ਤਾਜਾ ਖਬਰਾਂ
ਬੈਂਗਲੁਰੂ: ਇੱਥੋਂ ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੈਬ ਡ੍ਰਾਈਵਰ ਨੇ ਪਾਰਿਵਾਰਿਕ ਵਿਵਾਦ ਦੇ ਚੱਲਦਿਆਂ ਆਪਣੀ ਪਤਨੀ ਸਮੇਤ ਇੱਕੋ ਪਰਿਵਾਰ ਦੇ 7 ਜੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਇੰਦੂਸ਼ੇਖਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੇ 7 ਸਾਲਾ ਮਾਸੂਮ ਬੱਚੇ ਪੁਨੀਤ ਦੀ ਲਾਸ਼ ਬਰਾਮਦ ਕਰ ਲਈ ਹੈ, ਜਦਕਿ ਬਾਕੀ 6 ਲਾਸ਼ਾਂ ਦੀ ਭਾਲ ਅਜੇ ਵੀ ਜਾਰੀ ਹੈ।
ਸ਼ੁਰੂਆਤੀ ਜਾਂਚ ਮੁਤਾਬਕ, ਇੰਦੂਸ਼ੇਖਰ ਆਪਣੀ ਪਤਨੀ ਸੁਨੀਤਾ ਦੇ ਆਪਣੇ ਮਾਪਿਆਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਤੋਂ ਖ਼ਫ਼ਾ ਸੀ। ਦੋਹਾਂ ਦਾ ਵਿਆਹ ਲਗਭਗ 20 ਸਾਲ ਪਹਿਲਾਂ ਹੋਇਆ ਸੀ, ਪਰ ਅਕਸਰ ਝਗੜਾ ਰਹਿੰਦਾ ਸੀ। ਪੁਲਿਸ ਅਨੁਸਾਰ ਸੁਨੀਤਾ ਨੂੰ ਉਸ ਦੀ ਮਾਂ ਅਤੇ ਭਰਾਵਾਂ ਦਾ ਸਮਰਥਨ ਮਿਲਣ ਕਰਕੇ ਸ਼ੇਖਰ ਕਾਫ਼ੀ ਨਾਰਾਜ਼ ਸੀ ਅਤੇ ਇਸੇ ਰੰਜਿਸ਼ 'ਚ ਉਸ ਨੇ ਪੂਰੇ ਪਰਿਵਾਰ ਨੂੰ ਖ਼ਤਮ ਕਰਨ ਦਾ ਖ਼ੌਫ਼ਨਾਕ ਫ਼ੈਸਲਾ ਲਿਆ।
ਇਹ ਕਤਲ ਰਾਜਾਜੀਨਗਰ ਪੁਲਿਸ ਥਾਣੇ ਅਧੀਨ ਪੈਂਦੇ ਬਸਰੂਮ ਸਰਕਲ ਨੇੜੇ 59ਵੀਂ ਕ੍ਰਾਸ ਦੇ ਇੱਕ ਰਿਹਾਇਸ਼ੀ ਇਲਾਕੇ 'ਚ ਹੋਏ। ਮ੍ਰਿਤਕਾਂ ਦੀ ਪਛਾਣ ਦੋਸ਼ੀ ਦੀ ਪਤਨੀ ਸੁਨੀਤਾ, ਸੱਸ ਰੂਪਵਤੀ, ਸਾਲੇ ਸ਼ਿਵਕੁਮਾਰ ਤੇ ਸ਼ੰਕਰ, ਸਾਲੀਆਂ ਦਿਵਿਆ ਤੇ ਨਲਿਨੀ, ਅਤੇ 7 ਸਾਲਾ ਮਾਸੂਮ ਪੁਨੀਤ ਵਜੋਂ ਹੋਈ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਸਭ ਤੋਂ ਪਹਿਲਾਂ ਕੁੰਡੀ (ਸਿਲ-ਬੱਟੇ) ਨਾਲ ਵਾਰ ਕਰਕੇ ਆਪਣੀ ਪਤਨੀ ਸੁਨੀਤਾ ਦਾ ਕਤਲ ਕੀਤਾ ਅਤੇ ਉਸ ਦੀ ਲਾਸ਼ ਨੂੰ ਕੱਪੜੇ 'ਚ ਲਪੇਟ ਕੇ ਨੰਦੀ ਹਿਲਜ਼ ਨੇੜੇ ਸੁੱਟ ਦਿੱਤਾ। ਸ਼ੱਕ ਤੋਂ ਬਚਣ ਲਈ ਉਸ ਨੇ ਪਤਨੀ ਦਾ ਫ਼ੋਨ ਬੰਦ ਕਰ ਦਿੱਤਾ ਅਤੇ ਗੁਆਂਢੀਆਂ ਨੂੰ ਕਿਹਾ ਕਿ ਉਹ ਕਿਤੇ ਬਾਹਰ ਗਈ ਹੈ।
