IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਟੋਰਾਂਟੋ: ਕੈਨੇਡਾ 'ਚ ਵੱਡੇ ਆਟੋ ਚੋਰੀ ਨੈੱਟਵਰਕ ਦਾ ਪਰਦਾਫਾਸ਼, ਦੋ...

ਟੋਰਾਂਟੋ: ਕੈਨੇਡਾ 'ਚ ਵੱਡੇ ਆਟੋ ਚੋਰੀ ਨੈੱਟਵਰਕ ਦਾ ਪਰਦਾਫਾਸ਼, ਦੋ ਪੰਜਾਬੀ ਨੌਜਵਾਨਾਂ ਸਣੇ 12 ਕਾਬੂ

Admin User - Nov 17, 2026 11:42 AM
IMG

ਕੈਨੇਡਾ ਦੇ ਗਰੇਟਰ ਟੋਰਾਂਟੋ ਏਰੀਆ (GTA) ਵਿੱਚ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਵਿਦੇਸ਼ ਭੇਜਣ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਸਿੰਡੀਕੇਟ ਨੂੰ ਪੁਲਿਸ ਨੇ ਵੱਡਾ ਝਟਕਾ ਦਿੱਤਾ ਹੈ। ਪੀਲ ਰਿਜਨਲ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੀ ਸਾਂਝੀ ਟੀਮ ਨੇ 'ਪ੍ਰਾਜੈਕਟ ਕੈਡੇਟਾ' ਤਹਿਤ ਕਾਰਵਾਈ ਕਰਦਿਆਂ ਦੋ ਪੰਜਾਬੀ ਨੌਜਵਾਨਾਂ ਸਮੇਤ 12 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਕਰੀਬ 45 ਲੱਖ ਡਾਲਰ (4.5 ਮਿਲੀਅਨ) ਦੀ ਕੀਮਤ ਵਾਲੇ 96 ਚੋਰੀਸ਼ੁਦਾ ਵਾਹਨ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਲਗਜ਼ਰੀ ਐੱਸ.ਯੂ.ਵੀ. ਅਤੇ ਪਿਕਅੱਪ ਟਰੱਕ ਸ਼ਾਮਲ ਹਨ।


ਜਾਂਚ ਏਜੰਸੀਆਂ ਮੁਤਾਬਕ ਇਸ ਪੂਰੇ ਮਾਮਲੇ ਦੀ ਸ਼ੁਰੂਆਤ ਮਾਰਚ 2026 ਵਿੱਚ ਹੋਈ ਸੀ, ਜਦੋਂ ਪੁਲਿਸ ਨੇ ਬਰੈਂਪਟਨ ਦੀ ਕੈਡੇਟਾ ਰੋਡ ਸਥਿਤ ਇੱਕ ਗੁਦਾਮ 'ਤੇ ਨਜ਼ਰ ਰੱਖਣੀ ਸ਼ੁਰੂ ਕੀਤੀ। ਤਫ਼ਤੀਸ਼ ਦੌਰਾਨ ਖੁਲਾਸਾ ਹੋਇਆ ਕਿ ਚੋਰੀ ਕੀਤੀਆਂ ਗੱਡੀਆਂ ਨੂੰ ਪਹਿਲਾਂ ਇਸ ਗੁਦਾਮ ਵਿੱਚ ਲੁਕਾਇਆ ਜਾਂਦਾ ਸੀ। ਇਸ ਤੋਂ ਬਾਅਦ ਗੱਡੀਆਂ ਦੇ ਜਾਅਲੀ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ (VIN) ਤਿਆਰ ਕਰਕੇ ਉਨ੍ਹਾਂ ਨੂੰ ਸਮੁੰਦਰੀ ਕੰਟੇਨਰਾਂ ਵਿੱਚ ਲੋਡ ਕੀਤਾ ਜਾਂਦਾ ਸੀ ਅਤੇ ਕੈਨੇਡੀਅਨ ਬੰਦਰਗਾਹਾਂ ਰਾਹੀਂ ਪੱਛਮੀ ਅਫ਼ਰੀਕਾ ਦੇ ਮੁਲਕਾਂ ਵਿੱਚ ਤਸਕਰੀ ਕੀਤਾ ਜਾਂਦਾ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਗਰੋਹ ਨੂੰ 5 ਮੁੱਖ ਸਰਗਨੇ ਚਲਾ ਰਹੇ ਸਨ, ਜਦਕਿ ਬਾਕੀ ਮੈਂਬਰ ਢੋਆ-ਢੁਆਈ ਅਤੇ ਦਸਤਾਵੇਜ਼ੀ ਹੇਰਾਫੇਰੀ ਵਿੱਚ ਉਨ੍ਹਾਂ ਦੀ ਮਦਦ ਕਰਦੇ ਸਨ।


