IMG-LOGO
ਹੋਮ ਪੰਜਾਬ: ਮਾਨਸਾ ਦੇ SSP ਵੈਭਵ ਚੌਧਰੀ ਖ਼ਿਲਾਫ਼ ਸਦਨ ਦੀ ਮਾਣਹਾਨੀ ਦੀ...

ਮਾਨਸਾ ਦੇ SSP ਵੈਭਵ ਚੌਧਰੀ ਖ਼ਿਲਾਫ਼ ਸਦਨ ਦੀ ਮਾਣਹਾਨੀ ਦੀ ਕਾਰਵਾਈ ਦੀ ਮੰਗ, ਹਰਸਿਮਰਤ ਬਾਦਲ ਨੇ ਲੋਕ ਸਭਾ ਸਪੀਕਰ ਨੂੰ ਲਿਖਿਆ ਪੱਤਰ

Admin User - Oct 31, 2026 09:20 PM
IMG

ਸ਼੍ਰੋਮਣੀ ਅਕਾਲੀ ਦਲ (SAD) ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਦੇ SSP ਵੈਭਵ ਚੌਧਰੀ ਖ਼ਿਲਾਫ਼ ਸਦਨ ਦੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿੜਲਾ ਨੂੰ ਪੱਤਰ ਲਿਖ ਕੇ ਅਧਿਕਾਰੀ ਵਿਰੁੱਧ ਕਾਰਵਾਈ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ SSP ਨੇ ਇੱਕ ਸੰਸਦ ਮੈਂਬਰ ਵਜੋਂ ਉਨ੍ਹਾਂ ਦੇ ਫਰਜ਼ ਨਿਭਾਉਣ ਵਿੱਚ ਰੁਕਾਵਟ ਪੈਦਾ ਕੀਤੀ ਹੈ।

ਨਿਯਮ 223 ਤਹਿਤ ਦਿੱਤੇ ਨੋਟਿਸ ਵਿੱਚ ਹਰਸਿਮਰਤ ਕੌਰ ਬਾਦਲ ਨੇ ਮੰਗ ਕੀਤੀ ਕਿ ਇਸ ਮਾਮਲੇ ਨੂੰ ਸਦਨ ਦੀ ਮਰਿਆਦਾ ਅਤੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਵਜੋਂ ਵਿਚਾਰਿਆ ਜਾਵੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਪੂਰੀ ਰਿਪੋਰਟ ਮੰਗਵਾਉਣ ਦੇ ਨਾਲ-ਨਾਲ ਸਬੰਧਤ FIR, ਪੋਸਟਮਾਰਟਮ ਰਿਪੋਰਟ ਅਤੇ ਹੋਰ ਪੁਲਿਸ ਰਿਕਾਰਡ ਤਲਬ ਕਰਨ ਦੀ ਵੀ ਅਪੀਲ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਬਾਰੇ ਜਾਣਕਾਰੀ ਮੰਗਣ ਦੀ ਗੱਲ ਵੀ ਕਹੀ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਮਾਨਸਾ ਪੁਲਿਸ ਹਿਰਾਸਤ ਵਿੱਚ ਲੈ ਗਈ ਸੀ।

ਹਰਸਿਮਰਤ ਕੌਰ ਬਾਦਲ ਨੇ 29 ਅਕਤੂਬਰ ਨੂੰ SSP ਵੈਭਵ ਚੌਧਰੀ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਧਿਕਾਰੀ ਨੇ ਗੱਲਬਾਤ ਦੌਰਾਨ ਵਾਰ-ਵਾਰ ਉਨ੍ਹਾਂ ਦੀ ਗੱਲ ਵਿਚ ਦਖ਼ਲ ਦਿੱਤਾ ਅਤੇ ਉਨ੍ਹਾਂ 'ਤੇ ਗਲਤ ਬਿਰਤਾਂਤ ਪੇਸ਼ ਕਰਨ ਤੇ ਗੁੰਮਰਾਹ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਅਨੁਸਾਰ, SSP ਨੇ ਕਿਹਾ ਸੀ ਕਿ ਪੁਲਿਸ ਨੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਦਲਜੀਤ ਸਿੰਘ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲਈ ਸੀ। ਅਧਿਕਾਰੀ ਨੇ ਇਹ ਵੀ ਦੱਸਿਆ ਸੀ ਕਿ ਮ੍ਰਿਤਕ ਦੇਹ AIIMS ਬਠਿੰਡਾ ਵਿਖੇ ਰੱਖੀ ਗਈ ਹੈ ਅਤੇ ਪਰਿਵਾਰ ਆਪਣੀ ਮਰਜ਼ੀ ਨਾਲ ਇਸ ਨੂੰ ਲੈ ਜਾ ਸਕਦਾ ਹੈ।

ਸੰਸਦ ਮੈਂਬਰ ਨੇ ਦੋਸ਼ ਲਗਾਇਆ ਕਿ SSP ਕੋਲ ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਅਧਿਕਾਰੀ ਨੇ ਇਸ ਮਾਮਲੇ ਵਿੱਚ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਉਣ ਦੀ ਸਲਾਹ ਦਿੱਤੀ, ਜਦਕਿ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਲਿਜਾਣ ਦੇ ਸਵਾਲ ਦਾ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦਲਜੀਤ ਸਿੰਘ ਦੀ ਮੌਤ ਨਸ਼ਿਆਂ ਕਾਰਨ ਹੋਈ ਸੀ ਅਤੇ ਉਹ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਪੀੜਤ ਪਰਿਵਾਰ ਨੇ ਵਿਰੋਧ ਪ੍ਰਗਟਾਇਆ ਅਤੇ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਮਾਨਸਾ ਵਿਖੇ ਧਰਨੇ ਵਾਲੀ ਥਾਂ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਕਥਿਤ ਤੌਰ 'ਤੇ ਜ਼ਬਰਦਸਤੀ ਕੀਤੀ। ਉਨ੍ਹਾਂ ਮੁਤਾਬਕ ਪੁਲਿਸ ਨੇ ਪਰਿਵਾਰ ਕੋਲੋਂ ਮ੍ਰਿਤਕ ਦੇਹ ਲੈਣ ਦੇ ਨਾਲ-ਨਾਲ ਜਰਨੈਲ ਸਿੰਘ ਨੂੰ ਵੀ ਆਪਣੇ ਨਾਲ ਲੈ ਗਈ।

ਅੰਤ ਵਿੱਚ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਸਪੀਕਰ ਨੂੰ ਅਪੀਲ ਕੀਤੀ ਕਿ SSP ਵੈਭਵ ਚੌਧਰੀ ਖ਼ਿਲਾਫ਼ ਸਦਨ ਦੀ ਮਾਣਹਾਨੀ ਅਤੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਸਬੰਧੀ ਕਾਰਵਾਈ ਨੂੰ ਮਨਜ਼ੂਰੀ ਦਿੱਤੀ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.