IMG-LOGO
ਹੋਮ ਪੰਜਾਬ, ਰਾਸ਼ਟਰੀ, ਅਮਿਤ ਸ਼ਾਹ ਦਾ ਚੰਡੀਗੜ੍ਹ ਦੌਰਾ: ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਅਤੇ...

ਅਮਿਤ ਸ਼ਾਹ ਦਾ ਚੰਡੀਗੜ੍ਹ ਦੌਰਾ: ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਅਤੇ ਚੰਡੀਗੜ੍ਹ ਪੁਲਿਸ ਦਾ 60ਵਾਂ ਸਥਾਪਨਾ ਦਿਵਸ ਸਮਾਰੋਹ

Admin User - Nov 01, 2026 10:17 AM
IMG

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਚੰਡੀਗੜ੍ਹ ਦੌਰੇ ਦੌਰਾਨ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੇ ਹਨ। ਸ਼ਨੀਵਾਰ ਸ਼ਾਮ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰੇ ਦੌਰਾਨ ਸ਼ਹਿਰ ਨੂੰ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਵੱਡੀ ਸੌਗਾਤ ਮਿਲ ਰਹੀ ਹੈ।


ਚੰਡੀਗੜ੍ਹ ਪੁਲਿਸ ਦਾ 60ਵਾਂ ਸਥਾਪਨਾ ਦਿਵਸ

ਅੱਜ ਸੈਕਟਰ-26 ਸਥਿਤ ਪੁਲਿਸ ਲਾਈਨ ਵਿਖੇ ਚੰਡੀਗੜ੍ਹ ਪੁਲਿਸ ਦਾ 60ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਪਰੇਡ ਦਾ ਜਾਇਜ਼ਾ ਲੈਂਦਿਆਂ ਮਾਰਚ ਪਾਸਟ ਦੀ ਸਲਾਮੀ ਲਈ ਅਤੇ ਚੰਡੀਗੜ੍ਹ ਪੁਲਿਸ ਨੂੰ ਮਾਣਯੋਗ ਰਾਸ਼ਟਰਪਤੀ ਵੱਲੋਂ ਪ੍ਰਵਾਨਿਤ ‘ਪ੍ਰੈਜ਼ੀਡੈਂਟਸ ਪੁਲਿਸ ਕਲਰ’ ਨਾਲ ਸਨਮਾਨਿਤ ਕੀਤਾ।


ਪੁਲਿਸ ਬੇੜੇ ਨੂੰ ਹੋਰ ਮਜ਼ਬੂਤ ਅਤੇ ਆਧੁਨਿਕ ਬਣਾਉਣ ਦੇ ਮਕਸਦ ਨਾਲ, ਇਸ ਮੌਕੇ 141 ਨਵੇਂ ਵਾਹਨਾਂ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।


ਤਿਰੰਗਾ ਪਾਰਕ ਵਿਖੇ ਜਨ ਸਭਾ

ਪੁਲਿਸ ਲਾਈਨ ਦੇ ਪ੍ਰੋਗਰਾਮ ਤੋਂ ਬਾਅਦ, ਦੁਪਹਿਰ 2 ਵਜੇ ਸੈਕਟਰ-17 ਸਥਿਤ ਤਿਰੰਗਾ ਪਾਰਕ ਵਿਖੇ ਇੱਕ ਵਿਸ਼ਾਲ ਜਨ ਸਭਾ ਦਾ ਆਯੋਜਨ ਕੀਤਾ ਗਿਆ ਹੈ, ਜਿੱਥੇ ਗ੍ਰਹਿ ਮੰਤਰੀ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸਮੇਤ ਕਈ ਉੱਚ ਅਧਿਕਾਰੀ ਅਤੇ ਮੋਹਤਬਰ ਸ਼ਖ਼ਸੀਅਤਾਂ ਮੰਚ ‘ਤੇ ਮੌਜੂਦ ਰਹਿਣਗੀਆਂ। ਇਸ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋ ਜਾਣਗੇ।


ਗ੍ਰਹਿ ਮੰਤਰੀ ਦੇ ਇਸ ਦੌਰੇ ਦੌਰਾਨ ਚੰਡੀਗੜ੍ਹ ਵਿੱਚ ਕੁੱਲ 258 ਕਰੋੜ ਰੁਪਏ ਦੀ ਲਾਗਤ ਵਾਲੇ 9 ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 2 ਪ੍ਰੋਜੈਕਟਾਂ ਦਾ ਉਦਘਾਟਨ ਅਤੇ 7 ਦਾ ਨੀਂਹ ਪੱਥਰ ਰੱਖਿਆ ਜਾਵੇਗਾ।


