ਤਾਜਾ ਖਬਰਾਂ
ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਤੇਜ਼ੀ ਨਾਲ ਬਦਲ ਰਿਹਾ ਹੈ। ਜਿੱਥੇ ਦਿਨ ਸਮੇਂ ਧੁੱਪ ਕਾਰਨ ਤਾਪਮਾਨ ਅਜੇ ਵੀ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ, ਉੱਥੇ ਹੀ ਸੂਰਜ ਢਲਦਿਆਂ ਹੀ ਰਾਤ ਦੇ ਪਾਰੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਬੁੱਧਵਾਰ ਨੂੰ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ, ਪਰ 12 ਨਵੰਬਰ ਤੋਂ ਸੂਬੇ ਦੇ ਕਈ ਹਿੱਸਿਆਂ ਵਿੱਚ ਬੱਦਲਵਾਈ ਅਤੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।
ਮੌਸਮ ਵਿਗਿਆਨੀਆਂ ਮੁਤਾਬਕ ਪਹਾੜੀ ਖੇਤਰਾਂ ਵਿੱਚ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਅਤੇ ਉੱਤਰੀ ਹਰਿਆਣਾ ਦੇ ਆਸ-ਪਾਸ ਚੱਕਰਵਾਤੀ ਹਵਾਵਾਂ ਦਾ ਸਿਸਟਮ ਬਣਨ ਕਰਕੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ, ਆਉਣ ਵਾਲੇ 5 ਦਿਨਾਂ ਤੱਕ ਦਿਨ ਅਤੇ ਰਾਤ ਦੇ ਔਸਤ ਤਾਪਮਾਨ ਵਿੱਚ ਕੋਈ ਵੱਡਾ ਉਲਟਫੇਰ ਹੋਣ ਦੀ ਉਮੀਦ ਨਹੀਂ ਹੈ।
ਸੂਬੇ ਦੇ ਔਸਤ ਘੱਟੋ-ਘੱਟ ਤਾਪਮਾਨ ਵਿੱਚ 1.1 ਡਿਗਰੀ ਦੀ ਗਿਰਾਵਟ ਆਈ ਹੈ। 11.3 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਨਾਲ ਪਠਾਨਕੋਟ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ (ਜਦਕਿ ਪਠਾਨਕੋਟ ਸ਼ਹਿਰ 'ਚ ਪਾਰਾ 12 ਡਿਗਰੀ ਰਿਹਾ)। ਇਸ ਤੋਂ ਇਲਾਵਾ ਲੁਧਿਆਣਾ ਅਤੇ ਫਰੀਦਕੋਟ 'ਚ 12.8 ਡਿਗਰੀ, ਚੰਡੀਗੜ੍ਹ 'ਚ 13.5 ਡਿਗਰੀ, ਬਠਿੰਡਾ 'ਚ 13.6 ਡਿਗਰੀ, ਅੰਮ੍ਰਿਤਸਰ 'ਚ 13.8 ਡਿਗਰੀ ਅਤੇ ਪਟਿਆਲਾ 'ਚ 14.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਪਿਛਲੇ 24 ਘੰਟਿਆਂ ਦੌਰਾਨ ਬੱਲੋਵਾਲ ਸੌਂਖੜੀ ਵਿੱਚ ਸਭ ਤੋਂ ਵੱਧ 2.3 ਡਿਗਰੀ ਦੀ ਗਿਰਾਵਟ ਦੇਖੀ ਗਈ, ਜਦੋਂਕਿ ਬਠਿੰਡਾ 'ਚ 1.8 ਡਿਗਰੀ ਅਤੇ ਹੁਸ਼ਿਆਰਪੁਰ 'ਚ 1.6 ਡਿਗਰੀ ਪਾਰਾ ਹੇਠਾਂ ਆਇਆ।
Get all latest content delivered to your email a few times a month.