IMG-LOGO
ਹੋਮ ਪੰਜਾਬ, ਚੰਡੀਗੜ੍ਹ, ਸੈਕਟਰ-22 ਗੋਲੀਬਾਰੀ ਮਾਮਲਾ: ਪੁਲਿਸ ਨਾਲ ਮੁਠਭੇੜ 'ਚ ਇੱਕ ਮੁਲਜ਼ਮ ਕਾਬੂ,...

ਸੈਕਟਰ-22 ਗੋਲੀਬਾਰੀ ਮਾਮਲਾ: ਪੁਲਿਸ ਨਾਲ ਮੁਠਭੇੜ 'ਚ ਇੱਕ ਮੁਲਜ਼ਮ ਕਾਬੂ, ਗੈਂਗਸਟਰ ਲੱਕੀ ਪਟਿਆਲ ਦਾ ਨਾਮ ਆਇਆ ਸਾਹਮਣੇ

Admin User - Oct 24, 2026 11:01 AM
IMG

ਚੰਡੀਗੜ੍ਹ ਵਿੱਚ ਕੁਝ ਦਿਨ ਪਹਿਲਾਂ ਹੋਏ 17 ਸਾਲਾ ਨੈਤਿਕ ਦੇ ਕਤਲ ਕਾਂਡ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਸੈਕਟਰ-50 ਦੇ ਜੰਗਲ ਵਿੱਚ ਪੁਲਿਸ ਦੇ ਆਪਰੇਸ਼ਨ ਸੈੱਲ ਅਤੇ ਮੁਲਜ਼ਮਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਇੱਕ ਸ਼ੱਕੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਇਸ ਸਾਰੀ ਕਾਰਵਾਈ ਦੀ ਅਗਵਾਈ ਇੰਸਪੈਕਟਰ ਸੇਖੋਂ ਵੱਲੋਂ ਕੀਤੀ ਗਈ ਹੈ।


ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਇਸ ਕਤਲ ਨੂੰ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ। ਸੂਤਰਾਂ ਮੁਤਾਬਕ ਇਸ ਘਾਤਕ ਸਾਜ਼ਿਸ਼ ਪਿੱਛੇ ਬੰਬੀਹਾ ਗੈਂਗ ਦੇ ਗੈਂਗਸਟਰ ਲੱਕੀ ਪਟਿਆਲ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ, ਜਿਸ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।


ਦਰਅਸਲ, ਇਹ ਸਾਰੀ ਘਟਨਾ ਪੁਰਾਣੀ ਰੰਜਿਸ਼ ਦਾ ਨਤੀਜਾ ਸੀ। ਸੈਕਟਰ-22 ਵਿੱਚ ਵਾਪਰੇ ਇਸ ਕਤਲ ਮੌਕੇ ਇੱਕ ਨਾਬਾਲਗ ਮੁਲਜ਼ਮ ਨੇ ਬਾਈਕ 'ਤੇ ਆ ਕੇ ਨੈਤਿਕ ਦੇ ਆਟੋ ਦਾ ਪਿੱਛਾ ਕੀਤਾ ਅਤੇ ਉਸ 'ਤੇ ਤਿੰਨ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਨੈਤਿਕ ਦੀ ਛਾਤੀ ਵਿੱਚ ਗੋਲੀ ਲੱਗੀ ਜਦੋਂ ਕਿ ਆਟੋ ਚਾਲਕ ਸਿਕੰਦਰ ਪਾਸਵਾਨ ਵੀ ਜ਼ਖ਼ਮੀ ਹੋ ਗਿਆ, ਜਿਸ ਦਾ ਇਲਾਜ ਜੀ.ਐੱਮ.ਐੱਸ.ਐੱਚ.-16 ਹਸਪਤਾਲ ਵਿੱਚ ਚੱਲ ਰਿਹਾ ਹੈ।


ਮ੍ਰਿਤਕ ਨੈਤਿਕ ਸੈਕਟਰ-32 ਦੇ ਐੱਸ.ਡੀ. ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਪਹਿਲਾਂ ਸੇਂਟ ਜੋਸਫ਼ ਸਕੂਲ ਵਿੱਚ ਪੜ੍ਹਦਾ ਸੀ। ਪੁਲਿਸ ਮੁਤਾਬਕ ਪੁਰਾਣੇ ਸਕੂਲ ਵਿੱਚ ਪੜ੍ਹਦਿਆਂ ਉਸਦੀ ਮੁਲਜ਼ਮ ਨਾਲ ਕਿਸੇ ਗੱਲੋਂ ਤਕਰਾਰ ਹੋ ਗਈ ਸੀ। ਵਿਵਾਦ ਇੰਨਾ ਵਧ ਗਿਆ ਸੀ ਕਿ ਦੋਵੇਂ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਇੱਕ-ਦੂਜੇ ਨੂੰ ਘੇਰਦੇ ਸਨ, ਜਿਸ ਤੋਂ ਬਾਅਦ ਪਰਿਵਾਰ ਨੇ ਨੈਤਿਕ ਦਾ ਸਕੂਲ ਵੀ ਬਦਲ ਦਿੱਤਾ ਸੀ।


ਪਰ ਰੰਜਿਸ਼ ਖ਼ਤਮ ਨਹੀਂ ਹੋਈ। ਘਟਨਾ ਵਾਲੇ ਦਿਨ ਤੋਂ ਪਹਿਲਾਂ ਨੈਤਿਕ ਅਤੇ ਉਸਦੇ ਦੋਸਤ ਨੇ ਸੈਕਟਰ-34 ਵਿੱਚ ਦੋਸ਼ੀਆਂ ਦਾ ਸਾਹਮਣਾ ਕਰਦਿਆਂ ਕਥਿਤ ਤੌਰ 'ਤੇ ਸੌਰਵ ਦੀ ਕੁੱਟਮਾਰ ਕੀਤੀ ਸੀ ਅਤੇ ਇਸਦੀ ਵੀਡੀਓ ਇੰਸਟਾਗ੍ਰਾਮ 'ਤੇ ਵਾਇਰਲ ਕਰ ਦਿੱਤੀ ਸੀ। ਇਸ ਬੇਇੱਜ਼ਤੀ ਦਾ ਬਦਲਾ ਲੈਣ ਲਈ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਹਿਜ਼ ਇੱਕ ਘੰਟੇ ਦੇ ਅੰਦਰ ਹੀ ਨੈਤਿਕ ਦਾ ਪਿੱਛਾ ਕੀਤਾ ਅਤੇ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪੁਲਿਸ ਹੁਣ ਇਸ ਮਾਮਲੇ ਦੇ ਹਰ ਇੱਕ ਪਹਿਲੂ ਨੂੰ ਬਾਰੀਕੀ ਨਾਲ ਖੰਗਲ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.