ਅਗਲੇ ਦਿਨ ਦੋਸ਼ੀ ਨੇ ਆਪਣੇ ਦੋਵਾਂ ਸਾਲਿਆਂ, ਸ਼ਿਵਕੁਮਾਰ ਅਤੇ ਸ਼ੰਕਰ ਨੂੰ ਪਾਰਟੀ ਦੇ ਬਹਾਨੇ ਘਰ ਬੁਲਾਇਆ ਅਤੇ ਸਿਲ-ਬੱਟੇ ਨਾਲ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਦੀਆਂ ਪਤਨੀਆਂ ਦਿਵਿਆ ਤੇ ਨਲਿਨੀ, ਸੱਸ ਰੂਪਵਤੀ ਅਤੇ 7 ਸਾਲਾ ਬੱਚੇ ਪੁਨੀਤ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਵਾਰਦਾਤ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਵੀਰਵਾਰ ਨੂੰ ਨਲਿਨੀ ਦੀ ਮਾਂ ਨੇ ਸ਼੍ਰੀਰਾਮਪੁਰਾ ਪੁਲਿਸ ਥਾਣੇ ਵਿੱਚ ਪਰਿਵਾਰ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਦੌਰਾਨ ਜਦੋਂ ਸ਼ੇਖਰ ਤੋਂ ਪੁੱਛਗਿੱਛ ਕੀਤੀ ਤਾਂ ਇਸ ਪੂਰੇ ਕਾਂਡ ਦਾ ਪਰਦਾਫਾਸ਼ ਹੋਇਆ।
ਦੋਸ਼ੀ ਨੇ ਖ਼ੂਨ ਦੇ ਧੱਬੇ ਮਿਟਾਉਣ ਅਤੇ ਸਬੂਤ ਨਸ਼ਟ ਕਰਨ ਲਈ ਕੈਮੀਕਲਸ ਦੀ ਵਰਤੋਂ ਕੀਤੀ ਸੀ। ਪੁਲਿਸ ਨੇ ਲਾਸ਼ਾਂ ਢੋਣ ਲਈ ਵਰਤੀ ਗਈ ਕਾਰ ਅਤੇ ਵਾਰਦਾਤ 'ਚ ਵਰਤਿਆ ਸਿਲ-ਬੱਟਾ ਬਰਾਮਦ ਕਰ ਲਿਆ ਹੈ। ਨੰਦੀ ਹਿਲਜ਼ ਦੇ ਨੇੜੇ 4 ਘੰਟੇ ਚੱਲੇ ਸਰਚ ਅਪ੍ਰੇਸ਼ਨ ਤੋਂ ਬਾਅਦ ਬੱਚੇ ਦੀ ਲਾਸ਼ ਮਿਲੀ ਹੈ।
ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਘਟਨਾ ਵਿੱਚ ਦੋਸ਼ੀ ਦੀ ਧੀ ਸਮੇਤ ਕਿਸੇ ਹੋਰ ਦਾ ਹੱਥ ਸੀ ਜਾਂ ਨਹੀਂ, ਅਤੇ ਏਨੇ ਸੰਘਣੇ ਰਿਹਾਇਸ਼ੀ ਇਲਾਕੇ ਵਿੱਚ ਕਿਸੇ ਨੂੰ ਵੀ ਇਸ ਘਟਨਾ ਦੀ ਭਣਕ ਕਿਵੇਂ ਨਹੀਂ ਲੱਗੀ।
Get all latest content delivered to your email a few times a month.