ਤਾਜਾ ਖਬਰਾਂ
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਵਾਹਨਾਂ ਦੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (PUC) ਨਾਲ ਜੁੜੇ ਨਿਯਮਾਂ ਵਿੱਚ ਅਹਿਮ ਸੋਧ ਕੀਤੀ ਹੈ। 13 ਨਵੰਬਰ ਨੂੰ ਜਾਰੀ ਕੀਤੇ ਗਏ ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਜਿੱਥੇ BS-VI ਸ਼੍ਰੇਣੀ ਦੇ ਨਵੇਂ ਵਾਹਨਾਂ ਦੇ ਮਾਲਕਾਂ ਨੂੰ ਵਾਰ-ਵਾਰ ਸਰਟੀਫਿਕੇਟ ਬਣਵਾਉਣ ਦੇ ਝੰਜਟ ਤੋਂ ਰਾਹਤ ਦਿੱਤੀ ਗਈ ਹੈ, ਉੱਥੇ ਹੀ ਪੁਰਾਣੀਆਂ ਗੱਡੀਆਂ ਰੱਖਣ ਵਾਲਿਆਂ ਲਈ ਨਿਯਮ ਪਹਿਲਾਂ ਨਾਲੋਂ ਸਖ਼ਤ ਕਰ ਦਿੱਤੇ ਗਏ ਹਨ।
ਨਿੱਜੀ ਵਾਹਨਾਂ (Private Vehicles) ਲਈ ਨਵੀਂ ਵਿਵਸਥਾ:
ਨਵੇਂ ਨਿਯਮਾਂ ਅਨੁਸਾਰ ਹੁਣ ਨਿੱਜੀ BS-VI ਵਾਹਨਾਂ ਦੀ ਉਮਰ ਦੇ ਹਿਸਾਬ ਨਾਲ PUC ਸਰਟੀਫਿਕੇਟ ਦੀ ਮਿਆਦ ਤੈਅ ਕੀਤੀ ਗਈ ਹੈ:
6 ਸਾਲ ਤੱਕ ਪੁਰਾਣੇ ਵਾਹਨ: ਇਨ੍ਹਾਂ ਗੱਡੀਆਂ ਲਈ ਹੁਣ ਹਰ ਸਾਲ ਦੀ ਬਜਾਏ ਤਿੰਨ ਸਾਲਾਂ ਵਿੱਚ ਸਿਰਫ਼ ਇੱਕ ਵਾਰ ਹੀ PUC ਸਰਟੀਫਿਕੇਟ ਬਣਵਾਉਣਾ ਪਵੇਗਾ।
6 ਤੋਂ 10 ਸਾਲ ਪੁਰਾਣੇ ਵਾਹਨ: ਇਸ ਸ਼੍ਰੇਣੀ ਵਿੱਚ ਆਉਣ ਵਾਲੇ ਵਾਹਨਾਂ ਲਈ ਪਹਿਲਾਂ ਵਾਂਗ ਹੀ ਹਰ ਸਾਲ ਸਰਟੀਫਿਕੇਟ ਨਵਿਆਉਣਾ (ਰੀਨਿਊ) ਜ਼ਰੂਰੀ ਹੋਵੇਗਾ।
10 ਸਾਲ ਤੋਂ ਵੱਧ ਪੁਰਾਣੇ ਵਾਹਨ: ਪੁਰਾਣੀਆਂ ਗੱਡੀਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਹੁਣ ਇਨ੍ਹਾਂ ਦਾ ਸਰਟੀਫਿਕੇਟ ਹਰ ਛੇ ਮਹੀਨੇ ਬਾਅਦ ਰੀਨਿਊ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਕਮਰਸ਼ੀਅਲ ਵਾਹਨਾਂ (Commercial Vehicles) ਲਈ ਕੀ ਬਦਲਿਆ?
ਵਪਾਰਕ ਵਾਹਨਾਂ ਦੇ ਨਿਯਮਾਂ ਵਿੱਚ ਵੀ ਇਸੇ ਤਰਜ਼ 'ਤੇ ਬਦਲਾਅ ਕੀਤੇ ਗਏ ਹਨ:
6 ਸਾਲ ਤੱਕ ਪੁਰਾਣੇ ਵਾਹਨ: BS-VI ਮਾਪਦੰਡਾਂ ਵਾਲੇ ਨਵੇਂ ਕਮਰਸ਼ੀਅਲ ਵਾਹਨਾਂ ਨੂੰ ਹੁਣ ਹਰ ਸਾਲ ਦੀ ਥਾਂ ਦੋ ਸਾਲਾਂ ਬਾਅਦ ਪ੍ਰਦੂਸ਼ਣ ਸਰਟੀਫਿਕੇਟ ਲੈਣਾ ਪਵੇਗਾ।
6 ਤੋਂ 10 ਸਾਲ ਪੁਰਾਣੇ ਵਾਹਨ: ਇਨ੍ਹਾਂ ਵਾਹਨਾਂ ਲਈ ਸਾਲਾਨਾ ਨਵੀਨੀਕਰਨ ਦੀ ਸ਼ਰਤ ਬਰਕਰਾਰ ਰੱਖੀ ਗਈ ਹੈ।
10 ਸਾਲ ਤੋਂ ਵੱਧ ਪੁਰਾਣੇ ਵਾਹਨ: ਦਸ ਸਾਲ ਦੀ ਮਿਆਦ ਪੂਰੀ ਕਰ ਚੁੱਕੇ ਵਪਾਰਕ ਵਾਹਨਾਂ ਨੂੰ ਵੀ ਹਰ ਛੇ ਮਹੀਨੇ ਬਾਅਦ PUC ਸਰਟੀਫਿਕੇਟ ਦੀ ਜਾਂਚ ਕਰਵਾਉਣੀ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਰੇ BS-VI ਨਿੱਜੀ ਅਤੇ ਕਮਰਸ਼ੀਅਲ ਵਾਹਨਾਂ ਲਈ ਹਰ ਸਾਲ PUC ਸਰਟੀਫਿਕੇਟ ਬਣਵਾਉਣਾ ਲਾਜ਼ਮੀ ਸੀ। ਮੰਤਰਾਲੇ ਦੇ ਇਸ ਕਦਮ ਦਾ ਮੁੱਖ ਉਦੇਸ਼ ਵਾਹਨਾਂ ਦੀ ਉਮਰ ਅਤੇ ਉਨ੍ਹਾਂ ਦੀ ਤਕਨੀਕੀ ਸਮਰੱਥਾ ਅਨੁਸਾਰ ਪ੍ਰਦੂਸ਼ਣ ਦੀ ਨਿਗਰਾਨੀ ਕਰਨਾ ਹੈ, ਤਾਂ ਜੋ ਨਵੇਂ ਅਤੇ ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਮਾਲਕਾਂ ਨੂੰ ਬੇਲੋੜੀ ਪ੍ਰੇਸ਼ਾਨੀ ਨਾ ਹੋਵੇ ਅਤੇ ਪੁਰਾਣੇ ਵਾਹਨਾਂ 'ਤੇ ਸਖ਼ਤ ਨਜ਼ਰ ਰੱਖੀ ਜਾ ਸਕੇ।
Get all latest content delivered to your email a few times a month.