ਤਾਜਾ ਖਬਰਾਂ
ਦੀਵਾਲੀ ਦੇ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਖਾਣ-ਪੀਣ ਦੀਆਂ ਵਸਤੂਆਂ 'ਚ ਮਿਲਾਵਟ ਅਤੇ ਅਣਗਹਿਲੀ ਖਿਲਾਫ਼ ਵੱਡਾ ਸੂਬਾ-ਪੱਧਰੀ ਅਭਿਆਨ ਵਿੱਢਿਆ ਹੈ। 4 ਅਤੇ 5 ਨਵੰਬਰ ਨੂੰ ਕੀਤੀ ਗਈ ਇਸ ਵਿਸ਼ੇਸ਼ ਨਿਰੀਖਣ ਮੁਹਿੰਮ ਦੌਰਾਨ ਐਫਡੀਏ ਨੇ 105 ਖਾਣ-ਪੀਣ ਵਾਲੇ ਅਦਾਰਿਆਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ, ਜਦਕਿ ਗੰਭੀਰ ਉਲੰਘਣਾਵਾਂ ਸਾਹਮਣੇ ਆਉਣ ਤੋਂ ਬਾਅਦ 7 ਅਦਾਰਿਆਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਲਾਇਸੈਂਸ ਗਵਾਉਣ ਵਾਲਿਆਂ ਵਿੱਚ ਕਵਿਕ-ਕਾਮਰਸ ਪਲੇਟਫਾਰਮ ਬਲਿੰਕਇਟ (ਮੁੰਬਈ) ਅਤੇ ਜ਼ੈਪਟੋ ਸਮੇਤ ਕਈ ਵੱਡੇ ਮਿਠਾਈ ਨਿਰਮਾਤਾ, ਹੋਟਲ, ਰੈਸਟੋਰੈਂਟ ਅਤੇ ਕੇਟਰਰ ਸ਼ਾਮਲ ਹਨ।
ਐਫਡੀਏ ਵੱਲੋਂ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਇਹ ਕਾਰਵਾਈ ਕੀਤੀ ਗਈ:
ਲਾਇਸੈਂਸ ਮੁਅੱਤਲੀ (ਕੁੱਲ 105):
ਨਾਸਿਕ ਡਿਵੀਜ਼ਨ: 39
ਮੁੰਬਈ: 28
ਪੁਣੇ: 20
ਅਮਰਾਵਤੀ: 15
ਛਤਰਪਤੀ ਸੰਭਾਜੀਨਗਰ: 2
ਠਾਣੇ: 1
ਬੰਦ ਕਰਨ ਦੇ ਹੁਕਮ (ਕੁੱਲ 7):
ਪੁਣੇ ਵਿੱਚ 3, ਅਮਰਾਵਤੀ ਵਿੱਚ 2, ਜਦਕਿ ਮੁੰਬਈ ਅਤੇ ਕੋਂਕਣ ਡਿਵੀਜ਼ਨ ਵਿੱਚ 1-1 ਅਦਾਰੇ ਨੂੰ ਕੰਮਕਾਜ ਠੱਪ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਬੰਦ ਕੀਤੇ ਗਏ ਮੁੱਖ ਅਦਾਰਿਆਂ ਵਿੱਚ ਮੁੰਬਈ ਦਾ ਰਾਜਧਾਨੀ ਬਿਰਯਾਨੀ ਕੇਂਦਰ ਅਤੇ ਭਿਵੰਡੀ (ਠਾਣੇ) ਦਾ ਅਰਾਧਨਾ ਡਰਾਈਫਰੂਟ ਸਵੀਟਸ ਸ਼ਾਮਲ ਹਨ।
ਟੀਮਾਂ ਦੁਆਰਾ ਕੀਤੀ ਗਈ ਜਾਂਚ ਦੌਰਾਨ ਖਾਣ ਪੀਣ ਦੀਆਂ ਚੀਜ਼ਾਂ ਦੀ ਤਿਆਰੀ ਅਤੇ ਸਟੋਰੇਜ ਵਿੱਚ ਭਾਰੀ ਕਮੀਆਂ ਪਾਈਆਂ ਗਈਆਂ, ਜਿਵੇਂ ਕਿ:
ਬਣਾਉਣ ਅਤੇ ਸਟੋਰ ਕਰਨ ਵਾਲੀਆਂ ਥਾਵਾਂ 'ਤੇ ਸਫ਼ਾਈ ਦੀ ਬੇਹੱਦ ਘਾਟ।
