IMG-LOGO
ਹੋਮ ਅੰਤਰਰਾਸ਼ਟਰੀ: ਕੈਨੇਡਾ ਦੇ ਸਰੀ 'ਚ ਖੂਨੀ ਵਾਰਦਾਤ: ਵਾਲਮਾਰਟ ਪਾਰਕਿੰਗ 'ਚ ਕਾਰ...

ਕੈਨੇਡਾ ਦੇ ਸਰੀ 'ਚ ਖੂਨੀ ਵਾਰਦਾਤ: ਵਾਲਮਾਰਟ ਪਾਰਕਿੰਗ 'ਚ ਕਾਰ ਸਵਾਰ ਪੰਜਾਬੀ ਨੌਜਵਾਨ ਤੇ ਉਸਦੀ ਪ੍ਰੇਮਿਕਾ ਦਾ ਗੋਲੀਆਂ ਮਾਰ ਕੇ ਕਤਲ

Admin User - Nov 17, 2026 10:38 AM
IMG

ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗੋਲੀਬਾਰੀ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬੀਤੀ ਸੋਮਵਾਰ ਰਾਤ ਅਣਪਛਾਤੇ ਹਮਲਾਵਰਾਂ ਨੇ ਇੱਕ ਪੰਜਾਬੀ ਨੌਜਵਾਨ ਅਤੇ ਉਸਦੀ ਪ੍ਰੇਮਿਕਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਮੁੱਢਲੀ ਜਾਂਚ ਤੋਂ ਪੁਲਿਸ ਇਸ ਨੂੰ 'ਟਾਰਗੇਟ ਕਿਲਿੰਗ' (ਮਿੱਥ ਕੇ ਕੀਤਾ ਗਿਆ ਹਮਲਾ) ਮੰਨ ਕੇ ਚੱਲ ਰਹੀ ਹੈ।


ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇਹ ਵਾਰਦਾਤ ਸੋਮਵਾਰ ਰਾਤ ਕਰੀਬ 10:38 ਵਜੇ ਸਰੀ ਦੇ 124 ਸਟਰੀਟ ਅਤੇ 88 ਐਵੇਨਿਊ ਨੇੜੇ ਸਥਿਤ ਵਾਲਮਾਰਟ ਸਟੋਰ ਦੀ ਪਾਰਕਿੰਗ ਵਿੱਚ ਵਾਪਰੀ। 23 ਸਾਲਾ ਪੰਜਾਬੀ ਨੌਜਵਾਨ ਅਤੇ 24 ਸਾਲਾ ਮੁਟਿਆਰ ਆਪਣੀ ਲਾਲ ਰੰਗ ਦੀ ਸਪੋਰਟਸ ਕਾਰ ਵਿੱਚ ਬੈਠੇ ਸਨ। ਇਸੇ ਦੌਰਾਨ ਉੱਥੇ ਆਏ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾਵਾਂ ਅਤੇ ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਜਾਂਚ ਹੁਣ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੂੰ ਸੌਂਪ ਦਿੱਤੀ ਗਈ ਹੈ।


ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਮ੍ਰਿਤਕ ਡੈਲਟਾ ਇਲਾਕੇ ਦੇ ਰਹਿਣ ਵਾਲੇ ਸਨ। ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕ ਨੌਜਵਾਨ ਦਾ ਪਹਿਲਾਂ ਵੀ ਹਥਿਆਰਾਂ ਨਾਲ ਜੁੜੇ ਇੱਕ ਮਾਮਲੇ ਵਿੱਚ ਪੁਲਿਸ ਰਿਕਾਰਡ ਰਿਹਾ ਹੈ। ਨੌਜਵਾਨ ਦੀ ਪਛਾਣ ਕਰਕੇ ਉਸਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਦਕਿ ਲੜਕੀ ਦੀ ਰਸਮੀ ਸ਼ਨਾਖਤ ਦੀ ਪ੍ਰਕਿਰਿਆ ਹਾਲੇ ਜਾਰੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ ਅਤੇ ਕਾਰ ਵਿੱਚ ਮੌਜੂਦ ਲੜਕੀ ਉਸਦੀ ਪ੍ਰੇਮਿਕਾ ਸੀ। ਹਾਲਾਂਕਿ, ਪਰਿਵਾਰ ਨੇ ਇਸ ਘਟਨਾ ਸਬੰਧੀ ਵਧੇਰੇ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਹੈ।


ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਇਸ ਘਟਨਾ ਤੋਂ ਮਹਿਜ਼ 15 ਮਿੰਟ ਬਾਅਦ ਪ੍ਰਿੰਸੈਸ ਡਰਾਈਵ ਦੇ 9700 ਬਲਾਕ ਵਿੱਚੋਂ ਇੱਕ ਸੜਦੀ ਹੋਈ ਚਿੱਟੀ ਸੇਡਾਨ ਕਾਰ ਬਰਾਮਦ ਹੋਈ ਹੈ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਹਮਲਾਵਰਾਂ ਨੇ ਵਾਰਦਾਤ ਵਿੱਚ ਵਰਤੀ ਗਈ ਗੱਡੀ ਨੂੰ ਸਬੂਤ ਨਸ਼ਟ ਕਰਨ ਦੇ ਇਰਾਦੇ ਨਾਲ ਅੱਗ ਦੇ ਹਵਾਲੇ ਕਰ ਦਿੱਤਾ।


ਮਾਮਲੇ ਦੀ ਤਹਿ ਤੱਕ ਜਾਣ ਲਈ 'ਇਹਿੱਟ' (IHIT) ਵੱਲੋਂ ਆਮ ਲੋਕਾਂ ਤੋਂ ਮਦਦ ਮੰਗੀ ਗਈ ਹੈ। ਜਾਂਚ ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਘਟਨਾ ਵਾਲੀ ਰਾਤ 124 ਸਟਰੀਟ ਜਾਂ ਪ੍ਰਿੰਸੈਸ ਡਰਾਈਵ ਦੇ ਆਸ-ਪਾਸ ਮੌਜੂਦ ਕੋਈ ਵੀ ਵਿਅਕਤੀ, ਜਿਸ ਕੋਲ ਉਸ ਸਮੇਂ ਦੀ ਡੈਸ਼ਕੈਮ ਵੀਡੀਓ ਜਾਂ ਸੀਸੀਟੀਵੀ ਫੁਟੇਜ ਹੋਵੇ, ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ ਤਾਂ ਜੋ ਕਾਤਲਾਂ ਨੂੰ ਜਲਦ ਸਲਾਖਾਂ ਪਿੱਛੇ ਭੇਜਿਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.