ਤਾਜਾ ਖਬਰਾਂ
ਪੰਜਾਬ ਦੇ ਕਈ ਹਿੱਸਿਆਂ ਵਿੱਚ ਦੇਰ ਰਾਤ ਹੋਈ ਅਚਾਨਕ ਬੇ-ਮੌਸਮੀ ਭਾਰੀ ਬਾਰਿਸ਼, ਤੇਜ਼ ਹਵਾਵਾਂ ਅਤੇ ਗੜੇਮਾਰੀ ਨੇ ਸੂਬੇ ਦੇ ਅੰਨਦਾਤੇ ਦੀਆਂ ਚਿੰਤਾਵਾਂ ਵਿੱਚ ਵਾਧਾ ਕਰ ਦਿੱਤਾ ਹੈ। ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਝੋਨੇ ਅਤੇ ਨਰਮੇ ਦੀ ਫ਼ਸਲ ਨੂੰ ਇਸ ਕੁਦਰਤੀ ਆਫ਼ਤ ਨਾਲ ਭਾਰੀ ਨੁਕਸਾਨ ਪੁੱਜਣ ਦਾ ਖ਼ਦਸ਼ਾ ਹੈ।
ਵੱਖ-ਵੱਖ ਜ਼ਿਲ੍ਹਿਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਤੇਜ਼ ਝੱਖੜ ਕਾਰਨ ਪੱਕ ਚੁੱਕੀ ਝੋਨੇ ਦੀ ਫ਼ਸਲ ਧਰਤੀ 'ਤੇ ਵਿਛ ਗਈ ਹੈ। ਕਿਸਾਨਾਂ ਅਨੁਸਾਰ ਫ਼ਸਲ ਡਿੱਗਣ ਨਾਲ ਜਿੱਥੇ ਇਸ ਦੇ ਝਾੜ 'ਤੇ ਬੁਰਾ ਅਸਰ ਪਵੇਗਾ, ਉੱਥੇ ਹੀ ਦਾਣਿਆਂ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ ਨਰਮੇ ਤੇ ਕਪਾਹ ਦੀ ਚੁਗਾਈ ਲਈ ਤਿਆਰ ਫ਼ਸਲ ਸਿੱਕਰੀਆਂ ਤੋਂ ਝੜ ਕੇ ਹੇਠਾਂ ਡਿੱਗਣ ਕਾਰਨ ਖ਼ਰਾਬ ਹੋਣ ਦਾ ਡਰ ਬਣ ਗਿਆ ਹੈ। ਖੇਤਾਂ ਵਿੱਚ ਪਾਣੀ ਭਰਨ ਕਾਰਨ ਝੋਨੇ ਦੀ ਬਾਕੀ ਰਹਿੰਦੀ ਕਟਾਈ ਵੀ ਲੇਟ ਹੋਣ ਦੀ ਸੰਭਾਵਨਾ ਹੈ।
ਮਾਨਸਾ ਅਤੇ ਹੋਰ ਖੇਤਰਾਂ ਦੀਆਂ ਮੰਡੀਆਂ ਵਿੱਚ ਝੋਨਾ ਲੈ ਕੇ ਪਹੁੰਚ ਰਹੇ ਕਿਸਾਨਾਂ ਲਈ ਹਵਾ ਵਿੱਚ ਵਧੀ ਸਲਾਭ ਵੱਡੀ ਮੁਸੀਬਤ ਬਣ ਗਈ ਹੈ। ਨਮੀ ਦੀ ਮਾਤਰਾ ਵਧਣ ਕਾਰਨ ਖਰੀਦਦਾਰ ਫ਼ਸਲ ਚੁੱਕਣ ਤੋਂ ਝਿਜਕ ਰਹੇ ਹਨ। ਅਚਾਨਕ ਹੋਈ ਗੜੇਮਾਰੀ ਕਾਰਨ ਹੋਏ ਨੁਕਸਾਨ ਦਾ ਅਸਲ ਮੁਲਾਂਕਣ ਪ੍ਰਸ਼ਾਸਨਿਕ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਅਬੋਹਰ ਦੀ ਅਨਾਜ ਮੰਡੀ ਵਿੱਚ ਬਾਰਿਸ਼ ਨੇ ਸਰਕਾਰੀ ਖਰੀਦ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਲਿਫਟਿੰਗ ਨਾ ਹੋਣ ਕਾਰਨ ਝੋਨੇ ਦੇ ਅੰਬਾਰ ਲੱਗੇ ਹੋਏ ਸਨ, ਜੋ ਹੁਣ ਪਾਣੀ ਵਿੱਚ ਡੁੱਬ ਗਏ ਹਨ। ਕਿਸਾਨਾਂ ਨੇ ਦੋਸ਼ ਲਾਇਆ ਕਿ ਮੰਡੀ ਵਿੱਚ ਸੁੱਕੀ ਫ਼ਸਲ ਲਿਆਉਣ ਦੇ ਬਾਵਜੂਦ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਉਨ੍ਹਾਂ ਦਾ ਝੋਨਾ ਭਿੱਜ ਗਿਆ ਅਤੇ ਹੁਣ ਕਾਟ ਕੱਟੀ ਜਾ ਰਹੀ ਹੈ।
ਸਥਿਤੀ ਨੂੰ ਵੇਖਦਿਆਂ 'ਆੜ੍ਹਤੀਆ ਐਸੋਸੀਏਸ਼ਨ' ਨੇ ਐਮਰਜੈਂਸੀ ਮੀਟਿੰਗ ਕਰਕੇ ਮੰਡੀ ਨੂੰ 2 ਦਿਨਾਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਕਿਸਾਨਾਂ ਨੂੰ ਫਿਲਹਾਲ ਫ਼ਸਲ ਨਾ ਲਿਆਉਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ, ਮਾਰਕੀਟ ਕਮੇਟੀ ਅਬੋਹਰ ਦੇ ਚੇਅਰਮੈਨ ਰਾਜਿੰਦਰ ਕੁਮਾਰ ਨੇ ਸਪੱਸ਼ਟ ਕੀਤਾ ਕਿ ਲਿਫਟਿੰਗ ਦੀ ਸਮੱਸਿਆ ਕਾਰਨ ਇਹ ਸਥਿਤੀ ਬਣੀ ਹੈ, ਪਰ ਮਾਰਕੀਟ ਕਮੇਟੀ ਦਾ ਕੰਮਕਾਜ ਜਾਰੀ ਰਹੇਗਾ।
ਬਾਰਿਸ਼ ਅਤੇ ਗੜੇਮਾਰੀ ਦਾ ਅਸਰ ਸਿਆਸੀ ਤੇ ਸਮਾਜਿਕ ਗਤੀਵਿਧੀਆਂ 'ਤੇ ਵੀ ਦੇਖਣ ਨੂੰ ਮਿਲਿਆ। ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਵਾਲੀ ਥਾਂ 'ਤੇ ਟੈਂਟ ਉੱਡਣ ਅਤੇ ਪਾਣੀ ਭਰਨ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਹੁਣ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਮੰਡੀਆਂ ਅਤੇ ਖੇਤਾਂ ਵਿੱਚ ਹੋਏ ਇਸ ਭਾਰੀ ਨੁਕਸਾਨ ਦੀ ਭਰਪਾਈ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀ ਰਾਹਤ ਕਦਮ ਚੁੱਕੇ ਜਾਂਦੇ ਹਨ।
Get all latest content delivered to your email a few times a month.