IMG-LOGO
ਹੋਮ ਪੰਜਾਬ: ਲੁਧਿਆਣਾ ਪੁਲਿਸ ਹਿਰਾਸਤ 'ਚ ਗੁਰਦੁਆਰਾ ਮੰਜੀ ਸਾਹਿਬ ਫਾਇਰਿੰਗ ਮਾਮਲੇ ਦੇ...

ਲੁਧਿਆਣਾ ਪੁਲਿਸ ਹਿਰਾਸਤ 'ਚ ਗੁਰਦੁਆਰਾ ਮੰਜੀ ਸਾਹਿਬ ਫਾਇਰਿੰਗ ਮਾਮਲੇ ਦੇ ਮੁੱਖ ਸ਼ੂਟਰ ਰਾਜੂ ਦੀ ਮੌਤ; ਦਿਲ ਦਾ ਦੌਰਾ ਪੈਣ ਦਾ ਖ਼ਦਸ਼ਾ

Admin User - Nov 03, 2026 01:04 PM
IMG

ਲੁਧਿਆਣਾ ਦੇ ਇਤਿਹਾਸਕ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਸ਼ੂਟਰ ਰਾਜ ਸਿੰਘ ਉਰਫ਼ ਰਾਜੂ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਦੇਰ ਰਾਤ ਅਚਾਨਕ ਤਬੀਅਤ ਵਿਗੜਨ ਅਤੇ ਛਾਤੀ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਥਾਣਾ ਸੁਧਾਰ ਦੇ ਐਸ.ਐਚ.ਓ. ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਰਾਜੂ ਦਾ ਬਲੱਡ ਪ੍ਰੈਸ਼ਰ ਅਚਾਨਕ ਬਹੁਤ ਘੱਟ ਗਿਆ ਸੀ। ਪੁਲਿਸ ਟੀਮ ਵੱਲੋਂ ਤੁਰੰਤ ਉਸ ਨੂੰ ਸੁਧਾਰ ਦੇ ਨਿੱਜੀ ਤੇ ਸਰਕਾਰੀ ਹਸਪਤਾਲਾਂ ਵਿੱਚ ਲਿਜਾਇਆ ਗਿਆ, ਪਰ ਹਾਲਤ ਜ਼ਿਆਦਾ ਗੰਭੀਰ ਹੁੰਦੀ ਦੇਖ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਗਲੋਬਲ ਹਾਰਟ ਹਸਪਤਾਲ ਰੈਫ਼ਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਜਾਨ ਚਲੀ ਗਈ। ਮੂਲ ਰੂਪ ਵਿੱਚ ਫਿਰੋਜ਼ਪੁਰ ਦੇ ਪਿੰਡ ਨੂਰਪੁਰ ਮਾਛੀਵਾੜਾ ਦਾ ਰਹਿਣ ਵਾਲਾ ਰਾਜੂ ਮੁੱਢਲੀ ਜਾਂਚ ਅਨੁਸਾਰ ਦਿਲ ਦੇ ਦੌਰੇ (ਹਾਰਟ ਅਟੈਕ) ਦਾ ਸ਼ਿਕਾਰ ਹੋਇਆ ਮੰਨਿਆ ਜਾ ਰਿਹਾ ਹੈ, ਹਾਲਾਂਕਿ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗੀ।


ਜ਼ਿਕਰਯੋਗ ਹੈ ਕਿ ਲੰਘੀ 28 ਅਕਤੂਬਰ ਦੀ ਤੜਕੇ ਕਰੀਬ 3:15 ਵਜੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਹਮਲਾਵਰਾਂ ਨੇ ਗੁਰਦੁਆਰਾ ਮੰਜੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਸਿੰਘ ਦੇ ਰਿਹਾਇਸ਼ੀ ਕਮਰੇ ਨੂੰ ਨਿਸ਼ਾਨਾ ਬਣਾ ਕੇ ਅੰਧਾਧੁੰਦ ਗੋਲੀਆਂ ਚਲਾਈਆਂ ਸਨ। ਇੱਕ ਗੋਲੀ ਦਰਵਾਜ਼ੇ ਅਤੇ ਸ਼ੀਸ਼ੇ ਨੂੰ ਚੀਰਦੀ ਹੋਈ ਕਮਰੇ ਦੀ ਕੰਧ 'ਚ ਜਾ ਧੱਸੀ ਸੀ। ਘਟਨਾ ਵੇਲੇ ਬਾਬਾ ਬਲਦੇਵ ਸਿੰਘ ਇਸ਼ਨਾਨ ਘਰ 'ਚ ਹੋਣ ਕਾਰਨ ਬਾਲ-ਬਾਲ ਬਚ ਗਏ ਸਨ।


ਜਾਂਚ ਏਜੰਸੀਆਂ ਅਨੁਸਾਰ ਬਾਬਾ ਬਲਦੇਵ ਸਿੰਘ ਨੂੰ ਵਿਦੇਸ਼ੀ ਇੰਟਰਨੈੱਟ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਮੰਗੀ ਗਈ ਸੀ। ਮੰਗ ਪੂਰੀ ਨਾ ਹੋਣ 'ਤੇ ਹਮਲਾਵਰਾਂ ਨੇ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਰੇਕੀ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਲਗਭਗ 200 ਕਿਲੋਮੀਟਰ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲਣ ਅਤੇ ਸਾਈਬਰ ਸੈੱਲ ਦੀ ਮਦਦ ਨਾਲ ਫਿਰੋਜ਼ਪੁਰ 'ਚ ਛਾਪੇਮਾਰੀ ਕਰਕੇ ਸ਼ੂਟਰ ਰਾਜੂ ਨੂੰ ਕਾਬੂ ਕੀਤਾ ਸੀ।


ਇਸ ਪੂਰੇ ਮਾਮਲੇ ਵਿੱਚ ਪੁਲਿਸ ਨੇ ਗੁਰਦਾਸਪੁਰ ਨਾਲ ਸਬੰਧਤ ਦੋ ਹੋਰ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੋਇਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਹੁਣ ਹਿਰਾਸਤੀ ਮੌਤ ਦੇ ਸਾਰੇ ਕਾਨੂੰਨੀ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.