1. ਉਦਘਾਟਨ ਕੀਤੇ ਜਾਣ ਵਾਲੇ ਪ੍ਰੋਜੈਕਟ (ਕੁੱਲ ਲਾਗਤ: ₹80 ਕਰੋੜ)

ਸਰਕਾਰੀ ਹਾਈ ਸਕੂਲ, ਸਾਰੰਗਪੁਰ: ₹12 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਨਵਾਂ ਸਕੂਲ।


ਸੀ.ਟੀ.ਯੂ. ਬੱਸ ਡਿਪੂ, ਰਾਏਪੁਰ ਕਲਾਂ: ₹68 ਕਰੋੜ ਦੀ ਲਾਗਤ ਨਾਲ ਬਣਿਆ ਆਧੁਨਿਕ ਬੱਸ ਡਿਪੂ।


2. ਨੀਂਹ ਪੱਥਰ ਰੱਖੇ ਜਾਣ ਵਾਲੇ ਪ੍ਰੋਜੈਕਟ (ਕੁੱਲ ਲਾਗਤ: ₹178 ਕਰੋੜ)

ਧਨਾਸ ਵਿਖੇ ਸੀ.ਏ.ਪੀ.ਐੱਫ. ਰਿਹਾਇਸ਼: ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਲਈ ₹84 ਕਰੋੜ ਦੀ ਲਾਗਤ ਨਾਲ 192 ਟਾਈਪ-3 ਮਕਾਨਾਂ ਦੀ ਉਸਾਰੀ।


ਸੈਕਟਰ-49 ਪੁਲਿਸ ਸਟੇਸ਼ਨ: ਨਵੇਂ ਥਾਣੇ ਦੇ ਨਿਰਮਾਣ ਲਈ ₹21 ਕਰੋੜ।


ਸੈਕਟਰ-7 ਸਪੋਰਟਸ ਕੰਪਲੈਕਸ: ਸਪੋਰਟਸ ਕੰਪਲੈਕਸ ਨੂੰ ਅਪਗ੍ਰੇਡ ਕਰਨ ਵਾਸਤੇ ₹20 ਕਰੋੜ।


ਸ਼ਹਿਰ ਦੇ ਪ੍ਰਵੇਸ਼ ਮਾਰਗਾਂ ‘ਤੇ ਸੁਰੱਖਿਆ ਚੌਕੀਆਂ: ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰਨ ਲਈ 15 ਨਵੀਆਂ ਚੌਕੀਆਂ (₹5 ਕਰੋੜ)।


ਸੀ.ਸੀ.ਈ.ਟੀ. ਸੈਕਟਰ-26: ਬੁਆਏਜ਼ ਹੋਸਟਲ ਦਾ ਨਿਰਮਾਣ (₹25 ਕਰੋੜ)।


ਪੀ.ਜੀ.ਜੀ.ਸੀ. ਸੈਕਟਰ-46: ਜਿਮਨੇਜ਼ੀਅਮ ਹਾਲ ਦੀ ਉਸਾਰੀ (₹11 ਕਰੋੜ)।


ਪੀ.ਜੀ.ਆਈ. - ਪੰਜਾਬ ਯੂਨੀਵਰਸਿਟੀ ਪੈਦਲ ਸਬਵੇਅ: ₹12 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਸਬਵੇਅ।


ਸੁਰੱਖਿਆ ਦੇ ਸਖ਼ਤ ਪ੍ਰਬੰਧ

ਕੇਂਦਰੀ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਦੇ ਮੁੱਖ ਮਾਰਗਾਂ ਅਤੇ ਸਮਾਰੋਹ ਵਾਲੀਆਂ ਥਾਵਾਂ ‘ਤੇ ਭਾਰੀ ਪੁਲਿਸ ਫ਼ੋਰਸ ਤਾਇਨਾਤ ਹੈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਹਰ ਗਤੀਵਿਧੀ ‘ਤੇ ਪੂਰੀ ਤਿੱਖੀ ਨਿਗਰਾਨੀ ਰੱਖੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.