IMG-LOGO
ਹੋਮ ਪੰਜਾਬ: ਖਪਤਕਾਰਾਂ ਨੂੰ ਵੱਡਾ ਝਟਕਾ: ਅਮੂਲ ਨੇ ਵਧਾਈਆਂ ਦੁੱਧ ਦੀਆਂ ਕੀਮਤਾਂ,...

ਖਪਤਕਾਰਾਂ ਨੂੰ ਵੱਡਾ ਝਟਕਾ: ਅਮੂਲ ਨੇ ਵਧਾਈਆਂ ਦੁੱਧ ਦੀਆਂ ਕੀਮਤਾਂ, ਨਵੀਆਂ ਦਰਾਂ ਅੱਜ ਤੋਂ ਲਾਗੂ

Admin User - Nov 12, 2026 12:18 PM
IMG

ਮਹਿੰਗਾਈ ਦੀ ਮਾਰ ਝੱਲ ਰਹੇ ਦੇਸ਼ ਦੇ ਕਰੋੜਾਂ ਪਰਿਵਾਰਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਪ੍ਰਮੁੱਖ ਡੇਅਰੀ ਬ੍ਰਾਂਡ 'ਅਮੂਲ' ਨੇ ਆਪਣੇ ਤਾਜ਼ੇ ਦੁੱਧ ਦੀਆਂ ਕੀਮਤਾਂ ਵਿੱਚ 4 ਤੋਂ 5 ਫੀਸਦੀ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਵੱਲੋਂ ਜਾਰੀ ਕੀਤੀਆਂ ਗਈਆਂ ਇਹ ਵਧੀਆਂ ਹੋਈਆਂ ਦਰਾਂ ਅੱਜ ਯਾਨੀ 12 ਨਵੰਬਰ, 2026 ਤੋਂ ਦੇਸ਼ ਭਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਲਾਗੂ ਹੋ ਗਈਆਂ ਹਨ।


ਫੈਡਰੇਸ਼ਨ ਦੇ ਫੈਸਲੇ ਅਨੁਸਾਰ, ਆਮ ਘਰਾਂ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ 'ਅਮੂਲ ਫਰੈਸ਼ ਟੋਨਡ ਦੁੱਧ' (3 ਫੀਸਦੀ ਫੈਟ) ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ ਗਿਆ ਹੈ। ਇਸੇ ਤਰ੍ਹਾਂ ਫੁੱਲ-ਕ੍ਰੀਮ ਦੁੱਧ ਯਾਨੀ 'ਅਮੂਲ ਗੋਲਡ' (6 ਫੀਸਦੀ ਫੈਟ) ਖਰੀਦਣ ਲਈ ਹੁਣ ਖਪਤਕਾਰਾਂ ਨੂੰ 4 ਰੁਪਏ ਪ੍ਰਤੀ ਲੀਟਰ ਵਾਧੂ ਜੇਬ ਢਿੱਲੀ ਕਰਨੀ ਪਵੇਗੀ।


ਅਮੂਲ ਪ੍ਰਬੰਧਨ ਨੇ ਇਸ ਵਾਧੇ ਪਿੱਛੇ ਦੁੱਧ ਉਤਪਾਦਨ ਅਤੇ ਪ੍ਰੋਸੈਸਿੰਗ ਖਰਚਿਆਂ ਵਿੱਚ ਹੋਏ ਭਾਰੀ ਵਾਧੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੰਪਨੀ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਹਰੇ ਤੇ ਸੁੱਕੇ ਚਾਰੇ ਸਮੇਤ ਪਸ਼ੂ ਖੁਰਾਕ ਵਿੱਚ ਵਰਤੇ ਜਾਣ ਵਾਲੇ ਮੱਕੀ, ਖਲੀ ਅਤੇ ਸ਼ੀਰੇ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਇਸ ਤੋਂ ਇਲਾਵਾ ਈਂਧਨ ਅਤੇ ਦੁੱਧ ਦੀ ਪੈਕਿੰਗ ਲਈ ਵਰਤੀ ਜਾਂਦੀ ਫਿਲਮ ਦੀਆਂ ਕੀਮਤਾਂ ਵਧਣ ਕਾਰਨ ਵੀ ਕੰਪਨੀ 'ਤੇ ਵਿੱਤੀ ਬੋਝ ਵਧਿਆ ਹੈ।


ਗੁਜਰਾਤ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਹੋਈ ਬੇਮੌਸਮੀ ਤੇ ਘੱਟ ਬਾਰਿਸ਼ ਨੇ ਪਸ਼ੂ ਪਾਲਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬੋਰਡ ਦਾ ਕਹਿਣਾ ਹੈ ਕਿ ਮੈਂਬਰ ਯੂਨੀਅਨਾਂ ਵੱਲੋਂ ਪਿਛਲੇ ਸਾਲ ਕਿਸਾਨਾਂ ਤੋਂ ਦੁੱਧ ਦੀ ਖਰੀਦ ਕੀਮਤ ਵਿੱਚ 4 ਤੋਂ 5 ਫੀਸਦੀ ਵਾਧਾ ਕੀਤਾ ਗਿਆ ਸੀ, ਜਿਸ ਦੀ ਭਰਪਾਈ ਲਈ ਹੁਣ ਪ੍ਰਚੂਨ ਦਰਾਂ ਵਿੱਚ ਸੋਧ ਕਰਨੀ ਲਾਜ਼ਮੀ ਹੋ ਗਈ ਸੀ।


ਅਮੂਲ ਦੇ ਸਹਿਕਾਰੀ ਮਾਡਲ ਤਹਿਤ ਖਪਤਕਾਰਾਂ ਤੋਂ ਇਕੱਠੇ ਹੋਣ ਵਾਲੇ ਕੁੱਲ ਮਾਲੀਏ ਦਾ ਲਗਭਗ 80 ਫੀਸਦੀ ਹਿੱਸਾ ਸਿੱਧਾ ਦੇਸ਼ ਦੇ 36 ਲੱਖ ਦੁੱਧ ਉਤਪਾਦਕ ਕਿਸਾਨਾਂ ਨੂੰ ਜਾਂਦਾ ਹੈ। ਕੰਪਨੀ ਨੇ ਉਮੀਦ ਜਤਾਈ ਹੈ ਕਿ ਇਸ ਫੈਸਲੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਹੋਵੇਗਾ, ਜੋ ਉਨ੍ਹਾਂ ਨੂੰ ਆਰਥਿਕ ਮਜ਼ਬੂਤੀ ਦੇਣ ਦੇ ਨਾਲ-ਨਾਲ ਦੁੱਧ ਉਤਪਾਦਨ ਵਧਾਉਣ ਲਈ ਵੀ ਪ੍ਰੇਰਿਤ ਕਰੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.