ਤਾਜਾ ਖਬਰਾਂ
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਅੰਧੇਵਾਹ ਵਰਤੋਂ ਕਾਰਨ ਗੁਰਬਾਣੀ ਦੇ ਮੂਲ ਸਰੂਪ ਨਾਲ ਹੋ ਰਹੀ ਛੇੜਛਾੜ ਅਤੇ ਗਲਤ ਜਾਣਕਾਰੀ ਦੇ ਪਸਾਰ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੇਹੱਦ ਸਖ਼ਤ ਰੁੱਖ ਅਪਣਾਇਆ ਹੈ। ਏਆਈ ਵੱਲੋਂ ਮਨਘੜਤ ਪੰਕਤੀਆਂ ਨੂੰ ਗੁਰਬਾਣੀ ਦੱਸ ਕੇ ਪੇਸ਼ ਕਰਨ ਅਤੇ ਸਿੱਖ ਇਤਿਹਾਸ ਤੇ ਧਾਰਮਿਕ ਮਰਿਆਦਾ ਨਾਲ ਖਿਲਵਾੜ ਕਰਨ ਦੇ ਮਾਮਲਿਆਂ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਵੱਡੇ ਡਿਜੀਟਲ ਸੁਧਾਰਾਂ ਦੀ ਤਿਆਰੀ ਕੀਤੀ ਜਾ ਰਹੀ ਹੈ।
ਲੰਡਨ ਦੇ ਇਤਿਹਾਸਕ ਖਾਲਸਾ ਜਥਾ ਬ੍ਰਿਟਿਸ਼ ਆਇਲਜ਼ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਗੁਰਬਾਣੀ ਸਿੱਖ ਧਰਮ ਦੀ ਰੂਹ ਹੈ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਖੁਲਾਸਾ ਕੀਤਾ ਕਿ ਤਕਨੀਕੀ ਮਾਹਿਰਾਂ ਅਤੇ ਸਿੱਖ ਵਿਦਵਾਨਾਂ ਦੀ ਮਦਦ ਨਾਲ ਵਿਸ਼ਵ ਪੱਧਰੀ ਪ੍ਰਮੁੱਖ ਏਆਈ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ।
ਇਸ ਦੇ ਨਾਲ ਹੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਧੀ ਦੇਖ-ਰੇਖ ਹੇਠ ਪ੍ਰਮਾਣਿਤ ਗੁਰਬਾਣੀ ਏਆਈ ਪਲੇਟਫਾਰਮ, ਡਿਜੀਟਲ ਸਰੋਤ ਅਤੇ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨਾਂ ਤਿਆਰ ਕੀਤੀਆਂ ਜਾਣਗੀਆਂ। ਜਥੇਦਾਰ ਨੇ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਸਿੱਖ ਭਾਈਚਾਰੇ ਵੱਲੋਂ ਤਿਆਰ ਕੀਤੇ ਜਾਣ ਵਾਲੇ ਕਿਸੇ ਵੀ ਏਆਈ ਪਲੇਟਫਾਰਮ ਲਈ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਗੁਰਬਾਣੀ ਸਿੱਖਣ ਲਈ ਟੈਕਨਾਲੋਜੀ 'ਤੇ ਅੰਨ੍ਹਾ ਵਿਸ਼ਵਾਸ ਕਰਨ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪ੍ਰਮਾਣਿਤ ਗੁਰਮਤਿ ਸਾਹਿਤ ਦਾ ਹੀ ਸਹਾਰਾ ਲਿਆ ਜਾਵੇ।
