ਤਾਜਾ ਖਬਰਾਂ
ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਰਾਜਧਾਨੀ ਸਥਿਤ ਏਮਜ਼ (AIIMS) ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੁੱਧਵਾਰ ਸਵੇਰੇ ਰੋਜ਼ਾਨਾ ਦੀ ਸੈਰ ਦੌਰਾਨ ਅਚਾਨਕ ਚੱਕਰ ਆਉਣ ਕਾਰਨ ਉਹ ਡਿੱਗ ਪਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ।
ਮਿਲੀ ਜਾਣਕਾਰੀ ਮੁਤਾਬਕ ਸੈਰ ਵੇਲੇ ਡਿੱਗਣ ਮਗਰੋਂ 75 ਸਾਲਾ ਧਨਖੜ ਕੁਝ ਪਲਾਂ ਲਈ ਬੇਹੋਸ਼ ਹੋ ਗਏ ਸਨ। ਮੌਕੇ 'ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਫੌਰੀ ਕਾਰਵਾਈ ਕਰਦਿਆਂ ਪੀ.ਸੀ.ਆਰ. ਗੱਡੀ ਰਾਹੀਂ ਉਨ੍ਹਾਂ ਨੂੰ ਰਿਹਾਇਸ਼ 'ਤੇ ਪਹੁੰਚਾਇਆ। ਉੱਥੇ ਏਮਜ਼ ਦੇ ਮਾਹਿਰ ਡਾਕਟਰ ਸੰਦੀਪ ਸੇਠ ਅਤੇ ਉਨ੍ਹਾਂ ਦੀ ਟੀਮ ਨੇ ਮੁੱਢਲੀ ਜਾਂਚ ਕੀਤੀ, ਪਰ ਨਾਜ਼ੁਕ ਹਾਲਤ ਨੂੰ ਵੇਖਦਿਆਂ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਹਸਪਤਾਲ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ।
ਫਿਲਹਾਲ ਸਾਬਕਾ ਉਪ ਰਾਸ਼ਟਰਪਤੀ ਨੂੰ ਏਮਜ਼ ਦੇ ਕਾਰਡੀਓ-ਨਿਊਰੋ ਸੈਂਟਰ ਵਿੱਚ ਰੱਖਿਆ ਗਿਆ ਹੈ, ਜਿੱਥੇ ਕਾਰਡੀਓਲੋਜੀ ਵਿਭਾਗ ਦੇ ਸੀਨੀਅਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਅਜੇ ਤੱਕ ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਕੋਈ ਅਧਿਕਾਰਤ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਬੀਤੇ ਸਾਲ ਮਾਰਚ 2025 ਵਿੱਚ ਛਾਤੀ 'ਚ ਦਰਦ ਦੀ ਸ਼ਿਕਾਇਤ ਮਗਰੋਂ ਏਮਜ਼ ਵਿਖੇ ਹੀ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ ਸੀ, ਜਦੋਂਕਿ ਜੂਨ 2025 ਵਿੱਚ ਨੈਨੀਤਾਲ ਵਿਖੇ ਕੁਮਾਉਂ ਯੂਨੀਵਰਸਿਟੀ ਦੇ ਸਮਾਗਮ ਦੌਰਾਨ ਵੀ ਉਹ ਅਚਾਨਕ ਬੇਹੋਸ਼ ਹੋ ਗਏ ਸਨ। ਹੁਣ ਉਨ੍ਹਾਂ ਦੇ ਸਮਰਥਕਾਂ ਅਤੇ ਸਿਆਸੀ ਹਲਕਿਆਂ ਵੱਲੋਂ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ।
Get all latest content delivered to your email a few times a month.