ਤਾਜਾ ਖਬਰਾਂ
ਨਵੀਂ ਦਿੱਲੀ: ਵਿਦੇਸ਼ੀ ਬਾਜ਼ਾਰਾਂ ਵਿੱਚ ਚੱਲ ਰਹੀ ਭਾਰੀ ਵਿਕਰੀ ਦੇ ਦਬਾਅ ਹੇਠ ਸ਼ੁੱਕਰਵਾਰ ਨੂੰ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਦਰਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਲਗਾਤਾਰ ਨੌਵੇਂ ਕਾਰੋਬਾਰੀ ਸੈਸ਼ਨ ਵਿੱਚ ਕਮਜ਼ੋਰ ਰਹਿੰਦਿਆਂ ਸੋਨਾ ਪਿਛਲੇ ਇੱਕ ਸਾਲ ਦੇ ਸਭ ਤੋਂ ਹੇਠਲੇ ਪੱਧਰ ‘ਤੇ ਖਿਸਕ ਗਿਆ।
ਦਿੱਲੀ ਸਰਾਫਾ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਸ਼ੁੱਕਰਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦਾ ਭਾਅ 5,200 ਰੁਪਏ ਟੁੱਟ ਕੇ 1,29,300 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਰਹਿ ਗਿਆ, ਜਦੋਂ ਕਿ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਇਹ 1,34,500 ਰੁਪਏ ਪ੍ਰਤੀ 10 ਗ੍ਰਾਮ ਸੀ। ਪਿਛਲੇ ਨੌਂ ਸੈਸ਼ਨਾਂ ਦੇ ਇਸ ਗਿਰਾਵਟ ਵਾਲੇ ਦੌਰ ਵਿੱਚ ਸੋਨਾ ਕੁੱਲ 17,600 ਰੁਪਏ ਯਾਨੀ ਕਰੀਬ 12 ਫੀਸਦੀ ਸਸਤਾ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਹਫ਼ਤੇ ਦੇ ਅੰਤ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਸਰਾਫਾ ਬਾਜ਼ਾਰ ਬੰਦ ਰਹਿੰਦੇ ਹਨ।
ਅੰਕੜਿਆਂ ਮੁਤਾਬਕ, 9 ਨਵੰਬਰ ਨੂੰ ਸੋਨੇ ਦੀ ਕੀਮਤ 1,46,900 ਰੁਪਏ ਪ੍ਰਤੀ 10 ਗ੍ਰਾਮ ਸੀ। ਮੌਜੂਦਾ ਦਰ 14 ਨਵੰਬਰ 2025 ਦੇ ਪੱਧਰ ਤੋਂ ਵੀ ਹੇਠਾਂ ਆ ਗਈ ਹੈ, ਜਦੋਂ ਇਹ 1,29,400 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਸੀ। ਜੇਕਰ ਇਸ ਸਾਲ ਦੇ ਸਿਖਰ ਨਾਲ ਤੁਲਨਾ ਕੀਤੀ ਜਾਵੇ ਤਾਂ ਜਨਵਰੀ ਦੇ ਅਖੀਰ ਵਿੱਚ 1.83 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ਨੂੰ ਛੂਹਣ ਤੋਂ ਬਾਅਦ ਸੋਨਾ ਹੁਣ ਤੱਕ 53,700 ਰੁਪਏ ਜਾਂ 29.3 ਫੀਸਦੀ ਤੱਕ ਡਿੱਗ ਚੁੱਕਾ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਇਸ ਗਿਰਾਵਟ ਪਿੱਛੇ ਕਈ ਆਲਮੀ ਅਤੇ ਘਰੇਲੂ ਕਾਰਕ ਕੰਮ ਕਰ ਰਹੇ ਹਨ। HDFC ਸਿਕਿਓਰਿਟੀਜ਼ ਦੇ ਸੀਨੀਅਰ ਕਮੋਡਿਟੀ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਦੱਸਿਆ ਕਿ ਇਸ ਹਫ਼ਤੇ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿੱਚ ਆਈ 1.5 ਫੀਸਦੀ ਤੋਂ ਵੱਧ ਦੀ ਮਜ਼ਬੂਤੀ ਨੇ ਘਰੇਲੂ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਨੂੰ ਹੋਰ ਹੇਠਾਂ ਧੱਕਿਆ ਹੈ।
ਇਸੇ ਤਰ੍ਹਾਂ ਨਿਵੇਸ਼ ਪਲੇਟਫਾਰਮ ਲੈਮਨ ਦੇ ਖੋਜ ਮੁਖੀ ਗੌਰਵ ਗਰਗ ਨੇ ਕਿਹਾ ਕਿ ਅਮਰੀਕਾ ਵਿੱਚ ਵਿਆਜ ਦਰਾਂ ਵਧਣ ਦੇ ਖਦਸ਼ੇ, ਡਾਲਰ ਦੇ 19 ਮਹੀਨਿਆਂ ਦੇ ਉੱਚੇ ਪੱਧਰ ਨੇੜੇ ਬਣੇ ਰਹਿਣ ਅਤੇ ਅਮਰੀਕੀ ਬਾਂਡਾਂ ‘ਤੇ ਮਿਲਦੀ ਬਿਹਤਰ ਉਪਜ ਕਾਰਨ ਨਿਵੇਸ਼ਕਾਂ ਦਾ ਰੁਝਾਨ ਸੋਨੇ ਵਰਗੀਆਂ ਗੈਰ-ਵਿਆਜ ਵਾਲੀਆਂ ਧਾਤਾਂ ਤੋਂ ਘਟਿਆ ਹੈ। ਦੂਜੇ ਪਾਸੇ, ਬਾਜ਼ਾਰ ਜਾਣਕਾਰਾਂ ਮੁਤਾਬਕ ਕੀਮਤਾਂ ਵਿੱਚ ਆਈ ਇਸ ਵੱਡੀ ਨਰਮੀ ਨੇ ਗਹਿਣੇ ਖਰੀਦਣ ਦੇ ਚਾਹਵਾਨ ਗਾਹਕਾਂ ਲਈ ਖਰੀਦਦਾਰੀ ਦਾ ਸੁਨਹਿਰੀ ਮੌਕਾ ਪੈਦਾ ਕਰ ਦਿੱਤਾ ਹੈ।
Get all latest content delivered to your email a few times a month.