ਤਾਜਾ ਖਬਰਾਂ
ਨਵੀਂ ਦਿੱਲੀ: ਤਕਨੀਕੀ ਦਿੱਗਜ ਕੰਪਨੀ ਐਪਲ (Apple) ਦੇ ਅੰਦਰੂਨੀ ਸਾਫਟਵੇਅਰ ਅਪਡੇਟ ਵਿੱਚ ਆਈ ਤਕਨੀਕੀ ਖ਼ਰਾਬੀ ਕਾਰਨ ਅਮਰੀਕਾ ਸਮੇਤ ਦੁਨੀਆ ਭਰ ਦੇ ਲੱਖਾਂ ਉਪਭੋਗਤਾਵਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। 17 ਨਵੰਬਰ (ਮੰਗਲਵਾਰ) ਨੂੰ ਸ਼ੁਰੂ ਹੋਈ ਇਸ ਤਕਨੀਕੀ ਰੁਕਾਵਟ ਕਾਰਨ iCloud, Apple Pay, App Store ਅਤੇ Apple Music ਵਰਗੀਆਂ ਪ੍ਰਮੁੱਖ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ।
ਆਊਟੇਜ ਟਰੈਕਿੰਗ ਪਲੇਟਫਾਰਮ 'ਡਾਊਨਡਿਟੈਕਟਰ' (Downdetector) ਦੇ ਅੰਕੜਿਆਂ ਮੁਤਾਬਕ, ਅਮਰੀਕਾ ਵਿੱਚ ਮੰਗਲਵਾਰ ਦੁਪਹਿਰ 12:20 ਵਜੇ (ET) ਦੇ ਕਰੀਬ ਐਪਲ ਸੇਵਾਵਾਂ ਠੱਪ ਹੋਣ ਦੀਆਂ ਲਗਭਗ 2,300 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਦਕਿ ਖ਼ਰਾਬੀ ਦੇ ਸਿਖਰ 'ਤੇ ਇਹ ਅੰਕੜਾ 1,800 ਦੇ ਆਸ-ਪਾਸ ਰਿਹਾ। ਉਪਭੋਗਤਾਵਾਂ ਨੂੰ ਆਪਣੇ ਖਾਤਿਆਂ ਵਿੱਚ ਸਾਈਨ-ਇਨ ਕਰਨ, ਡਿਜੀਟਲ ਭੁਗਤਾਨ ਕਰਨ, ਐਪਸ ਡਾਊਨਲੋਡ ਕਰਨ ਅਤੇ ਨਵੇਂ ਡਿਵਾਈਸਾਂ ਨੂੰ ਐਕਟੀਵੇਟ ਕਰਨ ਵਿੱਚ ਵੱਡੀ ਪਰੇਸ਼ਾਨੀ ਝੱਲਣੀ ਪਈ।
ਹਾਲਾਂਕਿ ਐਪਲ ਦੇ ਅਧਿਕਾਰਤ ਸਿਸਟਮ ਸਟੇਟਸ ਪੇਜ 'ਤੇ ਹੁਣ ਸਾਰੀਆਂ ਸੇਵਾਵਾਂ ਨੂੰ ਬਹਾਲ ਦਿਖਾਇਆ ਜਾ ਰਿਹਾ ਹੈ, ਪਰ 18 ਨਵੰਬਰ (ਬੁੱਧਵਾਰ) ਨੂੰ ਵੀ ਕਈ ਉਪਭੋਗਤਾਵਾਂ ਵੱਲੋਂ iCloud ਅਤੇ App Store ਦੀ ਵਰਤੋਂ ਦੌਰਾਨ ਤਕਨੀਕੀ ਦਿੱਕਤਾਂ ਆਉਣ ਦੀ ਰਿਪੋਰਟ ਕੀਤੀ ਗਈ ਹੈ। ਮਾਹਿਰਾਂ ਅਨੁਸਾਰ, ਇਹ ਸਮੱਸਿਆ ਹੁਣ ਵਿਆਪਕ ਪੱਧਰ 'ਤੇ ਨਾ ਹੋ ਕੇ ਸਿਰਫ਼ ਕੁਝ ਖੇਤਰੀ ਜਾਂ ਨਿੱਜੀ ਖਾਤਿਆਂ ਤੱਕ ਸੀਮਤ ਹੋ ਸਕਦੀ ਹੈ।
ਐਪਲ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੁਕਾਵਟ ਕੰਪਨੀ ਦੇ ਇੱਕ ਅੰਦਰੂਨੀ ਸਿਸਟਮ ਅਪਡੇਟ ਦੌਰਾਨ ਪੈਦਾ ਹੋਈ ਤਕਨੀਕੀ ਗੜਬੜ ਕਾਰਨ ਆਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਘਟਨਾ ਪਿੱਛੇ ਕਿਸੇ ਵੀ ਤਰ੍ਹਾਂ ਦੇ ਸਾਈਬਰ ਹਮਲੇ ਦਾ ਕੋਈ ਹੱਥ ਨਹੀਂ ਹੈ। ਜ਼ਿਆਦਾਤਰ ਸਿਸਟਮਾਂ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੀਆਂ ਤਕਨੀਕੀ ਖਾਮੀਆਂ ਨੂੰ ਦੂਰ ਕਰਨ ਲਈ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਐਪਲ ਦਾ ਇਹ ਆਊਟੇਜ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਹਾਲ ਹੀ ਵਿੱਚ ਅਮਰੀਕਾ ਦੀਆਂ ਕਈ ਹੋਰ ਵੱਡੀਆਂ ਸੰਸਥਾਵਾਂ ਵੀ ਅਜਿਹੀਆਂ ਤਕਨੀਕੀ ਸਮੱਸਿਆਵਾਂ ਦਾ ਸ਼ਿਕਾਰ ਹੋਈਆਂ ਹਨ। ਇਨ੍ਹਾਂ ਵਿੱਚ ਮਾਈਕ੍ਰੋਸਾਫਟ (Microsoft) ਦਾ ਗਲੋਬਲ ਆਊਟੇਜ, FAA ਨੈੱਟਵਰਕ ਵਿੱਚ ਖ਼ਰਾਬੀ, ਯੂਨਾਈਟਿਡ ਏਅਰਲਾਈਨਜ਼ ਦੀਆਂ ਉਡਾਣਾਂ ਵਿੱਚ ਰੁਕਾਵਟ ਅਤੇ JPMorgan Chase ਦੀ ਬੈਂਕਿੰਗ ਪ੍ਰਣਾਲੀ ਵਿੱਚ ਆਈ ਸਾਫਟਵੇਅਰ ਗੜਬੜ ਸ਼ਾਮਲ ਹੈ। ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਵੀ ਸਾਈਬਰ ਹਮਲੇ ਦੀ ਬਜਾਏ ਅੰਦਰੂਨੀ ਤਕਨੀਕੀ ਖ਼ਰਾਬੀ ਹੀ ਮੰਨਿਆ ਗਿਆ ਹੈ। ਫਿਲਹਾਲ, ਐਪਲ ਸੇਵਾਵਾਂ ਦੇ ਪੂਰੀ ਤਰ੍ਹਾਂ ਬੰਦ ਹੋਣ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ ਅਤੇ ਸਥਿਤੀ ਤੇਜ਼ੀ ਨਾਲ ਆਮ ਵਾਂਗ ਹੋ ਰਹੀ ਹੈ।
Get all latest content delivered to your email a few times a month.