ਤਾਜਾ ਖਬਰਾਂ
ਉੱਤਰਾਖੰਡ ਵਿੱਚ ਪੰਜਾਬੀ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਨਾਲ ਸਟੇਜ ‘ਤੇ ਹੋਏ ਕਥਿਤ ਦੁਰਵਿਹਾਰ ਦਾ ਮਾਮਲਾ ਹੁਣ ਬਾਲੀਵੁੱਡ ਅਤੇ ਸੰਗੀਤ ਜਗਤ ਵਿੱਚ ਵੱਡੀ ਬਹਿਸ ਦਾ ਵਿਸ਼ਾ ਬਣ ਗਿਆ ਹੈ। ਇਸ ਵਿਵਾਦ ਤੋਂ ਬਾਅਦ ਜਿੱਥੇ ਪਹਿਲਾਂ ਮੀਕਾ ਸਿੰਘ ਨੇ ਆਪਣੇ ਭਰਾ ਦੇ ਬਚਾਅ ਵਿੱਚ ਆਵਾਜ਼ੁ ਚੁੱਕੀ ਸੀ, ਉੱਥੇ ਹੀ ਹੁਣ ਬਾਲੀਵੁੱਡ ਅਦਾਕਾਰ ਅਨੁਪਮ ਖੇਰ, ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਅਤੇ ਰੈਪਰ ਬਾਦਸ਼ਾਹ ਵੀ ਦਲੇਰ ਮਹਿੰਦੀ ਦੇ ਸਮਰਥਨ ਵਿੱਚ ਖੁੱਲ੍ਹ ਕੇ ਸਾਹਮਣੇ ਆਏ ਹਨ।
ਵਿਦੇਸ਼ ਤੋਂ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਅਦਾਕਾਰ ਅਨੁਪਮ ਖੇਰ ਨੇ ਦਲੇਰ ਮਹਿੰਦੀ ਨਾਲ ਹੋਈ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਦਲੇਰ ਮਹਿੰਦੀ ਨੂੰ ਪਿਛਲੇ 25-30 ਸਾਲਾਂ ਤੋਂ ਜਾਣਦੇ ਹਨ ਅਤੇ ਉਹ ਬੇਹੱਦ ਨੇਕ ਇਨਸਾਨ ਹਨ। ਅਨੁਪਮ ਖੇਰ ਨੇ ਸਪੱਸ਼ਟ ਕੀਤਾ ਕਿ ਗਾਇਕ ਕਦੇ ਸ਼ਰਾਬ ਨਹੀਂ ਪੀਂਦੇ।
ਉਨ੍ਹਾਂ ਖੁਲਾਸਾ ਕੀਤਾ ਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਦਲੇਰ ਮਹਿੰਦੀ ਦੀ ਸਿਹਤ ਠੀਕ ਨਹੀਂ ਚੱਲ ਰਹੀ। ਅਨੁਪਮ ਨੇ ਕਿਹਾ, "ਹੋ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਪੇਸ਼ੇਵਰ ਵਚਨਬੱਧਤਾ (Professional Commitment) ਨੂੰ ਨਿਭਾਉਂਦੇ ਹੋਏ ਸਮਾਗਮ ਵਿੱਚ ਹਿੱਸਾ ਲਿਆ ਹੋਵੇ। ਪਰ ਕਿਸੇ ਵੀ ਕਲਾਕਾਰ ਨਾਲ ਜਨਤਕ ਮੰਚ ‘ਤੇ ਇਸ ਤਰ੍ਹਾਂ ਬਦਤਮੀਜ਼ੀ ਨਾਲ ਗੱਲ ਕਰਨਾ ਅਤੇ ਬਿਨਾਂ ਪੂਰੀ ਸੱਚਾਈ ਜਾਣੇ ਦੋਸ਼ ਲਗਾਉਣਾ ਬਹੁਤ ਗਲਤ ਹੈ।" ਉਨ੍ਹਾਂ ਸੰਗੀਤ ਜਗਤ ਦੇ ਹੋਰਨਾਂ ਕਲਾਕਾਰਾਂ ਨੂੰ ਵੀ ਅਜਿਹੇ ਮੌਕਿਆਂ ‘ਤੇ ਅੱਗੇ ਆਉਣ ਦੀ ਅਪੀਲ ਕੀਤੀ।
ਕਾਮੇਡੀਅਨ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਹਾਲ ਹੀ ਵਿੱਚ ਦਲੇਰ ਮਹਿੰਦੀ ਦੀ ਇੱਕ ਗੰਭੀਰ ਸਰਜਰੀ ਹੋਈ ਸੀ, ਜਿਸ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਹੈ। ਕਪਿਲ ਨੇ ਲਿਖਿਆ ਕਿ ਸਾਨੂੰ ਸਾਰਿਆਂ ਨੂੰ ਦੂਜਿਆਂ ਪ੍ਰਤੀ ਦਿਆਲੂ ਹੋਣ ਦੀ ਲੋੜ ਹੈ ਕਿਉਂਕਿ ਕੋਈ ਨਹੀਂ ਜਾਣਦਾ ਕਿ ਅਗਲਾ ਵਿਅਕਤੀ ਕਿਸ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ।
ਉੱਥੇ ਹੀ, ਮਸ਼ਹੂਰ ਰੈਪਰ ਬਾਦਸ਼ਾਹ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਦਲੇਰ ਮਹਿੰਦੀ ਸੰਗੀਤ ਜਗਤ ਦੇ ਇੱਕ ਮਹਾਨ ਕਲਾਕਾਰ (Legend) ਹਨ। ਉਨ੍ਹਾਂ ਲਿਖਿਆ ਕਿ ਭਾਵੇਂ ਕਿਸੇ ਨੂੰ ਨਿਰਾਸ਼ਾ ਹੋਵੇ, ਪਰ ਜਨਤਕ ਤੌਰ ‘ਤੇ ਅਜਿਹੇ ਸਤਿਕਾਰਯੋਗ ਕਲਾਕਾਰ ਦਾ ਅਪਮਾਨ ਕਰਨਾ ਬੇਹੱਦ ਨਿਰਾਸ਼ਾਜਨਕ ਹੈ। ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਕਲਾਕਾਰ ਹਮੇਸ਼ਾ ਆਦਰ ਅਤੇ ਸਤਿਕਾਰ ਦੇ ਹੱਕਦਾਰ ਹੁੰਦੇ ਹਨ।
Get all latest content delivered to your email a few times a month.