ਐਸਜੀਪੀਸੀ ਦੀ ਏਆਈ ਸਬ-ਕਮੇਟੀ ਦੇ ਮੈਂਬਰ ਅਤੇ ਯੂਨਾਈਟਿਡ ਸਿੱਖਸ ਦੇ ਸੰਚਾਰ ਨਿਰਦੇਸ਼ਕ ਹਰਮੀਤ ਸ਼ਾਹ ਸਿੰਘ ਅਨੁਸਾਰ, ਅੱਜ-ਕੱਲ੍ਹ ਲੋਕ ਗੁਰਬਾਣੀ ਦੇ ਅਰਥ ਅਤੇ ਸੰਦਰਭ ਸਮਝਣ ਲਈ ਚੈਟਬੋਟਸ ਦੀ ਵਰਤੋਂ ਕਰ ਰਹੇ ਹਨ। ਪਰ ਕਈ ਵਾਰ ਇਹ ਏਆਈ ਟੂਲਜ਼ ਮੂਲ ਸ਼ਬਦਾਂ ਨੂੰ ਬਦਲ ਕੇ ਗਲਤ ਅਰਥ ਪੇਸ਼ ਕਰ ਦਿੰਦੇ ਹਨ। ਲੋਕ ਬਿਨਾਂ ਪੜਤਾਲ ਕੀਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੰਦੇ ਹਨ, ਜਿਸਤੋਂ ਭੁਲੇਖੇ ਹੋਰ ਵਧ ਜਾਂਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਡਿਜੀਟਲ ਮਾਧਿਅਮਾਂ ਰਾਹੀਂ ਸਿੱਖ ਪਰੰਪਰਾਵਾਂ ਦੇ ਫਿਲਮਾਂਕਣ ਬਾਰੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪੰਜ ਸਿੰਘ ਸਾਹਿਬਾਨ ਦੇ ਹੁਕਮਨਾਮੇ ਦਾ ਹਵਾਲਾ ਦਿੰਦਿਆਂ ਐਸਜੀਪੀਸੀ ਨੇ ਸਖ਼ਤ ਚੇਤਾਵਨੀ ਦਿੱਤੀ ਹੈ
ਗੁਰੂ ਸਾਹਿਬਾਨ ਤੇ ਸ਼ਹੀਦਾਂ ਦੇ ਦ੍ਰਿਸ਼-ਰੂਪ 'ਤੇ ਰੋਕ: ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਚਾਰ ਸਾਹਿਬਜ਼ਾਦਿਆਂ, ਪੁਰਾਤਨ ਯੋਧਿਆਂ ਅਤੇ ਸ਼ਹੀਦਾਂ ਨੂੰ ਫਿਲਮਾਂ, ਵੈੱਬ ਸੀਰੀਜ਼, ਐਨੀਮੇਸ਼ਨ ਜਾਂ ਏਆਈ (AI) ਰਾਹੀਂ ਦਿਖਾਉਣ ਜਾਂ ਪੇਸ਼ ਕਰਨ 'ਤੇ ਮੁਕੰਮਲ ਰੋਕ ਹੈ।
ਧਾਰਮਿਕ ਚਿੰਨ੍ਹਾਂ ਤੇ ਮਰਿਆਦਾ ਦੀ ਨਕਲ ਨਾ ਕਰਨ ਦੀ ਅਪੀਲ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਰਸਮਾਂ, ਮਰਿਆਦਾ ਅਤੇ ਪਵਿੱਤਰ ਚਿੰਨ੍ਹਾਂ ਦੀ ਏਆਈ ਰਾਹੀਂ ਨਕਲ ਜਾਂ ਦ੍ਰਿਸ਼ਟੀਗਤ ਪੇਸ਼ਕਾਰੀ ਤੋਂ ਗੁਰੇਜ਼ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਗਲਤ ਸਮੱਗਰੀ ਹਟਾਉਣ ਦਾ ਆਦੇਸ਼: ਫਿਲਮ ਨਿਰਮਾਤਾਵਾਂ, ਓਟੀਟੀ ਪਲੇਟਫਾਰਮਾਂ ਅਤੇ ਡਿਜੀਟਲ ਕ੍ਰੀਏਟਰਾਂ ਨੂੰ ਅਜਿਹੀ ਕਿਸੇ ਵੀ ਮੌਜੂਦਾ ਸਮੱਗਰੀ ਨੂੰ ਤੁਰੰਤ ਹਟਾਉਣ ਅਤੇ ਭਵਿੱਖ ਵਿੱਚ ਧਾਰਮਿਕ ਭਾਵਨਾਵਾਂ ਦਾ ਪੂਰਾ ਸਤਿਕਾਰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
Get all latest content delivered to your email a few times a month.