ਤਾਜਾ ਖਬਰਾਂ
ਜਲੰਧਰ, 26 ਅਕਤੂਬਰ : ਭਾਰਤੀ ਹਾਕੀ ਦੇ ਮਹਾਨ ਖਿਡਾਰੀ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਿਆਂ ਸੋਮਵਾਰ ਨੂੰ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਮਹਾਨ ਓਲੰਪੀਅਨ ਸੁਰਜੀਤ ਸਿੰਘ ਦੇ ਕਾਂਸੀ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ।ਬੁੱਤ ਦੇ ਉਦਘਾਟਨ ਦੀ ਰਸਮ ਪੁਰਸ਼ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਪੂਰਵ ਸੰਧਿਆ 'ਤੇ ਪੰਜਾਬ ਹਾਕੀ ਪ੍ਰਧਾਨ ਨਿਤਿਨ ਕੋਹਲੀ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਅਤੇ ਬਲਜੀਤ ਸਿੰਘ ਢਿਲੋਂ, ਅੰਤਰਰਾਸ਼ਟਰੀ ਹਾਕੀ ਖਿਡਾਰੀ ਜਗਦੀਪ ਸਿੰਘੌ ਗਿੱਲ ਅਤੇ ਫਿਜ਼ੀਕਲ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਡਾ.ਹਰਮਨਪ੍ਰੀਤ ਕੌਰ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ।
ਉਨ੍ਹਾਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਬੁੱਤ ਨੌਜਵਾਨ ਉਭਰਦੇ ਖਿਡਾਰੀਆਂ ਲਈ ਪ੍ਰੇਰਨਾ ਦਾ ਸਦੀਵੀ ਸਰੋਤ ਬਣੇਗਾ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਇਕ ਪ੍ਰਭਾਲਸ਼ਾਲੀ ਢਾਲ ਦੱਸਦਿਆਂ ਉਨ੍ਹਾਂ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸੂਬੇ ਦੀ ਪੁਰਾਤਨ ਖੇਡ ਦੀ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦੀ ਦੂਰ ਅੰਦੇਸ਼ੀ ਸੋਚ ’ਤੇ ਚਾਨਣਾ ਪਾਇਆ। ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੀ ਪਹਿਲਕਦਮੀ ਅਤੇ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇਹ ਸਟੇਡੀਅਮ ਮਹਾਨ ਓਲੰਪੀਅਨ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਹੁਣ ਰਾਜ ਸਰਕਾਰ ਵਲੋਂ ਅੰਤਰਰਾਸ਼ਟਰੀ ਮਿਆਰਾਂ ਦਾ ਬਣਾਉਣ ਲਈ ਕਰੋੜਾਂ ਰੁਪਏ ਖ਼ਰਚ ਕੇ ਸਟੇਡੀਅਮ ਦਾ ਨਵੀਨੀਕਰਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਵਿਸ਼ਵ ਹਾਕੀ ਦੇ ਸਭ ਤੋਂ ਵਧੀਆ ਖਿਡਾਰੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਅਸਾਧਾਰਨ ਰੱਖਿਆਤਮਕ ਹੁਨਰ ਲਈ ਜਾਣਿਆ ਜਾਂਦਾ ਹੈ। ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਥੰਮ ਵਜੋਂ ਉਨ੍ਹਾਂ ਨੇ 1976 ਵਿੱਚ ਮਾਂਟਰੀਅਲ ਓਲੰਪਿਕਸ, ਦੋ ਵਰਲਡ ਕੱਪ ਅਤੇ 1974 ਤੇ 1978 ਦੀਆਂ ਏਸ਼ੀਅਨ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਦੀ ਹਰਮਨਪਿਆਰਾ 1975 ਵਿੱਚ ਹੋਰ ਵੱਧ ਗਈ ਜਦੋਂ ਉਨ੍ਹਾਂ ਨੇ ਕੁਆਲਾਲੰਪੁਰ ਵਿੱਚ ਭਾਰਤ ਨੂੰ ਇਤਿਹਾਸਕ ਵਿਸ਼ਵ ਕੱਪ ਜਿੱਤ ਦਿਵਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਵੱਕਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਉਨ੍ਹਾਂ ਦੀ ਵਿਰਾਸਤ ਭਾਰਤੀ ਹਾਕੀ ਨੂੰ ਹਮੇਸ਼ਾ ਤਰਾਸ਼ਦੀ ਰਹੇਗੀ।
Get all latest content delivered to your email a few times a month.