਨ ਜਾਰੀ ਹੋ ਚੁੱਕਾ ਹੈ ਅਤੇ 2023 ਵਿੱਚ ਕਰਾਟੇ ਨੂੰ ਪੰਜਾਬ ਓਲੰਪਿਕ ਵਿੱਚ ਵੀ ਸ਼ਾਮਲ ਕਰ ਲਿਆ ਗਿਆ ਸੀ, ਜਿਸ ਸਦਕਾ ਉਹ ਸਰਕਾਰੀ ਨੌਕਰੀ ਲਈ ਹਰ ਪੱਖੋਂ ਯੋਗ ਹਨ।
ਆਪਣੀ ਆਰਥਿਕ ਤੰਗੀ ਦਾ ਜ਼ਿਕਰ ਕਰਦਿਆਂ ਤਰੁਣ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਨ੍ਹਾਂ ਨੂੰ ਨੌਕਰੀ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਕਾਂ ਦੀ ਵਿੱਤੀ ਮਦਦ ਸਦਕਾ ਹੀ ਉਹ ਹੁਣ ਤੱਕ ਵੱਖ-ਵੱਖ ਚੈਂਪੀਅਨਸ਼ਿਪਾਂ ਵਿੱਚ ਹਿੱਸਾ ਲੈ ਸਕੇ ਹਨ। ਤਰੁਣ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀ ਬਾਂਹ ਫੜਦੀ ਹੈ ਤਾਂ ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਕੇ ਸੂਬਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਵੀ ਸਰਗਰਮ ਭੂਮਿਕਾ ਨਿਭਾਉਣਗੇ।
Get all latest content delivered to your email a few times a month.