ਤਾਜਾ ਖਬਰਾਂ
ਸੰਜੀਵ ਜਿੰਦਲ
ਮਾਨਸਾ, 23 ਅਕਤੂਬਰ : ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਬਣੀ ਇਨਸਾਫ਼ ਕਮੇਟੀ / ਐਕਸ਼ਨ ਕਮੇਟੀ ਨੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ।
ਅੱਜ ਸਰਕਾਰ ਦੀ ਤਿੰਨ ਮੈਂਬਰੀ ਕਮੇਟੀ (ਗ੍ਰਹਿ ਸਕੱਤਰ ਅਪਨੀਤ ਰਿਆਤ, ਐਸਐਸਪੀ ਮਾਨਸਾ ਵੈਭਵ ਚੌਧਰੀ) ਵੱਲੋਂ ਪਰਿਵਾਰ ਦੀਆਂ 14 ਮੰਗਾਂ ਸਬੰਧੀ ਲਿਖਤੀ ਜਵਾਬ ਸੌਂਪਣ ਤੋਂ ਬਾਅਦ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ।
ਪ੍ਰੈਸ ਕਾਨਫਰੰਸ ਵਿੱਚ 25 ਅਕਤੂਬਰ ਨੂੰ ਪੰਜਾਬ ਭਰ ਦੇ ਹਰ ਪਿੰਡ ਵਿੱਚ ਝਾੜੂ ਫੂਕਣ ਦਾ ਐਲਾਨ ਕੀਤਾ ਗਿਆ ਹੈ। ਇਹ ਅਪੀਲ ਸ਼ਹੀਦ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਅਤੇ ਕਮੇਟੀ ਆਗੂਆਂ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਹੈ। ਝਾੜੂ ਸੱਤਾਧਾਰੀ ਪਾਰਟੀ ਦਾ ਨਿਸ਼ਾਨ ਹੋਣ ਕਰਕੇ ਇਸ ਨੂੰ ਸਰਕਾਰ ਵਿਰੁੱਧ ਪ੍ਰਤੀਕਾਤਮਕ ਰੋਸ ਵਜੋਂ ਦੇਖਿਆ ਜਾ ਰਿਹਾ ਹੈ।
ਕਮੇਟੀ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ DGP ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ ਦਾ ਨਾ ਤਾਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ।
ਕਮੇਟੀ ਆਗੂਆਂ ਨੇ ਦੋਸ਼ ਲਾਇਆ ਕਿ ਜਦੋਂ ਵੀ ਤਿੰਨ ਮੈਂਬਰੀ ਕਮੇਟੀ ਅੱਗੇ CM-DGP ਦੇ ਅਸਤੀਫੇ ਦੀ ਮੰਗ ਰੱਖੀ ਜਾਂਦੀ ਹੈ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਕਮੇਟੀ ਨੇ ਮੰਗ ਕੀਤੀ ਕਿ ਜੇ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਵਿੱਚ ਨਹੀਂ ਤਾਂ ਸਰਕਾਰ ਉਸ ਅਥਾਰਟੀ ਦੀ ਵੱਖਰੀ ਕਮੇਟੀ ਬਣਾ ਕੇ ਭੇਜੇ।
ਦੱਸਣਯੋਗ ਹੈ ਕਿ ਸਰਕਾਰ ਵੱਲੋਂ 14 ਵਿੱਚੋਂ 12 ਮੰਗਾਂ ਮੰਨਣ ਦੀ ਗੱਲ ਕਹੀ ਗਈ ਹੈ, ਜਿਸ ਵਿੱਚ CBI ਜਾਂਚ ਦਾ ਐਲਾਨ ਅਤੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦਾ ਫਾਰਮਾਸਿਸਟ ਲਾਇਸੰਸ ਰੱਦ ਕਰਨਾ ਸ਼ਾਮਲ ਹੈ।
Get all latest content delivered to your email a few times a month.