ਖਾਣ-ਪੀਣ ਵਾਲੇ ਸਾਮਾਨ ਦੀ ਅਣਉਚਿਤ ਸੰਭਾਲ ਤੇ ਪੈਕਿੰਗ।
ਪੈਸਟ ਕੰਟਰੋਲ (ਕੀਟ ਨਿਯੰਤਰਣ) ਅਤੇ ਤਾਪਮਾਨ ਸੁਚੱਜਾ ਨਾ ਹੋਣਾ।
ਜ਼ਰੂਰੀ ਦਸਤਾਵੇਜ਼ਾਂ, ਰਿਕਾਰਡਾਂ ਅਤੇ ਪ੍ਰਮਾਣੀਕਰਣ ਦੀ ਅਣਹੋਂਦ।
ਦੋ ਦਿਨ ਚੱਲੀ ਇਸ ਛਾਪੇਮਾਰੀ ਦੌਰਾਨ 70 ਤੋਂ ਵਧੇਰੇ ਠਿਕਾਣਿਆਂ ਤੋਂ 39,485.42 ਕਿਲੋਗ੍ਰਾਮ ਖਾਣ-ਪੀਣ ਦਾ ਸਾਮਾਨ ਜਬਤ ਕੀਤਾ ਗਿਆ, ਜਿਸ ਦੀ ਕੁੱਲ ਕੀਮਤ 1.35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜ਼ਬਤ ਮਾਲ ਵਿੱਚ ਮੁੱਖ ਤੌਰ 'ਤੇ ਮਾਵਾ, ਖੋਆ, ਪਨੀਰ, ਦੇਸੀ ਘਿਓ, ਕੁਕਿੰਗ ਓਇਲ, ਫਰਸਾਨ, ਸੁੱਕੇ ਮੇਵੇ ਅਤੇ ਹੋਰ ਮਿਠਾਈਆਂ ਸ਼ਾਮਲ ਹਨ।
ਡਿਵੀਜ਼ਨ ਅਨੁਸਾਰ ਜ਼ਬਤੀ:
ਪੁਣੇ ਡਿਵੀਜ਼ਨ: 14,429.7 ਕਿਲੋਗ੍ਰਾਮ (ਕੀਮਤ ₹49.36 ਲੱਖ) – ਸਭ ਤੋਂ ਵੱਧ
ਕੋਂਕਣ ਡਿਵੀਜ਼ਨ: ₹32.52 ਲੱਖ ਦੀ ਜ਼ਬਤੀ
ਨਾਸਿਕ ਡਿਵੀਜ਼ਨ: ₹28.35 ਲੱਖ ਦੀ ਜ਼ਬਤੀ
ਇਸ ਤੋਂ ਇਲਾਵਾ ਪ੍ਰਸ਼ਾਸਨ ਨੇ 3 ਵੱਖ-ਵੱਖ ਥਾਵਾਂ ਤੋਂ 7.96 ਲੱਖ ਰੁਪਏ ਦੀ ਕੀਮਤ ਦਾ ਗੁਟਖਾ ਅਤੇ ਪਾਨ ਮਸਾਲਾ ਵਰਗਾ ਗੈਰ-ਕਾਨੂੰਨੀ ਸਾਮਾਨ ਵੀ ਬਰਾਮਦ ਕੀਤਾ ਹੈ। ਇਸ ਮਾਮਲੇ 'ਚ 3 FIR ਦਰਜ ਕਰਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਰਵਾਈ ਦੌਰਾਨ 4.70 ਲੱਖ ਰੁਪਏ ਦੀਆਂ 2 ਗੱਡੀਆਂ ਜ਼ਬਤ ਕੀਤੀਆਂ ਗਈਆਂ ਹਨ ਅਤੇ 2 ਅਦਾਰਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।
ਐਫਡੀਏ ਅਧਿਕਾਰੀਆਂ ਅਨੁਸਾਰ ਤਿਉਹਾਰਾਂ ਦੌਰਾਨ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ਼ ਇਹ ਸਖ਼ਤੀ ਅੱਗੇ ਵੀ ਜਾਰੀ ਰਹੇਗੀ।
Get all latest content delivered to your email a few times a month.