ਤਾਜਾ ਖਬਰਾਂ
ਜਲੰਧਰ ਵਿੱਚ ਪਹਿਲੀ ਵਾਰ ਹੋਣ ਜਾ ਰਹੀ ਹੀਰੋ ਪੁਰਸ਼ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਨੂੰ ਲੈ ਕੇ ਖੇਡ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ ਅਭਿਆਸ ਲਈ ਪਹੁੰਚੀਆਂ ਬੰਗਲਾਦੇਸ਼, ਜਾਪਾਨ, ਚੀਨ ਅਤੇ ਮਲੇਸ਼ੀਆ ਦੀਆਂ ਟੀਮਾਂ ਦਾ ਪੰਜਾਬੀ ਰਵਾਇਤਾਂ ਅਨੁਸਾਰ ਢੋਲ ਦੀਆਂ ਗੂੰਜਦੀਆਂ ਤਾਲਾਂ ਅਤੇ ਭੰਗੜੇ ਨਾਲ ਨਿੱਘਾ ਸਵਾਗਤ ਕੀਤਾ ਗਿਆ। ਸਥਾਨਕ ਖੇਡ ਪ੍ਰੇਮੀਆਂ ਅਤੇ ਨੌਜਵਾਨ ਹਾਕੀ ਖਿਡਾਰੀਆਂ ਨੇ ਤਾੜੀਆਂ ਮਾਰ ਕੇ ਕੌਮਾਂਤਰੀ ਖਿਡਾਰੀਆਂ ਦਾ ਹੌਸਲਾ ਵਧਾਇਆ।
ਪੰਜਾਬ ਲਈ ਇਹ ਟੂਰਨਾਮੈਂਟ ਖੇਡ ਇਤਿਹਾਸ ਵਿੱਚ ਇੱਕ ਅਹਿਮ ਉਪਲਬਧੀ ਹੈ, ਕਿਉਂਕਿ ਸੂਬਾ ਪਹਿਲੀ ਵਾਰ ਇਸ ਵੱਕਾਰੀ ਕੌਮਾਂਤਰੀ ਹਾਕੀ ਮੁਕਾਬਲੇ ਦੀ ਮੇਜ਼ਬਾਨੀ ਕਰ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਦੀ ਰਿਹਾਇਸ਼, ਪਰਾਹੁਣਚਾਰੀ, ਖੇਡ ਸਹੂਲਤਾਂ ਅਤੇ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਭਾਰਤ ਸਮੇਤ ਛੇ ਦੇਸ਼ਾਂ ਦੀਆਂ ਟੀਮਾਂ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੀਆਂ।
ਟੂਰਨਾਮੈਂਟ ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧਰ ਵਿਖੇ ਉਦਘਾਟਨੀ ਸਮਾਰੋਹ ਨਾਲ ਹੋਵੇਗੀ। ਪਹਿਲੇ ਦਿਨ ਮਲੇਸ਼ੀਆ ਅਤੇ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਵਿਚਾਲੇ ਮੁਕਾਬਲੇ ਹੋਣਗੇ, ਜਦਕਿ ਮੇਜ਼ਬਾਨ ਭਾਰਤ ਦੀ ਟੀਮ ਬੰਗਲਾਦੇਸ਼ ਨਾਲ ਭਿੜੇਗੀ। ਜਲੰਧਰ ਵਿੱਚ ਪੂਲ ਗੇੜ ਦੇ ਮੈਚ 29 ਅਤੇ 30 ਅਕਤੂਬਰ ਤੋਂ ਇਲਾਵਾ 1 ਅਤੇ 2 ਨਵੰਬਰ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ ਮੁਕਾਬਲੇ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਪਹੁੰਚਣਗੇ, ਜਿੱਥੇ 4 ਨਵੰਬਰ ਨੂੰ ਸੈਮੀਫਾਈਨਲ ਅਤੇ 5 ਨਵੰਬਰ ਨੂੰ ਫਾਈਨਲ ਮੁਕਾਬਲਾ ਹੋਵੇਗਾ।
Get all latest content delivered to your email a few times a month.