IMG-LOGO
ਹੋਮ ਪੰਜਾਬ: ਲੁਧਿਆਣਾ: ਪ੍ਰੇਮ ਸਬੰਧਾਂ ਦੇ ਵਿਵਾਦ 'ਚ ਮੁਟਿਆਰ ਨੇ ਕੀਤੀ ਖ਼ੁਦਕੁਸ਼ੀ,...

ਲੁਧਿਆਣਾ: ਪ੍ਰੇਮ ਸਬੰਧਾਂ ਦੇ ਵਿਵਾਦ 'ਚ ਮੁਟਿਆਰ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਨੇ ਲਗਾਏ ਗੋਲੀਆਂ ਚਲਾਉਣ ਦੇ ਇਲਜ਼ਾਮ

Admin User - Nov 03, 2026 02:57 PM
IMG

ਸ਼ਹਿਰ ਦੇ ਸ਼ਿੰਗਾਰ ਸਿਨੇਮਾ ਰੋਡ ਸਥਿਤ ਹਰਚਰਨ ਨਗਰ ਵਿੱਚ ਪ੍ਰੇਮ ਸਬੰਧਾਂ ਤੋਂ ਉਪਜੇ ਇੱਕ ਮੰਦਭਾਗੇ ਵਿਵਾਦ ਦੌਰਾਨ 23 ਸਾਲਾ ਮੁਟਿਆਰ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਪਾਸੇ, ਉਸ ਦੇ ਦੋਸਤ ਨੌਜਵਾਨ ਨੇ ਦੂਜੀ ਧਿਰ 'ਤੇ ਜਾਨਲੇਵਾ ਹਮਲਾ ਕਰਨ ਅਤੇ ਗੋਲੀਆਂ ਚਲਾਉਣ ਦੇ ਗੰਭੀਰ ਦੋਸ਼ ਆਇਦ ਕੀਤੇ ਹਨ। ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।


ਪੀੜਤ ਨੌਜਵਾਨ ਦਿਵਿਆਂਸ਼ੂ ਬੱਗਾ ਨੇ ਦੱਸਿਆ ਕਿ 2 ਨਵੰਬਰ ਨੂੰ ਉਸ ਦੇ ਜਨਮਦਿਨ ਮੌਕੇ ਉਸ ਦੀ ਗਰਲਫ੍ਰੈਂਡ ਰੈਨਾ ਧੀਰ ਨੇ ਫੋਨ ਕਰਕੇ ਉਸ ਨੂੰ ਗਲੀ ਵਿੱਚ ਬੁਲਾਇਆ ਸੀ। ਰਾਤ ਕਰੀਬ 12:30 ਵਜੇ ਜਦੋਂ ਉਹ ਉੱਥੇ ਪਹੁੰਚਿਆ ਤਾਂ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ 25-30 ਨੌਜਵਾਨਾਂ ਨੇ ਉਸ ਦੀ ਥਾਰ ਗੱਡੀ ਨੂੰ ਘੇਰ ਲਿਆ।


ਦਿਵਿਆਂਸ਼ੂ ਅਨੁਸਾਰ, ਰੈਨਾ ਦੇ ਭਰਾ ਰੋਹਨ ਧੀਰ ਨੇ ਆਪਣੀ ਮਾਂ ਸੀਮਾ ਰਾਣੀ ਦੇ ਕਹਿਣ 'ਤੇ ਉਸ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਵਾਇਆ ਅਤੇ ਕਰੀਬ 15 ਤੋਂ 20 ਰਾਊਂਡ ਫਾਇਰਿੰਗ ਕੀਤੀ। ਗੋਲੀਆਂ ਲੱਗਣ ਕਾਰਨ ਗੱਡੀ ਦੇ ਟਾਇਰ ਫਟ ਗਏ, ਪਰ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੋਂ ਨਿਕਲਣ ਵਿੱਚ ਕਾਮਯਾਬ ਰਿਹਾ। ਦਿਵਿਆਂਸ਼ੂ ਨੇ ਦੱਸਿਆ ਕਿ ਖਾਟੂ ਸ਼ਿਆਮ ਦੀਆਂ ਧਾਰਮਿਕ ਯਾਤਰਾਵਾਂ ਦੌਰਾਨ ਦੋਵਾਂ ਪਰਿਵਾਰਾਂ ਦੀ ਆਪਸੀ ਜਾਣ-ਪਛਾਣ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਹੋਈ।


ਦੂਜੇ ਪਾਸੇ, ਮ੍ਰਿਤਕਾ ਦੇ ਭਰਾ ਰੋਹਨ ਧੀਰ ਨੇ ਦਿਵਿਆਂਸ਼ੂ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਵੱਖਰਾ ਪੱਖ ਰੱਖਿਆ ਹੈ। ਰੋਹਨ ਨੇ ਦੱਸਿਆ ਕਿ ਦਿਵਿਆਂਸ਼ੂ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਦੀ ਭੈਣ ਨੂੰ ਮਾਨਸਿਕ ਤੌਰ 'ਤੇ ਤੰਗ ਕਰ ਰਿਹਾ ਸੀ। ਘਟਨਾ ਵਾਲੀ ਰਾਤ ਵੀ ਉਹ ਘਰ ਦੇ ਬਾਹਰ ਸ਼ਰਾਬ ਪੀ ਕੇ ਉੱਚੀ ਆਵਾਜ਼ ਵਿੱਚ ਗਾਣੇ ਚਲਾ ਰਿਹਾ ਸੀ।


ਜਦੋਂ ਪਰਿਵਾਰ ਨੇ ਵਿਰੋਧ ਕੀਤਾ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਗੱਡੀ ਪਰਿਵਾਰ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਰੋਹਨ ਦਾ ਦੋਸ਼ ਹੈ ਕਿ ਦਿਵਿਆਂਸ਼ੂ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆ ਕੇ ਹੀ ਉਸ ਦੀ ਭੈਣ ਨੇ ਆਤਮਹੱਤਿਆ ਕੀਤੀ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਕੋਲ ਦਿਵਿਆਂਸ਼ੂ ਦੁਆਰਾ ਭੇਜੇ ਗਲਤ ਸੁਨੇਹੇ ਅਤੇ ਕਾਲ ਰਿਕਾਰਡਿੰਗਜ਼ ਦੇ ਪੁਖ਼ਤਾ ਸਬੂਤ ਹਨ, ਜੋ ਉਹ ਪੁਲਿਸ ਨੂੰ ਸੌਂਪਣ ਲਈ ਤਿਆਰ ਹੈ।


ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ-3 ਦੇ ਐਸ.ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਹਰਚਰਨ ਨਗਰ 'ਚ 23 ਸਾਲਾ ਰੈਨਾ ਧੀਰ ਵੱਲੋਂ ਖ਼ੁਦਕੁਸ਼ੀ ਕਰਨ ਦੀ ਇਤਲਾਹ ਮਿਲਣ 'ਤੇ ਪੁਲਿਸ ਟੀਮ ਤੁਰੰਤ ਸੀ.ਐਮ.ਸੀ. ਹਸਪਤਾਲ ਪਹੁੰਚੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ, ਜਿਨ੍ਹਾਂ ਵਿੱਚ ਦਿਵਿਆਂਸ਼ੂ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਪੁਲਿਸ ਮੁਤਾਬਕ ਮਾਮਲੇ ਦੀ ਹਰ ਪਹਿਲੂ ਤੋਂ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.