ਪੁਲਿਸ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕੁੱਲ 231 ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਫੜੇ ਗਏ ਮੁਲਜ਼ਮਾਂ ਵਿੱਚ ਦੋ ਪੰਜਾਬੀ ਪਿਛੋਕੜ ਵਾਲੇ ਨੌਜਵਾਨ ਵੀ ਸ਼ਾਮਲ ਹਨ:


ਕਰਮਵੀਰ ਸਿੰਘ (26), ਵਾਸੀ ਬਰੈਂਪਟਨ: ਇਸ ਖ਼ਿਲਾਫ਼ ਚੋਰੀ ਦੀ ਜਾਇਦਾਦ ਰੱਖਣ ਦੇ 4 ਅਤੇ 5,000 ਡਾਲਰ ਤੋਂ ਵੱਧ ਦੇ ਸਾਮਾਨ ਦੀ ਤਸਕਰੀ ਕਰਨ ਦੇ 4 ਮਾਮਲੇ ਦਰਜ ਹੋਏ ਹਨ।

ਜਸਪ੍ਰੀਤ ਸਿੰਘ (25) (ਬਿਨਾਂ ਪੱਕੇ ਪਤੇ ਤੋਂ): ਇਸ ਖ਼ਿਲਾਫ਼ ਉਕਤ ਦੋਵਾਂ ਧਾਰਾਵਾਂ ਤਹਿਤ ਇੱਕ-ਇੱਕ ਮਾਮਲਾ ਦਰਜ ਕੀਤਾ ਗਿਆ ਹੈ।


ਵਿਅਕਤੀਆਂ ਵਿੱਚ ਬਰੈਂਪਟਨ ਤੋਂ ਸਟੈਨਲੀ ਉਦੇਹ (46), ਟੋਰਾਂਟੋ ਤੋਂ ਓਡੇਵਾਲੇ ਅਬਰਾਹਮ (57), ਓਲੁਯੇਮੀ ਸੋਦਾਦੇ (51), ਟੋਸਿਨ ਡੈਮੀਲੋਲਾ ਓਏਬਾਦੇ (45), ਓਲੁਵਾਸੇਈ ਓਲਾਵਾਲੇ ਬਾਮੇਕੇ (39), ਓਲੁਸ਼ੋਲਾ ਓਕੇ (42), ਵੌਨ ਤੋਂ ਗਬੋਲਾਹਾਨ ਕੁਦੁਸ ਬਾਬਾਤੁੰਦੇ (29), ਕਿਊਬਿਕ (ਸੇਂਟ ਜੇਰੋਮ) ਤੋਂ ਡੈਰਿਲ ਡੇਵਾਂਸ (25) ਅਤੇ ਬਿਨਾਂ ਕਿਸੇ ਪੱਕੇ ਠਿਕਾਣੇ ਵਾਲੇ ਹੈਨਰਿਕ ਗੈਂਕਜ਼ (57) ਤੇ ਕੈਨੇਥ ਓਕਾਫੋਰ (58) ਦੇ ਨਾਮ ਸ਼ਾਮਲ ਹਨ।


ਕਾਨੂੰਨੀ ਪ੍ਰਕਿਰਿਆ ਅਤੇ ਅਦਾਲਤੀ ਸੁਣਵਾਈ ਤੋਂ ਬਾਅਦ ਫਿਲਹਾਲ ਸਾਰੇ 12 ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਹਾਲਾਂਕਿ, ਪੁਲਿਸ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਹੈ ਕਿ ਅਦਾਲਤੀ ਟਰਾਇਲ ਪੂਰਾ ਹੁੰਦਿਆਂ ਹੀ ਇਨ੍ਹਾਂ ਵਿੱਚੋਂ ਕਈ ਮੁਲਜ਼ਮਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਲਈ CBSA ਦੇ ਹਵਾਲੇ ਕੀਤਾ ਜਾ ਸਕਦਾ ਹੈ। ਇਸ ਗਰੋਹ ਨਾਲ ਜੁੜੇ ਕੁਝ ਹੋਰ ਫ਼ਰਾਰ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ ਅਤੇ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਕੱਢ ਦਿੱਤੇ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.